ਜਗਤਾਰ ਸਿੰਘ ਸਿੱਧੂ
ਐਡੀਟਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਇੱਕ ਸਾਲ ਦੀ ਜੇਲ੍ਹ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਉਸ ਦੀ ਜੇਲ੍ਹ ਯਾਤਰਾ ਨੂੰ ਲੈ ਕੇ ਸਹਿਯੋਗੀਆਂ ਅਤੇ ਵਿਰੋਧੀਆਂ ਵਿਚਕਾਰ ਤਿੱਖੇ ਮਤਭੇਦ ਹਨ। ਇਨ੍ਹਾਂ ਮੁੱਦਿਆਂ ‘ਤੇ ਗੱਲ ਕਰਨ ਤੋਂ ਪਹਿਲਾਂ ਪਾਠਕਾਂ ਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਬਿਤੇ ਦਿਨ ਨਵਜੋਤ ਸਿੱਧੂ ਨੂੰ ਲੜਾਈ-ਝਗੜੇ ਦੇ ਇੱਕ ਪੁਰਾਣੇ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਸਿੱਧੂ ਦੇ ਵਕੀਲਾਂ ਨੇ ਫੈਸਲੇ ਦੇ ਅਮਲ ਨੂੰ ਰੋਕਣ ਲਈ ਕਾਨੂੰਨੀ ਤਰੀਕੇ ਵੀ ਅਜ਼ਮਾਏ ਪਰ ਕੋਈ ਫਾਇਦਾ ਨਹੀਂ ਹੋਇਆ। ਇਸੇ ਦੇ ਚੱਲਦਿਆਂ ਅੱਜ ਸ਼ਾਮ ਨਵਜੋਤ ਸਿੱਧੂ ਨੇ ਪਟਿਆਲਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਉਸ ਤੋਂ ਬਾਅਦ ਸਿੱਧੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਨਵਜੋਤ ਸਿੱਧੂ ਜੋ ਕਿ ਇਸ ਸਮੇਂ ਨਾ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਨਾ ਹੀ ਵਿਧਾਇਕ ਹਨ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਪੰਜਾਬ ਦੇ ਮੁੱਦੇ ਉਠਾ ਰਹੇ ਹਨ। ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਜਦੋਂ ਸੁਪਰੀਮ ਕੋਰਟ ਨੇ ਸਿੱਧੂ ਦੇ ਕੇਸ ਦਾ ਫੈਸਲਾ ਸੁਣਾਇਆ ਸੀ ਤਾਂ ਨਵਜੋਤ ਸਿੱਧੂ ਆਪਣੇ ਸਾਥੀਆਂ ਸਮੇਤ ਪਟਿਆਲਾ ਦੇ ਬਾਜ਼ਾਰਾਂ ਵਿੱਚ ਹਾਥੀ ਉੱਤੇ ਚੜ੍ਹ ਕੇ ਮਹਿੰਗਾਈ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਔਖੇ ਸਮੇਂ ਵਿੱਚ ਵੀ ਉਹ ਪੰਜਾਬ ਦੇ ਮਸਲਿਆਂ ਲਈ ਆਵਾਜ਼ ਬੁਲੰਦ ਕਰਨ ਲਈ ਦ੍ਰਿੜ੍ਹ ਹਨ। ਅੱਜ ਜਦੋਂ ਉਹ ਜੇਲ੍ਹ ਜਾਣ ਲਈ ਪਟਿਆਲਾ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ ਤਾਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੂੰ ਵੱਡੀ ਮੁਸਕੁਰਾਹਟ ਦੇ ਕੇ ਹੌਸਲਾ ਬੁਲੰਦ ਰੱਖਣ ਦਾ ਸੁਨੇਹਾ ਦਿੱਤਾ।
