ਸਿਮਰਨਜੀਤ ਸਿੰਘ ਮਾਨ ਦੀ ਜਿੱਤ ਬਨਾਮ ਸਰਕਾਰੀ ਬਿਰਤਾਂਤ

ਗੁਰਪ੍ਰਤਾਪ ਸਿੰਘ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ

ਕਿਸਾਨ ਮੋਰਚੇ ਵਿੱਚ ਕਿਸਾਨ ਆਪਣੇ ਵਜੂਦ ਦੀ ਜੰਗ ਲੜ ਰਹੇ ਸੀ ਪਰ ਉਨ੍ਹਾਂ ਵੱਲ ਨਿਗਾਹਾਂ ਲਾਈ ਬੈਠਾ ਸਾਰਾ ਭਾਰਤ ਅਤੇ ਦੁਨੀਆਂ ਦੇ ਕਈ ਹਿੱਸੇ ਵੀ ਇਸ ਜੰਗ ਵਿਚ ਸ਼ਰੀਕ ਸਨ। 32 ਤੋਂ ਵੱਧ ਕਿਸਾਨ ਜਥੇਬੰਦੀਆਂ ਦੀਆਂ ਅਲਹਿਦਾ ਸੁਰਾਂ, ਸਿੱਖ ਬਨਾਮ ਕਾਮਰੇਡ, ਸਿਆਸੀ ਪਾਰਟੀਆਂ ਦੀ ਨੰਬਰ ਗੇਮ ਇਹ ਸਭ ਕੁਝ ਵਾਪਰ ਰਿਹਾ ਸੀ। ਸਰਕਾਰ ਨੂੰ ਇਸ ਦੀ ਹਰ ਕਮਜ਼ੋਰ ਨਬਜ਼ ਦਾ ਇਲਮ ਸੀ ਪਰ ਲੋਕਾਂ ਲਈ ਇਕ ਬੱਝਵਾਂ ਸੁਨੇਹਾ ਜਾ ਚੁੱਕਾ ਸੀ ਕਿ ਕਿਸਾਨਾਂ ਨਾਲ ਧੱਕਾ ਹੋਇਆ ਹੈ। ਲੋਕਾਂ ਤੱਕ ਪੰਜਾਬ ਦੇ ਗੁਣਾਂ ਦੀ ਤਸਵੀਰ ਪਹੁੰਚ ਚੁੱਕੀ ਸੀ। ਕਿਸਾਨ ਸੰਘਰਸ਼ ਦਾ ਆਲਾਦੁਆਲਾ ਸਭ ਦੇਗ ਤੇਗ ਦੀ ਛਾਂ ਹੇਠ ਮਹਿਫੂਜ਼ ਸੀ।

ਇਹ ਨਹੀਂ ਕਿ ਸਰਕਾਰ ਨੇ ਅੰਦਰੂਨੀ ਝਗੜਿਆਂ ਵਿਚੋਂ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ। ਅੰਦਰੂਨੀ ਮੱਤਭੇਦਾਂ ਵਿਚੋਂ ਜਦੋਂ ਲਾਹਾ ਨਹੀਂ ਮਿਲਿਆ ਤਾਂ ਉਸ ਨੇ ਹਿੰਦੂ ਬਨਾਮ ਸਿੱਖ, ਪੰਜਾਬ ਬਨਾਮ ਭਾਰਤ, ਪੰਜਾਬ ਬਨਾਮ ਹਰਿਆਣਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵਿਚ ਨੈਰੇਟਿਵ ਸੈੱਟ ਹੋ ਚੁੱਕਾ ਸੀ। ਲੋਕਾਂ ਵਿੱਚ ਬਣ ਚੁੱਕਿਆ ਨੈਰੇਟਿਵ ਸਰਕਾਰ ਨਹੀਂ ਤੋੜ ਸਕੀ। ਲੋਕ ਕਿਸਾਨਾਂ ਨੂੰ ਜਿੱਤਦਿਆਂ ਦੇਖਣਾ ਚਾਹੁੰਦੇ ਸਨ। ਸਰਕਾਰ ਪੂਰੇ ਭਾਰਤ ਦੇ ਲੋਕਾਂ ਦਾ ਕਿਸਾਨਾਂ ਵੱਲ ਝੁਕਾਅ ਦੇ ਹੜ੍ਹ ਨੂੰ ਬੰਨ੍ਹ ਨਹੀਂ ਲਾ ਸਕੀ। ਇਸੇ ਲਈ ਇਕ ਵਾਰ ਤਾਂ ਸਰਕਾਰ ਨੂੰ ਝੁਕਣਾ ਪਿਆ।

ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਵੱਡਾ ਕਾਰਨ ਕਲਾਕਾਰ ਦੀਪ ਸਿੱਧੂ ਅਤੇ ਵਿਸ਼ਵ ਪੱਧਰ ਦੇ ਕਲਾਕਾਰ ਸਿੱਧੂ ਮੂਸੇਵਾਲਾ ਵੱਲੋਂ ਸ. ਮਾਨ ਦੇ ਹੱਕ ਵਿੱਚ ਆਉਣਾ, ਪੰਥਕ ਆਵਾਜ਼ ਬੁਲੰਦ ਕਰਨੀ ਅਤੇ ਉਸੇ ਵੇਲੇ ਦੋਵਾਂ ਦਾ ਇਸ ਜਹਾਨੋਂ ਤੁਰ ਜਾਣਾ ਹੈ। ਇਸ ਤੋਂ ਵੀ ਵੱਡਾ ਫੈਕਟਰ ਕਿ ਸ. ਮਾਨ ਨੇ ਚੋਣਾਂ ਵਿਚ ਹਾਰਾਂ ਦੇ ਬਾਵਜੂਦ ਆਪਣੀ ਸਿਆਸਤ ਨੂੰ ਸਿੰਗਲ ਪੁਆਇੰਟ ’ਤੇ ਕੇਂਦਰਿਤ ਰੱਖਿਆ। ਇਸੇ ਕਰਕੇ ਉਪਰੋਕਤ ਕਲਾਕਾਰਾਂ ਨੇ ਵੀ ਸ. ਮਾਨ ਦੀ ਸਪੋਰਟ ਕੀਤੀ। ਤੀਜਾ ਵੱਡਾ ਕਾਰਨ ਕਿ ਇਹ ਵੋਟਾਂ ਸਿਰਫ ਸੰਗਰੂਰ ਤੱਕ ਸੀਮਤ ਸੀ ਤੇ ਇੱਥੋਂ ਖੜ੍ਹੇ ਹੋਏ ਸਭਨਾਂ ਵਿੱਚ ਸ. ਮਾਨ ਸਭ ਤੋਂ ਵੱਡਾ ਚਿਹਰਾ ਅਤੇ ਨਾਮ ਸਨ। ਚੌਥਾ ਵੋਟਾਂ ਘੱਟ ਗਿਣਤੀ ਵਿੱਚ ਪੈਣਾ ਵੀ ਜਿੱਤ ਦਾ ਕਾਰਨ ਹੈ। ਭਗਵੰਤ ਮਾਨ ਦਾ ਇਕਦਮ ਦਿੱਲੀ ਪ੍ਰਸਤ ਹੋਣਾ। ਭਗਵੰਤ ਮਾਨ ਦਾ ਪੰਜਾਬ ਦੇ ਵੱਡੇ ਅਤੇ ਬੁਨਿਆਦੀ ਮੁੱਦਿਆਂ ਨੂੰ ਸੰਬੋਧਨ ਨਾ ਹੋਣਾ। ਇਹ ਸਭ ਦਿਖਦੇ ਰੂਪ ਵਿਚ ਵੱਡੇ ਕਾਰਨ ਹਨ ਸ. ਮਾਨ ਦੀ ਜਿੱਤ ਦੇ।

ਕਿਸਾਨ ਮੋਰਚੇ ਵੇਲੇ ਸਰਕਾਰ ਨੇ ਬਹੁਤ ਜ਼ੋਰ ਲਾਇਆ ਅਦਾਲਤਾਂ, ਸਰਕਾਰਾਂ, ਕਮਿਸ਼ਨਾਂ ਜ਼ਰੀਏ ਮਸਲਾ ਹੱਲ ਕਰਨ ਦਾ। ਘੱਟ-ਗਿਣਤੀਆਂ ਜਾਂ ਹੋਰ ਵਿਰੋਧੀ ਧਿਰਾਂ ਲਈ ਇਹ ਅਦਾਲਤਾਂ, ਕਮਿਸ਼ਨ ਆਦਿ ਇਕ ਜਾਲ ਹੈ ਜਿਸ ਵਿੱਚੋਂ ਨਿਤਾਣੇ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਿਆ। ਸਰਕਾਰ ਚਾਹੁੰਦੀ ਸੀ ਕਿ ਕਿਸਾਨ ਉਨ੍ਹਾਂ ਦੇ ਘੇਰੇ ਵਿੱਚ ਆ ਕੇ ਲੜਨ। ਕਿਸਾਨਾਂ ਨੇ ਇਸ ਲਈ ਕੋਰੀ ਨਾਂਹ ਕਰ ਦਿੱਤੀ। ਕਿਸਾਨ ਜਾਣਦੇ ਸਨ ਕਿ ਵਿਰੋਧੀ ਦੇ ਘੇਰੇ ਵਿੱਚ ਜਿੱਤ ਕੇ ਵੀ ਸਾਡੀ ਅਖੀਰ ਹਾਰ ਹੀ ਹੋਣੀ ਹੈ। ਸੋ ਕਿਸਾਨ ਆਪਣੇ ਬਣਾਏ ਘੇਰੇ ਵਿੱਚ ਲੜੇ ਅਤੇ ਸਰਕਾਰ ਨੂੰ ਮਾਤ ਦਿੱਤੀ।

