ਅਮਰੀਕਾ ਨੇ ਪੁਤਿਨ ਦੀ ਪ੍ਰੇਮਿਕਾ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਵਾਸ਼ਿੰਗਟਨ: ਅਮਰੀਕਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਥਿਤ ਪ੍ਰੇਮਿਕਾ ਸਣੇ ਰੂਸ ਦੇ ਕੁਝ ਚੋਣਵੇਂ ਵਰਗਾਂ ‘ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਨੇ ਸਾਬਕਾ ਓਲੰਪਿਕ ਜਿਮਨਾਸਟ ਅਤੇ ‘ਸਟੇਟ ਡੂਮਾ’ (ਰੂਸੀ ਸੰਸਦ ਦੇ ਹੇਠਲੇ ਸਦਨ) ਦੀ ਸਾਬਕਾ ਮੈਂਬਰ ਅਲੀਨਾ ਕਾਬਾਏਵਾ ਦਾ ਵੀਜ਼ਾ ਫ੍ਰੀਜ਼ ਕਰ ਦਿੱਤਾ ਹੈ ਅਤੇ ਉਸ ਦੀਆਂ ਜਾਇਦਾਦਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।

ਵਿਭਾਗ ਨੇ ਕਿਹਾ ਕਿ ਕਾਬੇਵਾ ਰੂਸੀ ਮੀਡੀਆ ਕੰਪਨੀ ਦੀ ਮੁਖੀ ਵੀ ਹੈ ਜੋ ਯੂਕਰੇਨ ‘ਤੇ ਰੂਸੀ ਹਮਲੇ ਦਾ ਸਮਰਥਨ ਕਰਦੀ ਹੈ। ਪੁਤਿਨ ਦੇ ਜੇਲ੍ਹ ਵਿੱਚ ਬੰਦ ਆਲੋਚਕ ਅਲੈਕਸੀ ਨਾਵਲਨੀ ਲੰਬੇ ਸਮੇਂ ਤੋਂ ਕਾਬੇਵਾ ਦੇ ਖਿਲਾਫ ਪਾਬੰਦੀਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਬੇਵਾ ਦੀ ਮੀਡੀਆ ਕੰਪਨੀ ਨੇ ਯੂਕਰੇਨ ‘ਤੇ ਰੂਸੀ ਹਮਲੇ ਬਾਰੇ ਪੱਛਮੀ ਟਿੱਪਣੀਆਂ ਨੂੰ ਪ੍ਰਚਾਰ ਮੁਹਿੰਮ ਵਜੋਂ ਪੇਸ਼ ਕਰਨ ਦੀ ਅਗਵਾਈ ਕੀਤੀ ਹੈ।

ਬ੍ਰਿਟੇਨ ਨੇ ਮਈ ਵਿੱਚ ਕਾਬੇਵਾ ਦੇ ਖਿਲਾਫ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਨਾਲ ਹੀ, ਜੂਨ ਵਿੱਚ, ਯੂਰਪੀਅਨ ਯੂਨੀਅਨ ਨੇ ਉਸ ‘ਤੇ ਯਾਤਰਾ ਅਤੇ ਜਾਇਦਾਦ ਪਾਬੰਦੀ ਦਾ ਐਲਾਨ ਕੀਤਾ ਸੀ। ਅਮਰੀਕੀ ਖਜ਼ਾਨੇ ਨੇ ਵਿਟਨਹਰਸਟ ਅਸਟੇਟ ਦੇ ਮਾਲਕ ਐਂਡਰੀ ਗ੍ਰਿਗੋਰੀਵਿਚ ਗੁਰੇਵ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। 25 ਕਮਰਿਆਂ ਵਾਲਾ ਵਿਟਨਹਰਸਟ ਅਸਟੇਟ ਬਕਿੰਘਮ ਪੈਲੇਸ ਤੋਂ ਬਾਅਦ ਲੰਡਨ ਦਾ ਦੂਜਾ ਸਭ ਤੋਂ ਵੱਡਾ ਮਹਿਲ ਹੈ। ਉਸਦੀ 120 ਮਿਲੀਅਨ ਡਾਲਰ ਦੀ ਯਾਟ, ਅਲਫਾ ਨੀਰੋ, ਵੀ ਪਾਬੰਦੀਆਂ ਦੇ ਅਧੀਨ ਹੈ। ਐਂਡਰੀ ਦੇ ਬੇਟੇ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।

ਇਸ ਤੋਂ ਪਹਿਲਾਂ ਅਪ੍ਰੈਲ ‘ਚ ਅਮਰੀਕਾ ਨੇ ਪੁਤਿਨ ਦੀਆਂ ਦੋਵੇਂ ਬੇਟੀਆਂ-ਕੈਟਰੀਨਾ ਵਲਾਦੀਮੀਰੋਵਨਾ ਤਿਖੋਨੋਵਾ ਅਤੇ ਮਾਰੀਆ ਵਲਾਦੀਮੀਰੋਵਨਾ ਵੋਰੋਨਤਸੋਵਾ ‘ਤੇ ਪਾਬੰਦੀਆਂ ਲਗਾਈਆਂ ਸਨ। ਰੂਸੀ ਸਟੀਲ ਨਿਰਮਾਤਾ Publixno Aktsianerno Obschestvo Magnitogorsky Metallurgiceshki Kombinat, ਜਿਸਨੂੰ MMK ਵੀ ਕਿਹਾ ਜਾਂਦਾ ਹੈ, ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਰੂਸੀ ਸੰਘ ਦੇ 893 ਅਧਿਕਾਰੀਆਂ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਰੂਸ ਦੇ ਉੱਚ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ।

ਅਮਰੀਕਾ ਦੇ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਇਕ ਬਿਆਨ ‘ਚ ਕਿਹਾ, ”ਯੂਕਰੇਨ ‘ਤੇ ਰੂਸ ਦੇ ਗੈਰ-ਕਾਨੂੰਨੀ ਹਮਲੇ ਨੇ ਬੇਕਸੂਰ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੱਤਾ ਹੈ, ਜਦਕਿ ਪੁਤਿਨ ਦੇ ਸਹਿਯੋਗੀਆਂ ਨੇ ਖੁਦ ਨੂੰ ਅਮੀਰ ਬਣਾ ਲਿਆ ਹੈ ਅਤੇ ਬੇਹੱਦ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਹੇ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਾਬਾ ਰਾਮਦੇਵ ਨੇ ਖਰੀਦੀ ਮਹਿੰਦਰਾ XUV700,ਵੀਡੀਓ ਵਾਇਰਲ

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ …

Leave a Reply

Your email address will not be published.