ਨਵੀਂ ਦਿੱਲੀ: ਨਵੀਂ ਦਿੱਲੀ ਵਿੱਚ ਹੋਏ ਧਮਾਕੇ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਪੀ ਅਤੇ ਐੱਸਐੱਸਪੀ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਵਾਪਰਿਆ ਧਮਾਕਾ ਇੱਕ ਯੋਜਨਾਬੱਧ ਅੱਤਵਾਦੀ ਹਮਲਾ ਲਗ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਕੋਈ ਆਮ ਹਾਦਸਾ ਨਹੀਂ ਹੈ। ਸੂਤਰਾਂ ਮੁਤਾਬਕ ਧਮਾਕੇ ਵੇਲੇ ਕਾਰ ਵਿੱਚ ਮੌਜੂਦ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਐੱਲਐੱਨਜੇਪੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਪੁੱਛਗਿੱਛ ਦੀ ਤਿਆਰੀ ਚੱਲ ਰਹੀ ਹੈ।
ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਵਿਸਫੋਟਕ ਸਮੱਗਰੀ, ਵਾਇਰਿੰਗ ਅਤੇ ਬੈਟਰੀ ਦੇ ਟੁਕੜੇ ਬਰਾਮਦ ਕੀਤੇ ਹਨ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਧਮਾਕਾ ਹੱਥੀਂ ਕੀਤਾ ਗਿਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਨੇੜੇ ਖੜ੍ਹੀਆਂ ਤਿੰਨ ਗੱਡੀਆਂ ਵੀ ਲਪੇਟ ਵਿੱਚ ਆ ਗਈਆਂ। ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਅਤੇ ਐੱਨਆਈਏ ਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮ੍ਰਿਤ ਸ਼ਾਹ ਨਾਲ ਫੋਨ ’ਤੇ ਗੱਲ ਕਰਕੇ ਪੂਰੀ ਜਾਣਕਾਰੀ ਲਈ ਹੈ।
ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੇ ਮੀਡੀਆ ਨੂੰ ਦੱਸਿਆ ਕਿ ਸ਼ਾਮ ਲਗਭਗ 6:52 ਵਜੇ ਰੈੱਡ ਲਾਈਟ ’ਤੇ ਰੁਕੀ ਹੌਲੀ ਚੱਲ ਰਹੀ ਕਾਰ ਅਚਾਨਕ ਫਟ ਗਈ। ਧਮਾਕੇ ਨਾਲ ਨੇੜੇ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਕੁਝ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ। ਐੱਫਐੱਸਐੱਲ, ਐੱਨਆਈਏ ਅਤੇ ਹੋਰ ਜਾਂਚ ਏਜੰਸੀਆਂ ਮੌਕੇ ’ਤੇ ਮੌਜੂਦ ਹਨ ਅਤੇ ਹਰ ਪਹਿਲੂ ਤੋਂ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