ਨਵਜੋਤ ਸਿੱਧੂ ਦੇ ਅਦਾਲਤੀ ਫੈਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਕਈ ਆਗੂਆਂ ਵੱਲੋਂ ਸਿੱਧੂ ‘ਤੇ ਤਿੱਖੇ ਹਮਲੇ ਹੋ ਰਹੇ ਹਨ। ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਵੱਲੋਂ ਤਾਂ ਇੱਥੋਂ ਤੱਕ ਕਿਹਾ ਗਿਆ ਕਿ ਜੋ ਕੰਮ ਪਾਰਟੀ ਹਾਈਕਮਾਂਡ ਨਹੀਂ ਕਰ ਸਕੀ, ਉਹ ਸੁਪਰੀਮ ਕੋਰਟ ਦੇ ਫੈਸਲੇ ਨੇ ਕਰ ਦਿੱਤਾ। ਦੂਜੇ ਪਾਸੇ ਇਸ ਅਪਰਾਧਿਕ ਮਾਮਲਾ ਨੇ ਨਵਜੋਤ ਸਿੱਧੂ ਦੇ ਰਾਜਸ਼ਾਹੀ ਭਵਿੱਖ ਦਾ ਸੁਨੇਹਾ ਦੇਣ ਵਿੱਚ ਵੀ ਮਦਦ ਕੀਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੱਧੂ ਤੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਲੇ ਲਿਆ ਗਿਆ ਸੀ। ਉਸ ਤੋਂ ਬਾਅਦ ਮੀਡੀਆ ਅਤੇ ਰਾਜਸ਼ਾਹੀ ਹਲਕਿਆਂ ਵਿੱਚ ਲਗਾਤਾਰ ਚਰਚਾ ਛਿੜੀ ਹੋਈ ਸੀ ਕਿ ਨਵਜੋਤ ਸਿੱਧੂ ਭਾਜਪਾ ਜਾਂ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਹਨ। ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਾਂਗਰਸੀ ਦੀ ਕੌਮੀ ਨੇਤਾ ਪ੍ਰਿਅੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਫ਼ੋਨ ਕਰ ਕੇ ਸੁਨੇਹਾ ਦਿੱਤਾ ਕਿ ਕਾਂਗਰਸ ਪਾਰਟੀ ਸਿੱਧੂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਬਾਰੇ ਆਏ ਫੈਸਲੇ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਿੱਧੂ ਉਨ੍ਹਾਂ ਦਾ ਵੱਡਾ ਭਰਾ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੀ ਸਿੱਧੂ ਨੂੰ ਫੋਨ ਕਰਕੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਨੇ ਇਸ ਔਖੇ ਸਮੇਂ ਵਿੱਚ ਇਹ ਸੁਨੇਹਾ ਦਿੱਤਾ ਹੈ ਕਿ ਪਾਰਟੀ ਸਿੱਧੂ ਨੂੰ ਗੁਆਉਣਾ ਨਹੀਂ ਚਾਹੁੰਦੀ।
ਨਵਜੋਤ ਸਿੱਧੂ ਨੇ ਪੰਜਾਬ ਦੀ ਬਿਹਤਰੀ ਲਈ ਹਮੇਸ਼ਾ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਹੈ। ਬੇਸ਼ੱਕ ਸਿੱਧੂ ਇੱਕ ਸਾਲ ਲਈ ਜੇਲ੍ਹ ਚਲੇ ਗਏ ਹਨ, ਪਰ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਪੰਜਾਬੀ ਅੱਜ ਵੀ ਪੂਰੀ ਤਰ੍ਹਾਂ ਸਿੱਧੂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਧੂ ਜੇਲ੍ਹ ਤੋਂ ਬਾਅਦ ਪੰਜਾਬੀਆਂ ਦੇ ਮਜ਼ਬੂਤ ਨੇਤਾ ਵਜੋਂ ਉਭਰ ਕੇ ਸਾਹਮਣੇ ਆਉਣਗੇ ਅਤੇ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰਨਗੇ।
ਸਪੰਰਕ ਨੰਬਰ :-9814002186