ਰੂਸ ਦਾ ਵੱਡਾ ਐਲਾਨ – ਰਾਸ਼ਟਰਪਤੀ ਜੋਅ ਬਾਇਡਨ ਸਮੇਤ 963 ਅਮਰੀਕੀਆਂ ਨੂੰ ਉਨ੍ਹਾਂ ਦੇ ਦੇਸ਼ ‘ਚ ਹੁਣ ਨਹੀਂ ਮਿਲੇਗੀ ਐਂਟਰੀ

ਮਾਸਕੋ- ਰੂਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਆਪਣੇ ਦੇਸ਼ ‘ਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਨੇ ਸ਼ਨੀਵਾਰ ਨੂੰ ਇੱਕ ਸੂਚੀ ਜਾਰੀ ਕੀਤੀ ਜਿਸ ਵਿੱਚ 963 ਅਮਰੀਕੀਆਂ ਦੇ ਨਾਮ ਹਨ। ਇਸ ਸੂਚੀ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੀਆਈਏ ਮੁਖੀ ਵਿਲੀਅਮ ਬਰਨਜ਼ ਦੇ ਨਾਂ ਵੀ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਯੂਕਰੇਨ ਦੇ ਖਿਲਾਫ਼ ਜੰਗ ਦੇ ਐਲਾਨ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਰੂਸ ਦੇ ਖਿਲਾਫ਼ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਦੋਂ ਤੋਂ ਇਨ੍ਹਾਂ ਦੇਸ਼ਾਂ ਨਾਲ ਰੂਸ ਦਾ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ।

ਰੂਸ ਦੀ ਇਸ ਸੂਚੀ ਵਿੱਚ ਅਮਰੀਕੀ ਸੀਨੇਟਰ ਅਤੇ ਪ੍ਰਤੀਨਿਧੀ ਸਭਾ ਦੇ ਮੈਂਬਰ, ਸਾਬਕਾ ਅਤੇ ਮੌਜੂਦਾ ਸਰਕਾਰੀ ਅਧਿਕਾਰੀ, ਪੱਤਰਕਾਰ, ਫੌਜੀ ਕਰਮਚਾਰੀ, ਵਕੀਲ, ਉੱਥੋਂ ਦੇ ਨਾਗਰਿਕ ਅਤੇ ਕਈ ਕੰਪਨੀਆਂ ਦੇ ਸੀ.ਈ.ਓ. ਵੀ ਸ਼ਾਮਿਲ ਹਨ। ਮੀਡੀਆ ਮੁਤਾਬਕ, ਰੂਸ ਨੇ ਇਸ ਸੂਚੀ ਵਿੱਚ ਕੁਝ ਲੋਕਾਂ ਦੇ ਨਾਂ ਵੀ ਸ਼ਾਮਿਲ ਕੀਤੇ ਹਨ ਜੋ ਪਹਿਲਾਂ ਹੀ ਮਰ ਚੁੱਕੇ ਹਨ। ਇਸ ਸੂਚੀ ਵਿੱਚ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਮਾਰਕ ਮਿੱਲੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ, ਕੇਂਦਰੀ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਤੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਸ਼ਾਮਲ ਹਨ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕੈਨੇਡਾ ਨੂੰ ਲੈ ਕੇ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਨਵੀਂ ਸੂਚੀ ਵਿੱਚ 26 ਹੋਰ ਕੈਨੇਡੀਅਨ ਲੋਕਾਂ ਦੇ ਨਾਂ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੂੰ ਰੂਸ ਦੀ ਯਾਤਰਾ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਸੂਚੀ ਵਿੱਚ ਰੱਖਿਆ ਮੁਖੀ, ਰੱਖਿਆ ਉਦਯੋਗ ਦੇ ਅਧਿਕਾਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਮੰਗਲਵਾਰ ਨੂੰ ਇੱਕ ਬਿੱਲ ਪੇਸ਼ ਕੀਤਾ ਸੀ, ਜਿਸ ਨਾਲ ਪੁਤਿਨ ਅਤੇ ਉਨ੍ਹਾਂ ਦੀ ਸਰਕਾਰ ਅਤੇ ਫੌਜ ਦੇ ਲਗਭਗ 1,000 ਮੈਂਬਰਾਂ ਦੀ ਦੇਸ਼ ਦੀ ਯਾਤਰਾ ‘ਤੇ ਪਾਬੰਦੀ ਲਗਾਈ ਗਈ ਸੀ।

ਇਸ ਦੌਰਾਨ ਜੰਗ ਦੇ ਮੈਦਾਨ ਤੋਂ ਖ਼ਬਰ ਹੈ ਕਿ ਰੂਸ ਨੇ ਮਾਰੀਉਪੋਲ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਜੰਗ ਵਿੱਚ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੋ ਸਕਦੀ ਹੈ। ਇੱਕ ਸਮਾਚਾਰ ਏਜੰਸੀ ਦੇ ਮੁਤਾਬਕ ਕਰੀਬ ਤਿੰਨ ਮਹੀਨਿਆਂ ਤੋਂ ਰੂਸੀ ਸੈਨਿਕਾਂ ਦੀ ਘੇਰਾਬੰਦੀ ‘ਚ ਰਿਹਾ ਇਹ ਬੰਦਰਗਾਹ ਸ਼ਹਿਰ ਹੁਣ ਮਲਬੇ ਦੇ ਢੇਰ ‘ਚ ਤਬਦੀਲ ਹੋ ਗਿਆ ਹੈ। ਇੱਥੇ 20,000 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਪਲਾਂਟ ਵਿੱਚ ਲੁਕੇ ਹੋਏ ਕੁੱਲ 2,439 ਯੂਕਰੇਨੀ ਲੜਾਕਿਆਂ ਨੇ ਸੋਮਵਾਰ ਤੋਂ ਆਤਮ ਸਮਰਪਣ ਕਰ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨੀ ਅਦਾਕਾਰਾਂ ਨੇ ਆਲੀਆ ਭੱਟ ਦੀ ਪ੍ਰੈਗਨੈਂਸੀ ‘ਤੇ ਕੀਤਾ ਸਮਰਥਨ, ਕਿਹਾ- ‘ਮੈਂ ਸੋਚਿਆ ਕਿ ਅਜਿਹਾ ਪਾਕਿਸਤਾਨ ‘ਚ ਹੀ ਹੁੰਦਾ ਹੈ’

ਨੀਊਜ਼ ਡੈਸਕ: ਆਲੀਆ ਭੱਟ ਨੇ ਮੰਗਲਵਾਰ ਨੂੰ ਇਕ ਖਬਰ ‘ਤੇ ਪ੍ਰਤੀਕਿਰਿਆ ਦਿੱਤੀ, ਜਿਸ ‘ਚ ਸੁਝਾਅ …

Leave a Reply

Your email address will not be published.