ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਅਲ ਜਵਾਹਿਰੀ ਦੀ ਮੌਤ ਦੀ ਕੀਤੀ ਪੁਸ਼ਟੀ

Al-Zawahiri Killed: ਵਾਸ਼ਿੰਗਟਨ: ਅਮਰੀਕੀ ਫੌਜ ਨੇ ਕਾਬੁਲ ਵਿੱਚ ਇੱਕ ਡਰੋਨ ਹਮਲੇ ਵਿੱਚ ਗਲੋਬਲ ਅੱਤਵਾਦੀ ਸੰਗਠਨ ਅਲਕਾਇਦਾ ਦੇ ਚੋਟੀ ਦੇ ਨੇਤਾ ਅਯਮਨ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਜਵਾਹਿਰੀ ਦੀ ਮੌਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਦ ਵ੍ਹਾਈਟ ਹਾਊਸ ਤੋਂ ਸਫਲ ਆਪ੍ਰੇਸ਼ਨ ਨੂੰ ਲੈ ਕੇ ਐਲਾਨ ਕੀਤਾ ਹੈ ਅਤੇ ਦੱਸਿਆ ਕਿ ਸੀਆਈਏ ਨੇ ਅਲ ਜਵਾਹਿਰੀ ਨੂੰ ਡਰੋਨ ਹਮਲੇ ‘ਚ ਮਾਰ ਦਿੱਤਾ ਹੈ। ਦੇਈਏ ਕਿ ਅਲ ਜਵਾਹਿਰੀ ਦੇ ਤਾਰ 11 ਸਤੰਬਰ 2001 ਨੂੰ ਅਮਰੀਕਾ ਦੇ ਟਵਿਨ ਟਾਵਰਸ ‘ਤੇ ਹੋਏ ਹਵਾਈ ਹਮਲੇ ਨਾਲ ਸਬੰਧਤ ਸਨ।

ਜਵਾਹਿਰੀ ਨੇ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨਾਲ ਮਿਲ ਕੇ 11 ਸਤੰਬਰ 2001 ਨੂੰ ਅਮਰੀਕਾ ‘ਤੇ ਭਿਆਨਕ ਅੱਤਵਾਦੀ ਹਮਲੇ (9/11) ਦੀ ਸਾਜ਼ਿਸ਼ ਰਚੀ ਸੀ। ਅਮਰੀਕਾ ਨੇ 2011 ਵਿੱਚ ਪਾਕਿਸਤਾਨ ਵਿੱਚ ਓਸਾਮਾ ਨੂੰ ਮਾਰ ਦਿੱਤਾ ਸੀ।

11 ਸਤੰਬਰ, 2001 ਨੂੰ, ਅਲ-ਕਾਇਦਾ ਦੇ ਅੱਤਵਾਦੀਆਂ ਨੇ ਚਾਰ ਅਮਰੀਕੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਅਤੇ ਨਿਊਯਾਰਕ ਵਿੱਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਸਮੇਤ ਚਾਰ ਨਿਸ਼ਾਨਿਆਂ ‘ਤੇ ਆਤਮਘਾਤੀ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ 2,977 ਲੋਕ ਮਾਰੇ ਗਏ ਸਨ।

ਬਾਇਡਨ ਨੇ ਕਿਹਾ, ਦਹਾਕਿਆਂ ਤੋਂ ਇਹ ਵਿਅਕਤੀ ਅਮਰੀਕੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਹ ਦੁਨੀਆ ਭਰ ਵਿੱਚ 2000 ਬੰਬ ਧਮਾਕਿਆਂ ਵਿੱਚ ਸ਼ਾਮਲ ਸੀ। ਅਮਰੀਕੀ ਰਾਸ਼ਟਰਪਤੀ ਨੇ ਕੀਨੀਆ ਅਤੇ ਤਨਜ਼ਾਨੀਆ ਦੇ ਦੂਤਾਵਾਸਾਂ ‘ਤੇ ਹੋਏ ਬੰਬ ਧਮਾਕਿਆਂ ਦਾ ਵੀ ਜ਼ਿਕਰ ਕੀਤਾ। ਅਲ-ਕਾਇਦਾ ਦੇ ਹਮਲਿਆਂ ਵਿਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ।

ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਅੱਤਵਾਦ ਵਿਰੁੱਧ ਜੰਗ ਜਾਰੀ ਰਹੇਗੀ। ਬਾਇਡਨ ਨੇ ਕਿਹਾ, ‘ਅੱਜ ਰਾਤ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਿੱਚ ਕਿੰਨਾ ਵੀ ਸਮਾਂ ਲੱਗੇ, ਤੁਸੀਂ ਜਿੱਥੇ ਵੀ ਲੁਕਣ ਦੀ ਕੋਸ਼ਿਸ਼ ਕਰੋਗੇ, ਅਸੀਂ ਤੁਹਾਨੂੰ ਲੱਭ ਲਵਾਂਗੇ।

ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀਆਂ ਵਿੱਚੋਂ ਇੱਕ ਜਵਾਹਿਰੀ ਨੂੰ ਕਾਬੁਲ ਦੇ ਇੱਕ ਘਰ ਵਿੱਚ ਲੱਭ ਕੇ ਮਾਰ ਦਿੱਤਾ ਗਿਆ। ਇਸ ਘਰ ਵਿੱਚ ਉਹ ਆਪਣੇ ਪਰਿਵਾਰ ਸਮੇਤ ਲੁਕਿਆ ਹੋਇਆ ਸੀ।

