ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਸੁਨੇਹਾ! 

ਜਗਤਾਰ ਸਿੰਘ ਸਿੱਧੂ
ਐਡੀਟਰ

ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਇੱਕ ਨਵਾਂ ਸੁਨੇਹਾ ਦਿੱਤਾ ਹੈ ਕਿ ਪੰਜਾਬੀਆਂ ਨੇ 92 ਸੀਟਾਂ ਜਿੱਤਣ ਵਾਲੀ ‘ਆਪ’ ਸਮੇਤ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਕਿਉਂ ਰੱਦ ਕਰ ਦਿੱਤਾ ਹੈ। ਇਸ ਜਿੱਤ ਨੇ ਜਿਹੜੇ ਵੱਡੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਵਿੱਚ ਇਹ ਵੀ ਸ਼ਾਮਿਲ ਹੈ ਕਿ ਪੰਜਾਬੀਆਂ ਨੇ ‘ਆਪ’ ਦੀ ਦਿੱਲੀ ਰਾਹੀਂ ਰਾਜ ਕਰਨ ਦੀ ਨੀਤੀ ਨੂੰ ਪਸੰਦ ਨਹੀਂ ਕੀਤਾ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਆਪਣੀ ਹਾਰ ਨੂੰ ਇਸ ਢੰਗ ਨਾਲ ਖੁਸ਼ੀ ਵਿੱਚ ਬਦਲ ਰਹੀਆਂ ਹਨ ਕਿ ਪੰਜਾਬ ਨੇ 3 ਮਹੀਨਿਆਂ ਬਾਅਦ ਹੀ ‘ਆਪ’ ਨੂੰ ਰੱਦ ਕਰ ਦਿੱਤਾ ਹੈ। ਬੇਸ਼ੱਕ ਰਵਾਇਤੀ ਪਾਰਟੀਆਂ ਹਕੀਕਤ ਤੋਂ ਮੂੰਹ ਮੋੜ ਲੈਣ, ਪਰ ਸੱਚਾਈ ਇਹ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਰਵਾਇਤੀ ਪਾਰਟੀਆਂ ਹੀ ਪਹਿਲਾਂ ਵਾਲੇ ਥਾਂ ‘ਤੇ ਹੀ ਖੜ੍ਹੀਆਂ ਹਨ। ਪੰਜਾਬੀਆਂ ਨੇ ਵਿਧਾਨ ਸਭਾ ਚੋਣਾਂ ਸਮੇਂ ਅਸਲ ਵਿੱਚ ਰਵਾਇਤੀ ਪਾਰਟੀਆਂ ਨੂੰ ਹੀ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਕੋਲ ਸਿਰਫ਼ ਇੱਕੋ ਇੱਕ ਬਦਲਾਅ ‘ਆਪ’ ਦਾ ਰਹਿ ਗਿਆ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਵਿਰੁੱਧ ਨਾ ਪੱਖੀ ਵੋਟਿੰਗ ਕੀਤੀ ਸੀ। ਇਸ ਤਰ੍ਹਾਂ ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਵੀ ਸੰਗਰੂਰ ਦੇ ਵੋਟਰਾਂ ਨੇ ਨਾਂਹ ਪੱਖੀ ਹੀ ਵੋਟਿੰਗ ਕੀਤੀ ਹੈ। ਇਸ ਚੋਣ ਵਿੱਚ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਭਾਜਪਾ ਸਭ ਤੋਂ ਪਹਿਲਾਂ ਆਪਣਾ ਮੁਕਾਬਲਾ ‘ਆਪ’ ਨਾਲ ਹੀ ਸਮਝ ਰਹੀਆਂ ਸਨ। ਇਨ੍ਹਾਂ ਪਾਰਟੀਆਂ ਨੂੰ ਲਗਦਾ ਸੀ ਕਿ ‘ਆਪ’ ਦੀ ਮਾੜੀ ਕਾਰਗੁਜ਼ਾਰੀ ਵਿਰੋਧ ਲੋਕ ਕਿਸੇ ਰਵਾਇਤੀ ਪਾਰਟੀ ਦੇ ਹੱਕ ਵਿੱਚ ਵੋਟ ਕਰਨਗੇ, ਜਦਕਿ ਇਸ ਤੋਂ ਬਿਲਕੁਲ ਉਲਟ ਹੋਇਆ। ਇਹ ਰਿਵਾਇਤੀ ਪਾਰਟੀਆਂ ਉਹ ਹਨ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਵੋਟਰਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ। ਸੰਗਰੂਰ ਚੋਣਾਂ ਸਮੇਂ ਵੀ ਇਨ੍ਹਾਂ ਪਾਰਟੀਆਂ ਬਾਰੇ ਪੰਜਾਬੀਆਂ ਦਾ ਫ਼ਤਵਾ ਕਇਯਮ ਰਿਹਾ। ਆਮ ਆਦਮੀ ਪਾਰਟੀ ਇੱਕ ਵੱਡੇ ਭੁਲੇਖੇ ਵਿੱਚ ਸੀ ਕਿ ਸੰਗਰੂਰ ਵਿੱਚ ਉਨ੍ਹਾਂ ਨੂੰ ਕੋਈ ਨਹੀਂ ਹਰਾ ਸਕਦਾ। ਇਨ੍ਹਾਂ ਸਾਰੀਆਂ ਧਿਰਾਂ ਨੇ ਸ਼ੁਰੂ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਆਪਣੇ ਮੁਕਾਬਲੇ ਵਿੱਚ ਹੀ ਨਹੀਂ ਸਮਝਿਆ ਸੀ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਵੱਡੇ-ਵੱਡੇ ਵਾਅਦੇ ਵੀ ਲੋਕ ਭੁੱਲੇ ਨਹੀਂ ਸੀ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਪੰਜਾਬੀਆਂ ਨੇ ਪੰਜਾਬ ਨਾਲ ਜੁੜੇ  ਵੱਡੇ ਮੁੱਦਿਆਂ ਅਤੇ ਵਾਅਦਿਆਂ ਤੋਂ ‘ਆਪ’ ਦੀ ਸਰਕਾਰ ਨੂੰ ਥਿੜਕਦੇ ਦੇਖਿਆ ਤਾਂ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਵਾਂਗ ‘ਆਪ’ ਨੂੰ ਵੀ ਸਬਕ ਸਿਖਾਉਣ ਦਾ ਮਨ ਬਣਾ ਲਿਆ। ਸੰਗਰੂਰ ਦੇ ਲੋਕਾਂ ਨੇ ਇਸ ਕਹਾਵਤ ਨੂੰ ਵੀ ਫੇਲ੍ਹ ਕਰ ਦਿੱਤਾ ਕਿ ‘ਮੇਰਾ ਕੀ ਕਸੂਰ ਮੇਰਾ ਜ਼ਿਲ੍ਹਾ ਸੰਗਰੂਰ।’ ਸੰਗਰੂਰ ਦੇ ਵੋਟਰ ਇਸ ਫ਼ਤਵੇ ਤੋਂ ਵੀ ਹੈਰਾਨ ਹਨ ਕਿ ਉਨ੍ਹਾਂ ਨੇ ਇੱਕ ਜ਼ਿਮਨੀ ਚੋਣ ਵਿੱਚ ਉਸ ਸਰਕਾਰ ਖ਼ਿਲਾਫ਼ ਫ਼ਤਵਾ ਦਿੱਤਾ ਜਿਸ ਦੀ ਸਰਕਾਰ ਦੇ ਅਜੇ ਪੌਣੇ ਪੰਜ ਸਾਲਾਂ ਤੋਂ ਵੀ ਵੱਧ ਦਿਨ ਪਏ ਹਨ। ਇੰਨਾ ਹੀ ਨਹੀਂ ਵੋਟਰਾਂ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਕੀਤੇ ਜਾਣ ਵਾਲੇ ਐਲਾਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਅਕਸਰ ਕਿਹਾ ਜਾਂਦਾ ਹੈ ਕਿ ਸੰਸਦ ਹੋਵੇ ਜਾਂ ਵਿਧਾਨ ਸਭਾ, ਕਿਸੇ ਵੀ ਉਪ ਚੋਣ ਲਈ ਵੋਟਰ ਹਾਕਮ ਪਾਰਟੀ ਦੇ ਹੱਕ ਵਿੱਚ ਹੀ ਫ਼ਤਵਾ ਦਿੰਦੇ ਹਨ। ਸੰਗਰੂਰ ਦੇ ਵੋਟਰਾਂ ਨੇ ਇਹ ਧਾਰਨਾ ਵੀ ਤੋੜ ਦਿੱਤੀ ਕਿ ਹਾਕਮ ਪਾਰਟੀ ਨੂੰ ਉਪ ਚੋਣ ਵਿੱਚ ਹਰਾਇਆ ਨਹੀਂ ਜਾ ਸਕਦਾ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਮਾਨ ਕੋਲ ਨਾ ਤਾਂ ਹੇਠਲੇ ਪੱਧਰ ‘ਤੇ ਕੋਈ ਮਜ਼ਬੂਤ ​​ਪਾਰਟੀ ਢਾਂਚਾ ਸੀ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦਾ ਕੋਈ ਵਿਧਾਇਕ ਹੈ। ਇਸ ਸਭ ਦੇ ਬਾਵਜੂਦ ਮਾਨ ਨੇ ‘ਆਪ’ ਸਮੇਤ ਸਾਰੀਆਂ ਪਾਰਟੀਆਂ ਨੂੰ ਚਿੱਤ ਕੀਤਾ ਤਾਂ ਇਸ ਦੇ ਪਿੱਛੇ ਪੰਜਾਬੀਆਂ ਦੀ ਜੋਰਦਾਰ ਤਰੀਕੇ ਨਾਲ ਰਵਾਇਤੀ ਪਾਰਟੀਆਂ ਨੂੰ ਰੱਦ ਕਰਨ ਦੀ ਚਾਹਤ ਸੀ।

Check Also

ਕਿਸਾਨਾਂ ਵਲੋਂ ਸੰਘਰਸ਼ ਦਾ ਬਿਗੁਲ

-ਜਗਤਾਰ ਸਿੰਘ ਸਿੱਧੂ ਐਡੀਟਰ; ਪੰਜਾਬ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ …

Leave a Reply

Your email address will not be published.