-ਜਗਤਾਰ ਸਿੰਘ ਸਿੱਧੂ
ਐਡੀਟਰ;
ਦਿੱਲੀ ਦੇ ਭਾਜਪਾ ਨੇਤਾ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਦਾ ਮਾਮਲਾ ਦੇਸ਼ ਦੀ ਰਾਜਸੀ ਦੁਨੀਆਂ ‘ਚ ਸਿਖਰ ਦਾ ਡਰਾਮਾ ਕਿਹਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ਬੱਗਾ ਨੇ ਇੱਕ ਅਜਿਹਾ ਟਵੀਟ ਕੀਤਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸਖਤ ਇਤਰਾਜ਼ ਕੀਤਾ ਗਿਆ। ਪੰਜਾਬ ‘ਚ ਇਸ ਮਾਮਲੇ ਨੂੰ ਲੈ ਕੇ ਦਰਜ ਕਰਾਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਬੱਗਾ ਦੀ ਟਿੱਪਣੀ ਨਾਲ ਆਮ ਆਦਮੀ ਪਾਰਟੀ ਦੇ ਅਕਸ ਨੂੰ ਠੇਸ ਪੁੱਜੀ ਹੈ। ਪੰਜਾਬ ‘ਚ ਲੋਕਾਂ ਵਲੋਂ ਪਾਰਟੀ ਦੇ ਅਕਸ ਬਾਰੇ ਕੀਤੀਆਂ ਟਿੱਪਣੀਆਂ ਜਾਂ ਰੋਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਸ ਬਾਅਦ ਬੱਗਾ ਨੂੰ ਕਈ ਨੋਟਿਸ ਭੇਜੇ ਗਏ ਕਿ ਸ਼ਿਕਾਇਤ ਬਾਰੇ ਆ ਕੇ ਆਪਣਾ ਸਪਸ਼ਟੀਕਰਨ ਦੇਣ। ਇਹ ਮੀਡੀਆ ਅੰਦਰ ਆਪ ਅਤੇ ਭਾਜਪਾ ਦੇ ਆਗੂਆਂ ਵਲੋਂ ਇੱਕ ਦੂਜੇ ਵਿਰੁੱਧ ਇਲਜ਼ਾਮਬਾਜ਼ੀ ਦਾ ਮੁੱਦਾ ਵੀ ਬਣਿਆ ਰਿਹਾ। ਅਸਲ ਮਾਮਲੇ ਦੀ ਸਿਖਰ ਅੱਜ ਉਸ ਵੇਲੇ ਸ਼ੁਰੂ ਹੋਈ ਜਦੋਂ ਪੰਜਾਬ ਤੋਂ ਗਈ ਪੁਲਿਸ ਪਾਰਟੀ ਨੇ ਦਿੱਲੀ ਜਾ ਕੇ ਬੱਗਾ ਨੂੰ ਘਰ ‘ਚੋਂ ਗ੍ਰਿਫਤਾਰ ਕਰ ਲਿਆ। ਬਸ ਫਿਰ ਕੀ ਸੀ, ਮੀਡੀਆ, ਆਮ ਆਦਮੀ ਪਾਰਟੀ ਤੇ ਭਾਜਪਾ ਲਈ ਦੁਨੀਆ ਦਾ ਇਹ ਸਭ ਤੋਂ ਵੱਡਾ ਮੁੱਦਾ ਬਣ ਗਿਆ। ਇਲੈਕਟਰੋਨਿਕ ਮੀਡੀਆ ਨੇ ਪਲ ਪਲ ਦੀ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਦੇਣ ਲਈ ਇੱਕ ਦੂਜੇ ਤੋਂ ਵਧ ਕੇ ਦੌੜਾਂ ਲਗਾਈਆਂ। ਭਾਜਪਾ ਦੇ ਪੰਜਾਬ ਦੇ ਆਗੂ ਤੇ ਦਿੱਲੀ ਦੇ ਆਗੂ ਪ੍ਰੈਸ ਕਾਨਫਰੰਸਾਂ ਕਰ ਕੇ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲੀਸ ਨੂੰ ਵੱਡੇ ਤੋਂ ਵੱਡੇ ਸ਼ਬਦ ਲਭ ਕੇ ਕੋਸਣ ਲੱਗੇ। ਇਸ ਮਾਮਲੇ ਨੂੰ ਜਮੂਹਰੀਅਤ ਉਪਰ ਹਮਲੇ ਅਤੇ ਐਮਰਜੈਂਸੀ ਵਰਗੇ ਮਾਮਲਿਆਂ ਨਾਲ ਤੋਲਿਆ ਗਿਆ। ਦੂਜੇ ਪਾਸੇ ਆਪ ਵਲੋਂ ਕਿਹਾ ਗਿਆ ਕਿ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਾਜਪਾ ਰਾਜਸੀ ਤੌਰ ‘ਤੇ ਮਾਨ ਸਰਕਾਰ ਨੂੰ ਬਦਨਾਮ ਕਰ ਰਹੀ ਹੈ। ਦੁਪਹਿਰ ਦਾ ਸਮਾਂ ਨਿਕਲਦੇ ਤੱਕ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਚਲੇ ਗਿਆ। ਦਿੱਲੀ ਦੀ ਇੱਕ ਅਦਾਲਤ ਵਲੋਂ ਬੱਗਾ ਲਈ ਸਰਚ ਵਰੰਟ ਜਾਰੀ ਹੋ ਗਏ। ਹਰਿਆਣਾ ਸਰਕਾਰ ਪੂਰੀ ਤਰ੍ਹਾਂ ਹਰਕਤ ‘ਚ ਆ ਗਈ। ਬੱਗਾ ਨੂੰ ਵਾਪਸ ਲੈ ਕੇ ਆ ਰਹੀ ਪੰਜਾਬ ਪੁਲਿਸ ਨੂੰ ਕੂਰੁਕਸ਼ੇਤਰ ਰੋਕ ਲਿਆ ਗਿਆ। ਦਿੱਲੀ ਪੁਲਿਸ ਦੀ ਟੀਮ ਵੀ ਉੱਥੇ ਪਹੁੰਚ ਗਈ। ਆਖਿਰਕਾਰ ਦਿੱਲੀ ਪੁਲਿਸ ਬੱਗਾ ਨੂੰ ਵਾਪਸ ਲਿਆਏ ਜਾਣ ‘ਚ ਕਾਮਯਾਬ ਹੋ ਗਈ ਅਤੇ ਪੰਜਾਬ ਪੁਲੀਸ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਉਂਝ ਇਸ ਮੁੱਦੇ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਪੁਲੀਸ ਨੂੰ ਇੱਕ ਦੂਜੇ ਵਿਰੁੱਧ ਆਹਮੋ ਸਾਹਮਣੇ ਖੜ੍ਹਾ ਕਰ ਦਿੱਤਾ। ਇਸ ਦੇ ਬਾਵਜੂਦ ਮਾਮਲਾ ਹਾਲੇ ਨਿਬੜਿਆ ਨਹੀਂ ਹੈ ਅਤੇ ਇਸ ਦੀਆਂ ਕਈ ਪਰਤਾਂ ਹੋਰ ਖੁਲ੍ਹਣੀਆਂ ਬਾਕੀ ਹਨ।
ਜੇਕਰ ਸਮੂਚੇ ਘਟਨਾਕ੍ਰਮ ‘ਤੇ ਨਜ਼ਰ ਮਾਰੀ ਜਾਵੇ ਤਾਂ ਇਸ ਤੋਂ ਲਗਦਾ ਹੈ ਕਿ ਤਿੰਨ ਸਰਕਾਰਾਂ ਅਤੇ ਰਾਜਾਂ ਦੀ ਪੁਲਿਸ ਨੇ ਬਹੁਤ ਜ਼ਬਰਦਸਤ ਦਿਲਚਸਪੀ ਦਿਖਾਈ। ਇਸ ਮਾਮਲੇ ਦੀਆਂ ਦਾਅਵੇਦਾਰੀਆਂ ਆਪਣੀ ਥਾਂ ਹਨ ਪਰ ਇਸ ਤੋਂ ਇਹ ਜ਼ਰੂਰ ਸਪਸ਼ਟ ਸੁਨੇਹਾ ਗਿਆ ਹੈ ਕਿ ਰਾਜਸੀ ਧਿਰਾਂ ਦੇ ਆਪਣੇ ਹਿੱਤ, ਆਪਣੇ ਦੇਸ਼ ਅਤੇ ਆਪਣੇ ਲੋਕਾਂ ਨਾਲੋਂ ਕਿੰਨੇ ਵਧੇਰੇ ਪਿਆਰੇ ਹਨ। ਇਹ ਉਹ ਦੇਸ਼ ਹੈ ਜਿਸ ਦੇ ਇੱਕ ਸੂਬੇ ‘ਚ ਜਦੋਂ ਇੱਕ ਕੁੜੀ ਆਪਣੇ ਨਾਲ ਹੋਏ ਬਲਾਤਕਾਰ ਦੇ ਮਾਮਲੇ ‘ਚ ਥਾਣੇ ਸ਼ਿਕਾਇਤ ਕਰਨ ਜਾਂਦੀ ਹੈ ਤਾਂ ਥਾਣੇਦਾਰ ਵਲੋਂ ਹੀ ਉਸ ਪੀੜਤ ਲੜਕੀ ਨਾਲ ਗੈਰ ਮਾਨਵੀ ਵਤੀਰਾ ਅਪਣਾਇਆ ਜਾਂਦਾ ਹੈ। ਇਹ ਉਹ ਦੇਸ਼ ਹੈ ਜਿੱਥੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਅਦ ਵੀ ਸਾਲਾਂਬੰਦੀ ਜੇਲ੍ਹਾਂ ਤੋਂ ਬਾਹਰ ਹੋਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਇਹ ਉਹ ਦੇਸ਼ ਹੈ ਜਿਸ ਦੇਸ਼ ਦੇ ਕਿਸਾਨਾਂ ‘ਤੇ ਦਿਨ ਦਿਹਾੜੇ ਗੱਡੀਆਂ ਚੜ੍ਹਾ ਕੇ ਕਿਸਾਨਾਂ ਨੂੰ ਦਰੜ ਦਿੱਤਾ ਜਾਂਦਾ ਹੈ ਪਰ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਰੋਸ ਮੁਜਾਹਰੇ ਕਰਨੇ ਪੈ ਜਾਂਦੇ ਹਨ। ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਲਗਦਾ ਹੈ ਕਿ ਇਸ ਵੇਲੇ ਬੱਗਾ ਦਾ ਮਾਮਲਾ ਰਾਜਸੀ ਧਿਰਾਂ ਅਤੇ ਮੀਡੀਆ ਲਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਲਈ ਅਸੀਂ ਆਪਣੀਆਂ ਸੱਤਰਾਂ ਨੂੰ ਇੱਥੇ ਹੀ ਸਮੇਟਦੇ ਹਾਂ।
ਸੰਪਰਕ: 98140-02186