ਮੱਤੇਵਾੜਾ ਜੰਗਲ ਬਾਰੇ ਸ਼ਲਾਘਾਯੋਗ ਫ਼ੈਸਲਾ

ਜਗਤਾਰ ਸਿੰਘ ਸਿੱਧੂ

ਐਡੀਟਰ;

ਮੱਤੇਵਾੜਾ ਦੇ ਜੰਗਲਾਂ ’ਚ ਇੰਡਸਟਰੀ ਲਾਉਣ ਦੇ ਮੁੱਦੇ ‘ਤੇ ਸਰਕਾਰ ਨੂੰ ਆਖ਼ਰਕਾਰ ਵਾਤਾਵਰਣ ਪ੍ਰੇਮੀਆਂ ਅੱਗੇ ਝੁੱਕਣਾ ਪਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਵਾਤਾਵਰਣ ਬਚਾਓ ਕਮੇਟੀ ਨਾਲ ਮੀਟਿੰਗ ਕੀਤੀ। ਮੀਟਿੰਗ ਬਾਅਦ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਮੱਤੇਵਾੜਾ ਜੰਗਲ ‘ਚ ਕੋਈ ਟੈਕਸਟਾਈਲ ਇੰਡਸਟਰੀ ਨਹੀਂ ਲਗੇਗੀ ਅਤੇ ਨਾਂ ਹੀ ਕੋਈ ਹੋਰ ਇੰਡਸਟਰੀ ਇਸ ਜੰਗਲ ਵਿਚ ਲਗੇਗੀ। ਮੁੱਖ ਮੰਤਰੀ ਵਲੋਂ ਸਪਸ਼ਟ ਤੌਰ ਤੇ ਐਲਾਨ ਕੀਤਾ ਗਿਆ ਕਿ ਪੰਜਾਬ ਵਿਚ ਇੰਡਸਟਰੀ ਜ਼ਰੂਰ ਲਗੇਗੀ ਪਰ ਕਿਸੇ ਵੀ ਜੰਗਲ ਵਿੱਚ ਜਾਂ ਦਰਿਆ ਦੇ ਕਿਨਾਰੇ ਤੇ ਨਹੀਂ ਲਾਈ ਜਾਵੇਗੀ। ਉਹਨਾਂ ਨੇ ਇਸ ਮੁੱਦੇ ‘ਤੇ ਸਰਕਾਰ ਦਾ ਪੱਖ ਸਾਫ਼ ਕਰਦੇ ਹੋਏ ਕਿਹਾ ਕਿ ਮੱਤੇਵਾੜਾ ਦੇ ਜੰਗਲ ‘ਚ ਇੰਡਸਟਰੀ ਲਾਉਣ ਵਾਲਾ ਪ੍ਰੋਜੈਕਟ ਕੈਪਟਨ ਅਮਰਿੰਦਰ ਸਰਕਾਰ ਵੇਲੇ ਪ੍ਰਵਾਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਦੀ ਫਾਈਲ ਸਰਕਾਰ ਕੋਲ ਆਈ ਤਾਂ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ।

ਇਹ ਵੱਖ਼ਰੀ ਗੱਲ ਹੈ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਮੱਤੇਵਾੜਾ ਦੇ ਜੰਗਲ ‘ਚ ਟੈਕਸਟਾਈਲ ਪ੍ਰੋਜੈਕਟ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਅਸਲ ‘ਚ ਜੇਕਰ ਵੇਖਿਆ ਜਾਵੇ ਤਾਂ ਭਗਵੰਤ ਮਾਨ ਦੇ ਬਿਆਨ ਬਾਅਦ ਹੀ ਪੰਜਾਬ ਅੰਦਰ ਇਸ ਮਾਮਲੇ ’ਤੇ ਗਰਮਾ ਗਰਮੀ ਸ਼ੁਰੂ ਹੋ ਗਈ ਸੀ। ਵਾਤਾਵਰਣ ਪ੍ਰੇਮੀਆਂ ਵਲੋਂ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਮੱਤੇਵਾੜਾ ਦੇ ਜੰਗਲ ‘ਚ ਕੋਈ ਵੀ ਸਨਅਤੀ ਪ੍ਰੋਜੈਕਟ ਨਾਂ ਲਾਇਆ ਜਾਵੇ ਕਿਓਂ ਜੋ ਇਸ ਨਾਲ ਵਾਤਾਵਰਣ ਪ੍ਰਦੁਸ਼ਿਤ ਹੋਵੇਗਾ। ਜੇਕਰ ਇਹ ਪ੍ਰੋਜੈਕਟ ਲਗਦਾ ਹੈ ਤਾਂ ਇਹ ਨਾਲ ਲੱਗਦੇ ਦਰਿਆ ਦੇ ਪਾਣੀਆਂ ਨੂੰ ਪ੍ਰਦੁਸ਼ਿਤ ਕਰੇਗਾ ਅਤੇ ਜੰਗਲ ਦੀ ਤਬਾਹੀ ਕਰੇਗਾ। ਉੱਥੇ ਹੀ ਇਹ ਮਾਨਵਤਾ ਲਈ ਬਹੁਤ ਨੁਕਸਾਨਦੇਹ ਹੋਵੇਗਾ।