ਸ. ਮਾਨ ਦੀ ਜਿੱਤ ਨਾਲ ਪੰਥਕ ਹਲਕਿਆਂ ਵਿੱਚ ਖੁਸ਼ੀ ਹੈ। ਮਾਨ ਜਿਸ ਨਿਜ਼ਾਮ ਦੇ ਖ਼ਿਲਾਫ਼ ਭੁਗਤਦੇ ਰਹੇ ਹਨ ਉਸੇ ਦੇ ਘੇਰੇ ਵਿਚ ਜਾ ਕੇ ਉਸਦੇ ਕਾਨੂੰਨਾਂ ਮੁਤਾਬਕ ਇਹ ਜੰਗ ਜਿੱਤੀ ਹੈ। ਵਿਰੋਧੀ ਦੇ ਘੇਰੇ ਵਿੱਚ ਇਹ ਛੋਟੀ ਜਿਹੀ ਜਿੱਤ ਭਾਵੇਂ ਕੋਈ ਵੱਡੀ ਤਬਦੀਲੀ ਨਾ ਕਰੇ ਪਰ ਆਪਣਿਆਂ ਦੀ ਅਵਾਜ਼ ਚੁੱਕਣ ਲਈ ਇਕ ਮੰਚ ਜ਼ਰੂਰ ਹੈ। ਇਸ ਦੀ ਸੁਚੱਜੀ ਵਰਤੋਂ ਦੀ ਆਸ ਉਮੀਦ ਹਰ ਪੰਜਾਬ ਦਰਦੀ ਲਗਾਈ ਬੈਠਾ ਹੈ। ਇਸ ਤੋਂ ਵੱਡੀਆਂ ਆਸਾਂ ਨਮੋਸ਼ੀ ਦਾ ਕਾਰਨ ਹੀ ਬਣਨਗੀਆਂ।

ਸਰਦਾਰ ਮਾਨ ਦੀ ਜਿੱਤ ’ਤੇ ਜਿੱਥੇ ਪੰਥਕ ਹਲਕਿਆਂ ਵਿੱਚ ਖੁਸ਼ੀ ਸੀ ਉਥੇ ਇਸ ਜਿੱਤ ’ਤੇ ਭਾਰਤੀਆਂ ਦੀ ਪ੍ਰਤੀਕਿਰਿਆ ਬਿਲਕੁਲ ਵਿਰੋਧੀ ਸੁਰ ਵਾਲੀ ਸੀ। ਭਾਰਤ ਦੇ ਲੋਕਾਂ ਦਾ ਖੁਸ਼ ਨਾ ਹੋਣਾ ਵੀ ਸਰਕਾਰ ਵਲੋਂ ਸਿਰਜੀ ਸੌੜੀ ਮਾਨਸਿਕਤਾ ਦੇ ਨੈਰੇਟਿਵ ਕਰਕੇ ਹੀ ਹੈ। ਜਿੱਥੇ ਵੱਖਰੀ ਆਜ਼ਾਦ ਹਸਤੀ ਨੂੰ ਦੇਸ਼ ਨਾਲ ਗੱਦਾਰੀ ਦੇ ਨੁਕਤੇ ਤੋਂ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸ ਲੋਕ ਵਿਰੋਧ ਦੇ ਬਹਾਨੇ ਸਰਕਾਰ ਪੰਜਾਬ ਵਿੱਚ ਪੰਜਾਬੀਆਂ ਉੱਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਥੋਪ ਸਕਦੀ ਹੈ। ਇਸ ਵਿਰੋਧੀ ਸੁਰ ਦੇ ਨੈਰੇਟਿਵ ਬਹਾਨੇ ਅਣਐਲਾਨੀਆਂ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਚੁਕੀਆਂ ਹਨ। ਭਵਿੱਖ ਵਿਚ ਇਸ ਦਾ ਘੇਰਾ ਹੋਰ ਵੱਧ ਸਕਦਾ ਹੈ।