ਅਮਰੀਕੀ ਫੌਜ ਨੇ 20 ਸਾਲਾਂ ਬਾਅਦ ਪਿਛਲੇ ਸਾਲ ਅਫਗਾਨਿਸਤਾਨ ਛੱਡ ਦਿੱਤਾ ਸੀ। ਇਸ ਤੋਂ ਬਾਅਦ ਤਾਲਿਬਾਨ ਨੇ ਫਿਰ ਤੋਂ ਇਸ ਦੇਸ਼ ‘ਤੇ ਆਪਣਾ ਰਾਜ ਸਥਾਪਿਤ ਕਰ ਲਿਆ ਹੈ। ਇਸ ਨੂੰ ਲੈ ਕੇ ਅਮਰੀਕਾ ਦੀ ਕਾਫੀ ਆਲੋਚਨਾ ਹੋਈ ਸੀ। ਬਾਇਡਨ ਨੇ ਤਾਜ਼ਾ ਵੀਡੀਓ ਸੰਦੇਸ਼ ‘ਚ ਕਿਹਾ, ”ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਫਗਾਨਿਸਤਾਨ ਫਿਰ ਤੋਂ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਨਾ ਬਣੇ।

ਬਾਇਡਨ ਪ੍ਰਸ਼ਾਸਨ ਨੇ ਜਵਾਹਿਰੀ ਨੂੰ ਖ਼ਤਮ ਕਰਨ ਲਈ ਕਈ ਹਫ਼ਤੇ ਪਹਿਲਾਂ ਇੱਕ ਸਟੀਕ ਡਰੋਨ ਹਮਲੇ ਦੀ ਯੋਜਨਾ ਬਣਾਈ ਸੀ। ਕਾਬੁਲ ਵਿੱਚ ਜਵਾਹਿਰੀ ਦੇ ਘਰ ਦਾ ਮਾਡਲ ਵੀ ਬਣਾਇਆ ਗਿਆ ਸੀ। ਇਹ ਬਾਇਡਨ  ਨੂੰ ਦਿਖਾਉਣ ਲਈ ਵ੍ਹਾਈਟ ਹਾਊਸ ਦੇ ਸਿਚੂਏਸ਼ਨ ਰੂਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਐਤਵਾਰ ਨੂੰ ਉਸ ਘਰ ਨੂੰ ਸਹੀ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਨਾਲ ਉਡਾ ਦਿੱਤਾ ਗਿਆ।ਅਮਰੀਕੀ ਫੌਜ ਨੇ ਜਵਾਹਿਰੀ ਦੇ ਸਿਰ ‘ਤੇ 25 ਮਿਲੀਅਨ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਸੀ।

ਇਸ ਆਪਰੇਸ਼ਨ ਦੀ ਖਾਸ ਗੱਲ ਇਹ ਹੈ ਕਿ ਇਸ ਲਈ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਕੋਈ ਵੀ ਅਮਰੀਕੀ ਫੌਜੀ ਮੌਜੂਦ ਨਹੀਂ ਸੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੌਰਾਨ ਕਾਬੁਲ ਵਿੱਚ ਸਾਡਾ ਕੋਈ ਵੀ ਸੈਨਿਕ ਮੌਜੂਦ ਨਹੀਂ ਸੀ। 31 ਜੁਲਾਈ ਨੂੰ, ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮਾਂ ‘ਤੇ, ਅਮਰੀਕਾ ਨੇ ਇਕ ਸਟੀਕ ਡਰੋਨ ਹਮਲਾ ਕੀਤਾ ਅਤੇ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ।

ਤਾਲਿਬਾਨ ਨੇ ਕਾਬੁਲ ਵਿੱਚ ਅਮਰੀਕਾ ਦੇ ਇਸ ਆਪਰੇਸ਼ਨ ਦੀ ਨਿੰਦਾ ਕੀਤੀ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ। ਹਮਲੇ ਦੀ ਪੁਸ਼ਟੀ ਕਰਦੇ ਹੋਏ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਹਵਾਈ ਹਮਲਾ 31 ਜੁਲਾਈ ਦੀ ਰਾਤ ਨੂੰ ਕਾਬੁਲ ਦੇ ਸ਼ੇਰਪੁਰ ਇਲਾਕੇ ‘ਚ ਹੋਇਆ ਸੀ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਅਮਰੀਕੀ ਡਰੋਨਾਂ ਦੁਆਰਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤਾਲਿਬਾਨ ਨੇ ਡਰੋਨ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੋਹਾ ਸਮਝੌਤੇ ਦੀ ਉਲੰਘਣਾ ਕਰਾਰ ਦਿੰਦੇ ਹੋਏ ਨਿੰਦਾ ਕੀਤੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸ਼ਾਹਬਾਜ਼ ਸਰਕਾਰ ਨੇ ਬੰਦ ਕੀਤਾ ਇਸ ਵੱਡੇ ਨਿਊਜ਼ ਚੈਨਲ ਦਾ ਪ੍ਰਸਾਰਣ, ਪੱਤਰਕਾਰ ਵੀ ਗ੍ਰਿਫਤਾਰ

ਇਸਲਾਮਾਬਾਦ: ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਦੇਸ਼ ਦੇ ਰੈਗੂਲੇਟਰੀ ਅਥਾਰਟੀਆਂ ਦੁਆਰਾ ਪਾਕਿਸਤਾਨੀ ਟੈਲੀਵਿਜ਼ਨ ਸਟੇਸ਼ਨ ਏਆਰਵਾਈ …

Leave a Reply

Your email address will not be published.