ਸੰਗਰੂਰ:ਰਾਜਸੀ ਧਿਰਾਂ ਲਈ ਚਣੌਤੀ!

ਜਗਤਾਰ ਸਿੰਘ ਸਿੱਧੂ
ਐਡੀਟਰ

ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ‘ਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕੈਬਨਿਟ ਮੰਤਰੀ ਵਿਜੇ ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਕਰਕੇ ਪੰਜਾਬੀਆਂ ਤੋਂ ਬੱਲੇ ਬੱਲੇ ਕਰਵਾ ਲਈ ਹੈ, ਉੇੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਦੀ ਤਾਣੀ ਵਿਧਾਨ ਸਭਾ ਚੋਣਾਂ ‘ਚ ਹਾਰਨ ਦੇ ਬਾਅਦ ਹੋਰ ਵੀ ਬੂਰੀ ਤਰ੍ਹਾਂ ਉਲਝੀ ਹੋਈ ਨਜ਼ਰ ਆ ਰਹੀ ਹੈ।

ਇਹ ਵੀ ਸਹੀ ਹੈ ਕਿ ਮਾਨ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤੇ ਵਾਅਦਿਆਂ ਦੀ ਪੁੂਰਤੀ ਲਈ ਆਉਣ ਵਾਲੇ ਦਿਨਾਂ ਵਿਚ ਵੱਡੀ ਚਣੌਤੀ ਦਾ ਸਾਹਮਣਾ ਕਰਨਾ ਪਵੇਗਾ। ਪਰ ਸੂਬੇ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਵਿਰੋਧੀ ਧਿਰਾਂ ਦੇ ਨੇਤਾ ਮੀਡੀਆ ਵਿਚ ਆਪਣੀ ਹਾਜ਼ਰੀ ਲਵਾਉਣ ਤੋਂ ਅੱਗੇ ਜਮੀਨੀ ਹਕੀਕਤਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹਨ।

ਮਿਸਾਲ ਵਜੋਂ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੀ ਹਾਲਤ ਇਹ ਬਣੀ ਹੋਈ ਹੈ ਕਿ ਉਸ ਨੂੰ ਇਹ ਪਤਾ ਨਹੀ ਲੱਗ ਰਿਹਾ ਕਿ ਉਸ ਦੇ ਪੈਰਾਂ ਹੇਠ ਜ਼ਮੀਨ ਹੈ ਵੀ ਜਾਂ ਨਹੀਂ! ਖ਼ਾਸ ਤੌਰ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਜਪਾ ਦਾ ਪੱਲਾ ਫੜ ਲੈਣ ਬਾਅਦ ਸਥਿਤੀ ਹੋਰ ਵੀ ਪੇਤਲੀ ਬਣ ਗਈ ਹੈ।ਆਪਸੀ ਧੜੇਬੰਦੀਆਂ ਕਾਰਨ ਪਾਰਟੀ ਜਿੱਥੇ ਸੱਤਾ ਤੋਂ ਬਾਹਰ ਹੋ ਗਈ ਹੈ, ਉੱਥੇ ਹੀ ਜੱਥੇਬੰਦਕ ਤੌਰ ‘ਤੇ ਵੀ ਬਹੁਤ ਵੱਡਾ ਨੁਕਸਾਨ ਕਰਵਾਈ ਬੈਠੀ ਹੈ। ਅੱਜ ਹੀ ਪਾਰਟੀ ਦੇ ਸੀਨੀਅਰ ਨੇਤਾ ਰਾਜਕੁਮਾਰ ਵੇਰਕਾ ਦਾ ਇਹ ਬਿਆਨ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਬਾਖੂਬੀ ਬਿਆਨ ਕਰਦਾ ਹੈ, ਜਿਸ ਵਿਚ ਉਹਨਾਂ ਕਿਹਾ ਹੈ ਕਿ ਪਾਰਟੀ ਦੇ ਆਗੂਆਂ ਨੂੰ ਆਪਸੀ ਕਲੇਸ਼ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।ਵੇਰਕਾ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦੀ ਹਾਈਕਮਾਂਡ ਪਾਰਟੀ ਦੀ ਇਸ ਹਾਲਤ ‘ਤੇ ਕਿਉਂ ਅੱਖਾਂ ਬੰਦ ਕਰੀ ਬੈਠੀ ਹੈ! ਕੇਵਲ ਇਨ੍ਹਾਂ ਹੀ ਨਹੀਂ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਬਹੁਤ ਵਧੀ ਹੋਈ ਹੈ ਸਗੋਂ ਆਏ ਦਿਨ ਇਹ ਖ਼ਬਰਾਂ ਆਉਂਦੀਆਂ ਹਨ ਕਿ ਪਾਰਟੀ ਦੇ ਕੁਝ ਹੋਰ ਵਿਧਾਇਕ ਅਤੇ ਨੇਤਾ ਭਾਜਪਾ ‘ਚ ਜਾਣ ਲਈ ਕਾਹਲੇ ਹਨ।

ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਪਾਰਟੀ ਦੀ ਹਾਲਤ ਵੀ ਕਿਸੇ ਤੋਂ ਲੁੱਕੀ ਛਿੱਪੀ ਨਹੀਂ ਹੈ। ਪਾਰਟੀ ਦੇ ਨੇਤਾ ਮੀਟਿੰਗਾਂ ਕਰਦੇ ਹਨ ਅਤੇ ਮੀਡੀਆ ਵਿਚ ਬਿਆਨ ਦੇਕੇ ਆਪਣੀ ਹਾਜ਼ਰੀ ਲਵਾਉਂਦੇ ਹਨ। ਆਪਾਂ ਸਾਰੇ ਇਹ ਜਾਣਦੇ ਹਾਂ ਕਿ ਦਸ ਸਾਲ ਲਗਾਤਾਰ ਸੱਤਾ ਵਿਚ ਰਹਿਣ ਵਾਲੀ ਪਾਰਟੀ ਨੂੰ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਮੁਸ਼ਕਿਲ ਨਾਲ ਤਿੰਨ ਸੀਟਾਂ ਹੀ ਨਸੀਬ ਹੋਈਆਂ।

ਪਾਰਟੀ ਦੀ ਹਾਲਤ ਦੇਖੋ ਕਿ ਚੋਣਾਂ ਦੀ ਹਾਰ ਦਾ ਪਤਾ ਲਗਵਾਉਂਣ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ, ਜਿਸ ਨੇ ਆਪਣੀ ਰਿਪੋਟਰ ਤਾਂ ਦੇ ਦਿੱਤੀ ਹੈ ਪਰ ਲਗਦਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਰਿਪੋਰਟ ਅਨੁਸਾਰ ਕੋਈ ਕਾਰਵਾਈ ਨਹੀਂ ਕਰੇਗੀ। ਜਾਣਕਾਰ ਹਲਕਿਆਂ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਕਾਲੀ ਦਲ ਨੂੰ ਲੋਕਾਂ ਵਿਚ ਮੁੜ ਮਜ਼ਬੂਤ ਕਰਨ ਲਈ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਵੱਡੀ ਤਬਦੀਲੀ ਜਰੂਰੀ ਹੈ। ਇਸ ਮੁਤਾਬਕ ਸਿੱਧੇ ਤੌਰ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਹੁਦਾ ਛੱਡਣ ਲਈ ਸੁਝਾਅ ਦਿੱਤਾ ਗਿਆ ਹੈ। ਹੁਣ ਇੱਥੇ ਇਹ ਸਵਾਲ ਪੈਂਦਾ ਹੰੁਦਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਪਾਰਟੀ ਦੀ ਪ੍ਰਧਾਨਗੀ ਛੱਡ ਦੇਣਗੇ ਜਾਂ ਰਿਪੋਰਟ ਬਾਰੇ ਖਾਨਾਪੂਰਤੀ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਕਾਬਜ਼ ਰਹਿਣਗੇ।

ਹਾਕਮ ਧਿਰ ਸਮੇਤ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਲਈ ਸੰਗਰੂਰ ਪਾਰਲੀਮੈਂਟ ਹਲਕੇ ਦੀ ਉਪ-ਚੋਣ ਇਕ ਨਵਾਂ ਇਮਤਿਹਾਨ ਲੈਕੇ ਆਈ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਕਿ ਇਹ ਹਲਕਾ ਭਗਵੰਤ ਮਾਨ ਦਾ ਜੱਦੀ ਹਲਕਾ ਹੈ ਅਤੇ ਇਸ ਪਾਰਲੀਮੈਂਟ ਹਲਕੇ ‘ਚੋ ਦੋ ਕੈਬਨਿਟ ਮੰਤਰੀ ਹਨ। ਇਸ ਤਰ੍ਹਾਂ ਹਾਕਮ ਧਿਰ ਲਈ ਇਹ ਪਹਿਲੀ ਵੱਡੀ ਚਣੌਤੀ ਹੈ। ਦੂਜੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਖਾਣ ਤੋਂ ਬਾਅਦ ਵਿਰੋਧੀ ਧਿਰਾਂ ਲਈ ਵੀ ਇਹ ਪਹਿਲਾ ਇਮਤਿਹਾਨ ਹੈ। ਕੀ ਖਿੰਡੀਪੁੰਡੀ ਅਤੇ ਨਿਰਾਸ਼ ਬੈਠੀ ਵਿਰੋਧੀ ਧਿਰ ਇਸ ਇਮਤਿਹਾਨ ਦਾ ਸਾਹਮਣਾ ਕਰ ਪਵੇਗੀ ਜਾਂ ਨਹੀਂ ਇਹ ਦੇਖਣਾ ਦਿਲਚਸਪ ਹੋਵੇਗਾ।

ਸਪੰਰਕ ਨੰਬਰ : 9814002186

Check Also

ਪੰਜਾਬ ਨੂੰ ਸੰਕਟ ‘ਚੋ ਕੱਢਣ ਲਈ ਉਸਾਰੂ ਬਹਿਸ ਦੀ ਲੋੜ

ਜਗਤਾਰ ਸਿੰਘ ਸਿੱਧੂ ਐਡੀਟਰ ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਲੇਠਾ ਬਜਟ …

Leave a Reply

Your email address will not be published.