ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਦੁਨੀਆਂ ਦੇ ਇਤਿਹਾਸ ਦੀ ਮਹਾਨ ਸ਼ਹਾਦਤ  -ਡਾ. ਗੁਰਦੇਵ ਸਿੰਘ

TeamGlobalPunjab
5 Min Read

ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਦੁਨੀਆਂ ਦੇ ਇਤਿਹਾਸ ਦੀ ਮਹਾਨ ਸ਼ਹਾਦਤ 

*ਡਾ. ਗੁਰਦੇਵ ਸਿੰਘ

ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ। (ਕਵੀ ਸੈਨਾਪਤੀ)

          ਤੇਗ ਦੇ ਧਨੀ, ਬਲੀਦਾਨ ਦੇ ਮਹਾਨ ਪੁੰਜ, ਧਰਮ ਦੀ ਚਾਦਰ, ਭਗਤੀ ਤੇ ਸ਼ਕਤੀ ਦੇ ਸੁਮੇਲ ਨੌਵੇਂ ਨਾਨਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਖਾਤਰ ਸੀਸ ਦੇ ਕੇ ਦੁਨੀਆਂ ਨੂੰ ਧਰਮ ਦੀ ਨਵੀਂ ਪਰਿਭਾਸਾ ਸਿਖਾਈ। ਗੁਰੂ ਸਾਹਿਬ ਨੇ ਗੁਰੂ ਨਾਨਕ ਦੇ ਘਰ ਦੀ ਸਦੀਆਂ ਤੋਂ ਚਲਦੀ ਆ ਰਹੀ ਰੀਤ ਨੂੰ ਨਿਭਾਇਆ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ। ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਬਾਰੇ ਵਿਦਵਾਨਾਂ, ਲੇਖਕਾਂ, ਕਵੀਆਂ ਆਦਿ ਨੇ ਸਮੇਂ ਸਮੇਂ ‘ਤੇ ਸਤਿਕਾਰ ਅਰਪਿਤ ਕੀਤਾ ਹੈ:

ਏਹਦਾ ਨਾਮ ਸੁਣ ਜਮ ਕਾਨੇਂ ਵਾਂਙ ਕੰਬਦਾ ਏ,

- Advertisement -

ਮੋਢਾ ਡਾਹ ਕੇ ਜੱਗ ਇਨ੍ਹੇ ਡੁੱਬਦਾ ਬਚਾਇਆ ਹੈ ।

ਸਾਈਂ ਵੱਸ ਗਿਆ ਆ ਕੇ ਉਹਦੇ ਰੋਮ ਰੋਮ ਵਿੱਚ,

‘ਗੁਜਰੀ ਦਾ ਸਾਈਂ’ ਜਿਨ੍ਹੇ ਰਿਦੇ ਚ ਵਿਸਾਇਆ ਹੈ । (ਵਿਧਾਤਾ ਸਿੰਘ ਤੀਰ)

          ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਨ 1621 ਈਸਵੀ ਵਿੱਚ ਅਵਤਾਰ ਧਾਰਿਆ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਮਾਤਾ ਨਾਨਕੀ ਕੁਖੋਂ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਇਸ ਅਸਥਾਨ ‘ਤੇ ਸੁੰਦਰ ਗੁਰਦੁਆਰਾ ਗੁਰੂ ਮਹਿਲ ਸੁਸ਼ੋਭਤਿ ਹੈ। ਪਿਤਾ ਗੁਰੂ ਦੀ ਦੇਖ ਰੇਖ ਵਿੱਚ ਆਪ ਜੀ ਸ਼ਸਤਰ ਤੇ ਸ਼ਾਸਤਰ ਵਿਦਿਆ ਹੋਈ। ਆਪ ਦਾ ਬਚਪਨ ਦਾ ਨਾਮ ਤਿਆਗ ਮਲ ਸੀ। ਨਿਰਮਲ ਸੁਭਾਅ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਤਾਰ ਪੁਰ ਦੀ ਜੰਗ ਵਿੱਚ ਆਪਣੀ ਤੇਗ ਦਾ ਅਜਿਹਾ ਲੋਹਾ ਮਨਵਾਇਆ ਕਿ ਗੁਰੂ ਪਿਤਾ ਨੇ ਆਪ ਨੂੰ ਨਵਾਂ ਨਾਮ ਤੇਗ ਬਹਾਦਰ ਦਿੱਤਾ। ਮਾਤਾ ਗੂਜਰੀ ਜੀ ਆਪ ਦੇ ਮਹਿਲ ਸਨ। ਆਪ ਦੇ ਗ੍ਰਹਿ 1666 ਈਸਵੀ ਵਿੱਚ ਬਾਲ ਗੋਬਿੰਦ ਸਿੰਘ ਨੇ ਅਵਤਾਰ ਧਾਰਿਆ।

          ਭਗਤੀ ਭਾਵ ਵਾਲੇ ਸੁਭਾਅ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬੇ ਬਕਾਲੇ ਰਹਿੰਦਿਆਂ ਵਿਸ਼ੇਸ਼ ਵਿਸ਼ੇਸ਼ ਰੂਪ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤਾ। 1665 ਈਸਵੀ ਵਿੱਚ ਆਪ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ। ਆਪ ਨੇ ਗੁਰਮਤਿ ਦੇ ਪ੍ਰਚਾਰ ਪਾਸਾਰ ਹਿਤ ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖੀ ਕੇਂਦਰ ਵਜੋਂ ਵਿਕਸਿਤ ਕੀਤਾ। ਗੁਰੂ ਨਾਨਕ ਦੀ ਤਰ੍ਹਾਂ ਆਪ ਜੀ ਨੇ ਲੋਕਾਈ ਨੂੰ ਤਾਰਨ ਲਈ ਉਤਰ ਪੂਰਬ ਦੀ ਯਾਤਰਾ ਵੀ ਕੀਤੀ ।