ਉਸ ਇਲਾਕੇ ਵਿਚ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕਾਂ ਲਈ ਵੀ ਇਹ ਬਹੁਤ ਵੱਡੀਆਂ ਦਿੱਕਤਾਂ ਉਜਾੜੇ ਦੇ ਰੁਪ ਵਿਚ ਲੈਕੇ ਆਵੇਗਾ। ਆਮਤੌਰ ‘ਤੇ ਇਹਨਾਂ ਪਿੰਡਾ ਦੇ ਲੋਕ ਡੇਅਰੀ ਦਾ ਕੰਮ ਕਰਦੇ ਹਨ, ਉਸ ਆਮਦਨ ਨਾਲ ਹੀ ਪਰਿਵਾਰਾਂ ਦਾ ਖਰਚਾ ਚਲਦਾ ਹੈ। ਇਸ ਸਾਰੇ ਮਾਮਲੇ ਵਾਰੇ ਬੀਤੇ ਕੱਲ੍ਹ ਐਤਵਾਰ ਨੂੰ ਮੱਤੇਵਾੜਾ ਜੰਗਲ ਦੇ ਕਿਨਾਰੇ ’ਤੇ ਵਾਤਾਵਰਣ ਪ੍ਰੇਮੀਆਂ ਨੇ ਵੱਡਾ ਇਕੱਠ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਹ ਫੈਸਲਾ ਨਾਂ ਬਦਲਿਆ ਗਿਆ ਤਾਂ ਸਰਕਾਰ ਵਿਰੁਧ ਵੱਡਾ ਅੰਦੋਲਨ ਚਲਾਇਆ ਜਾਵੇਗਾ।

ਇਸ ਮੌਕੇ ’ਤੇ ਵੱਖ- ਵੱਖ ਰਾਜਸੀ ਧਿਰਾਂ ਦੇ ਆਗੂ ਵੀ ਸ਼ਾਮਲ ਹੋਏ। ਰਾਜਸੀ ਧਿਰਾਂ ਦੀ ਖਾਸ ਗੱਲ ਇਹ ਰਹੀ ਕਿ ਕਾਂਗਰਸ ਪਾਰਟੀ ਨੂੰ ਇਸ ਗੱਲ ਲਈ ਮਾਫ਼ੀ ਮੰਗਣੀ ਪਈ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਮੱਤੇਵਾੜਾ ਜੰਗਲ ‘ਚ ਪ੍ਰੋਜੈਕਟ ਲਾਉਣ ਦਾ ਫੈਸਲਾ ਪ੍ਰਵਾਨ ਹੋਇਆ ਸੀ। ਵਾਤਾਵਰਣ ਪ੍ਰੇਮੀਆਂ ਅਤੇ ਰਾਜਸੀ ਧਿਰਾਂ ਦੇ ਦਬਾਅ ਹੇਂਠ ਪਾਰਲੀਮੈਂਟ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਕੱਲ੍ਹ ਇਹ ਐਲਾਨ ਕਰਨਾ ਪਿਆ ਕਿ ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਉਹ ਵੀ ਵਾਤਾਵਰਣ ਪ੍ਰੇਮੀਆਂ ਦੇ ਨਾਲ ਖੜੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ ਜੰਗਲ ‘ਚ ਸਨਅਤੀ ਪ੍ਰੋਜੈਕਟ ਲਾਉਣ ਦਾ ਫੈਸਲਾ ਰੱਦ ਕਰਕੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਅਕਸਰ ਸਰਕਾਰਾਂ ਆਪਣੇ ਫੈਸਲਿਆਂ ਨੂੰ ਲਾਗੂ ਕਰਨ ਲਈ ਜਿੱਦ ਕਰਦੀਆਂ ਹਨ ਅਤੇ ਉਸਦੇ ਨਤੀਜੇ ਸਰਕਾਰ ਅਤੇ ਲੋਕਾਂ ਸਮੇਤ ਦੋਹਾਂ ਧਿਰਾਂ ਨੂੰ ਹੀ ਭੁਗਤਣੇ ਪੈਂਦੇ ਹਨ। ਬੇਸ਼ੱਕ ਵਿਰੋਧੀ ਧਿਰਾਂ ਆਖਦੀਆਂ ਹਨ ਕਿ ਸਰਕਾਰ ਨੇ ਫੈਸਲੇ ਤੋਂ ਮੋੜਾ ਕੱਟਿਆ ਹੈ ਪਰ ਇਹ ਵੀ ਸਹੀ ਹੈ ਕਿ ਭਗਵੰਤ ਮਾਨ ਨੇ ਇਹ ਫੈਸਲਾ ਲੈ ਕੇ ਵਾਤਾਵਰਣ ਨੂੰ ਬਚਾਉਣ ਲਈ ਇਕ ਚੰਗਾ ਸੁਨੇਹਾ ਦਿੱਤਾ ਹੈ।

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.