ਪੰਜਾਬ ਵਿੱਚ ਕੋਈ ਵੀ ਸਰਕਾਰ ਆਵੇ ਉਸ ਵੱਲੋਂ ਪੰਜਾਬ ਦੀ ਏਕਤਾ ਅਖੰਡਤਾ ਅਤੇ ਅਤਿਵਾਦ ਮੁਕਤ ਸਟੇਟ ਦਾ ਰਾਗ ਸਭ ਤੋਂ ਪਹਿਲਾਂ ਅਲਾਪਿਆ ਜਾਂਦਾ ਹੈ। ਇਹ ਸਰਕਾਰ ਦੇ ਬੇਸਿਕ ਨੈਰੇਟਿਵਜ਼ ਵਿਚੋਂ ਹੈ ਜੋ ਕੇਂਦਰ ਵੱਲੋਂ ਪੰਜਾਬ ਦੇ ਜ਼ਰੀਏ ਹਮੇਸ਼ਾਂ ਤਿਆਰ ਬਰ ਤਿਆਰ ਰੱਖਿਆ ਜਾਂਦਾ ਹੈ ਤਾਂ ਜੋ ਇਸ ਉੱਤੇ ਜਦ ਮਰਜ਼ੀ ‘ਭਾਰਤ ਨੂੰ ਖਤਰਾ’ ਵਾਲਾ ਨੈਰੇਟਿਵ ਖੜ੍ਹਾ ਕਰਕੇ ਨੌਜਵਾਨਾਂ, ਲੋਕਾਂ ਦੀ ਆਸਥਾ, ਸੱਭਿਆਚਾਰ, ਕੁਦਰਤੀ ਸਾਧਨਾਂ ਆਦਿ ਦਾ ਘਾਣ ਕੀਤਾ ਜਾ ਸਕੇ। ਸੋ ਸ. ਮਾਨ ਦੀ ਜਿੱਤ ਵੱਡੀ ਹੈ ਪਰ ਸਰਕਾਰ ਕੋਲ ਪਹਿਲਾਂ ਤੋਂ ਹੀ ਤਿਆਰ ਨੈਰੇਟਿਵ ਗਰਾਊਂਡ ਉੱਤੇ ਮਨਮਰਜ਼ੀ ਕਰਨ ਤੇ ਇਸ ਨੂੰ ਵੱਡੀ ਗਿਣਤੀ ਦੀ ਅਣਕਹੀ ਸਹਿਮਤੀ ਨਾਲ ਪੰਜਾਬ ਉੱਤੇ ਆਉਣ ਵਾਲੇ ਸਮੇਂ ਸਖ਼ਤੀ ਹੋ ਸਕਦੀ ਹੈ।

ਜਿੱਤ ਦੀ ਵਿਆਖਿਆ ਅਤੇ ਜਿੱਤ ਮਗਰੋਂ ਆਉਣ ਵਾਲੇ ਨਤੀਜਿਆਂ ਉੱਤੇ ਕਮਾਨ ਤਾਕਤਵਰ ਧਿਰ ਕੋਲ ਹੀ ਹੁੰਦੀ ਹੈ। ਪੰਜਾਬ ਇਸ ਤਾਕਤਵਰ ਧਿਰ ਵਲੋਂ ਝੂਠੇ ਬਿਰਤਾਂਤ ਘੜ ਕੇ ਤਾਕਤ ਦੀ ਦੁਰਵਰਤੋਂ ਦਾ ਸੰਤਾਪ ਹੰਢਾ ਚੁੱਕਾ ਹੈ। ਜ਼ਰੂਰੀ ਹੈ ਕਿ ਵਿਰੋਧੀ ਦੇ ਘੇਰੇ ਵਿਚ ਲੜਨ ਦੇ ਨਾਲ ਨਾਲ ਅਸੀਂ ਆਪਣੀ ਜ਼ਮੀਨ ’ਤੇ ਖੁਦ ਨੂੰ ਪੱਕਿਆਂ ਕਰੀਏ ਅਤੇ ਉਥੋਂ ਹੀ ਸੰਘਰਸ਼ ਕਰੀਏ।

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.