- Advertisement -

          ਗੁਰੂ ਜੀ ਨੇ 16 ਰਾਗਾਂ ਵਿੱਚ 60 ਸ਼ਬਦ ਅਤੇ 57 ਸਲੋਕਾਂ ਦੀ ਰਚਨਾ ਕੀਤੀ। ਰਾਗ ਜੈਜਾਵੰਤੀ ਆਪ ਜੀ ਦੀ ਬਾਣੀ ਦਾ ਮੌਲਿਕ ਰਾਗ ਹੈ। ਆਪ ਵਲੋਂ ਉਚਾਰਨ ਕੀਤੇ ਸਲੋਕਾਂ ਨੂੰ ਸਿੱਖਾਂ ਸੰਗਤਾਂ ਬਹੁਤ ਹੀ ਸਤਿਕਾਰ ਸਹਿਤ ਪੜਦਿਆਂ, ਸਰਵਣ ਤੇ ਗਾਇਨ ਕਰਦੀਆਂ ਹਨ।

ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਜਿ ਖਿਲੇ॥

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 70)

          ਹਰ ਦਰ ਤੋਂ ਨਿਰਾਸ਼, ਮੁਗਲ ਜ਼ੁਲਮ ਦੇ ਸ਼ਿਕਾਰ ਕਸ਼ਮੀਰੀ ਪੰਡਤਾਂ ਨੇ ਆਪ ਨੂੰ ਰੱਖਿਆ ਦੀ ਗੁਹਾਰ ਲਾਈ ਤਾਂ ਆਪ ਨੇ ਹੀ ਉਨ੍ਹਾਂ ਦੀ ਬਾਂਹ ਫੜੀ ਕਿਉਂਕਿ ਸਾਹਿਬ ਨਿਤਾਣਿਆ ਕਾ ਤਾਣ ਹੈ।ਦੁਨੀਆ ਦੇ ਇਤਹਿਾਸ ਦੀ ਇਹ ਨਵਿੇਕਲੀ ਘਟਨਾ ਹੈ ਕਿ ਜਿਨ੍ਹਾਂ ਪੰਡਿਤਾਂ ਦੇ ਪੁਰਖਿਆਂ ਨੂੰ ਗੁਰੂ ਜੀ ਦਇਆ, ਸੰਤੋਖ, ਜਤ ਤੇ ਸਤ ਦੇ ਗਿਆਨ ਵਾਲੇ ਜਨੇਊ ਦਾ ਉਪਦੇਸ਼ ਦਿੰਦੇ ਹਨ ਅੱਜ ਉਸੇ ਜਨੇਊ ਦੀ ਰੱਖਿਆ ਲਈ ਹਾਮੀ ਭਰ ਰਹੇ ਹਨ। ਇਹ ਧਰਮ ਦੇ ਉਨ੍ਹਾਂ ਠੇਕੇਦਾਰਾਂ ਨੂੰ ਜਵਾਬ ਸੀ ਜੋ ਸਿੱਖ ਧਰਮ ਦੀ ਗਲਤ ਪਰਿਭਾਸ਼ਾਂ ਕਰਦੇ ਹੋਏ ਸਿੱਖਾਂ ਨੂੰ ਹਿੰਦੂ ਗਰਦਾਨ ਦੇ ਹਨ।

          ਅਸਲ ਚ ਉਦੋਂ ਪੰਡਿਤਾਂ ਦੀ ਜਗ੍ਹਾ ਜੇ ਮੁਸਲਮਾਨ ਜਾਂ ਹੋਰ ਕੋਈ ਵੀ ਹੁੰਦਾ ਤਦ ਵੀ ਗੁਰੂ ਜੀ ਇਸੇ ਤਰ੍ਹਾਂ ਮਦਦ ਕਰਦੇ। ਗੁਰੂ ਨਾਨਕ ਦਾ ਘਰ ਹਮੇਸ਼ਾਂ ਜ਼ਬਰ ਦੇ ਖਿਲਾਫ ਤੇ ਮਜ਼ਲੂਮ ਦੇ ਨਾਲ ਖੜਾ ਹੈ। ਗੁਰੂ ਤੇਗ ਬਹਾਦਰ ਸਾਹਿਬ ਇਸ ਬਾਬਤ ਪ੍ਰਤੱਖ ਬਿਆਨ ਦੇ ਹਨ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1427 )

          ਗੁਰੂ ਜੀ ਵਲੋਂ ਧਰਮ ਲਈ ਸ਼ਹਾਦਤ ਦੇਣਾ ਇਸ ਗੱਲ ਦਾ ਪ੍ਰਤੱਖ ਸੂਚਕ ਹੈ ਕਿ ਸਿੱਖ ਧਰਮ ਵਿਸ਼ਵ ਵਿਆਪੀ ਧਰਮ ਹੈ। ਗੁਰੂ ਜੀ ਨੇ ਸਿੱਖਾਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਮਜ਼ਲੂਮ ਦੀ ਰੱਖਿਆ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ, ਇਸ ਦੇ ਲਈ ਭਾਵੇਂ ਸ਼ਹਾਦਤ ਹੀ ਕਿਉਂ ਹੀ ਨਾ ਦੇਣੀ ਪਵੇ। ਗੁਰੂ ਜੀ ਦੀ ਮਹਾਨ ਮਹਾਨ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

*gurdevsinghdr@gmail.com

Share this Article
Leave a comment