ਕਾਮਾਗਾਟਾ ਮਾਰੂ: ਜਦੋਂ 2 ਮਹੀਨੇ ਸਮੁੰਦਰ ‘ਚ ਖੜ੍ਹੇ ਜਹਾਜ਼ ‘ਚ ਭੁੱਖ ਨਾਲ ਤੜਫਦੇ ਰਹੇ 367 ਮੁਸਾਫਰ

ਓਟਵਾ: ਕੈਨੇਡਾ ’ਚ ਕਾਮਾਗਾਟਾ ਮਾਰੂ ਦੀ ਘਟਨਾ ਸਾਲ 1914 ‘ਚ ਵਾਪਰੀ ਜਿਸ ਨੇ ਭਾਰਤ ਦੇ ਸੰਵਿਧਾਨ ਦੇ ਚਰਚਿਤ ‘ਗਦਰ ਅੰਦੋਲਨ’ ਨੂੰ ਖੜ੍ਹਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਸੀ। ਬੀਤੇ ਦਿਨੀਂ ਕੈਨੇਡਾ ‘ਚ 108ਵੀਂ ਬਰਸੀ ਮਨਾਈ ਗਈ, ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ 1914 ਵਿੱਚ 376 ਸਾਊਥ ਏਸ਼ੀਅਨਾਂ ਨਾਲ ਭਰਿਆ ਜਹਾਜ਼ ਕੈਨੇਡਾ ਆ ਰਿਹਾ ਸੀ ਤੇ ਉਸ ਵੇਲੇ ਨਸਲੀ ਵਿਤਕਰੇ ਭਰੇ ਕਾਨੂੰਨ ਕਾਰਨ ਸਿੱਖਾਂ ਸਣੇ 376 ਮੁਸਾਫਰਾਂ ਨਾਲ ਵੱਡਾ ਦੁਖਾਂਤ ਵਾਪਰਿਆ, ਜੋ ਕਿ ਚੰਗੇ ਭਵਿੱਖ ਲਈ ਕੈਨੇਡਾ ਆਉਣਾ ਚਾਹੁੰਦੇ ਸਨ, ਪਰ ਕੈਨੇਡਾ ਨੇ ਇਸ ਮੰਦਭਾਗੀ ਘਟਨਾ ਨੂੰ ਮੁੜ ਕੇ ਕਦੇ ਵੀ ਨਹੀਂ ਦੁਹਰਾਇਆ ਤੇ ਕੈਨੇਡਾ ਦੀ ਸੰਸਦ ਵਿੱਚ ਇਸ ਲਈ ਮੁਆਫ਼ੀ ਵੀ ਮੰਗੀ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਕੈਨੇਡੀਅਨ ਲੋਕਾਂ ਨੂੰ ਇੱਕ ਸਦੀ ਤੋਂ ਵੀ ਪਹਿਲਾਂ ਵਾਪਰੀ ਇਸ ਘਟਨਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਵੱਸਦੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇਕ-ਦੂਜੇ ਨਾਲ ਕੋਈ ਵਿਤਕਰਾ ਨਹੀਂ ਕਰਨਾਚਾਹੀਦਾ, ਸਗੋਂ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਕਜੁੱਟ ਹੋਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਕੈਨੇਡਾ ‘ਚ ਪੰਜਾਬੀਆ ਤੇ ਭਾਰਤੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਰੋਕਣ ਲਈ ਸਰਕਾਰ ਨੇ 1907 ਨੂੰ ਐਲਾਨ ਕੀਤਾ ਕਿ ਕੈਨੇਡਾ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ 200 ਡਾਲਰ ਲੈ ਕੇ ਆਵੇਗਾ। ਜ਼ਿਲਾ ਤਰਨ ਤਾਰਨ ਦੇ ਸਰਹਾਲੀ ਦੇ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਉਸ ਸਮੇਂ ਮਲੇਸ਼ੀਆ ਵਿੱਚ ਵਪਾਰ ਕਰਦੇ ਸਨ। ਉਨ੍ਹਾਂ ਨੇ ਜਾਪਾਨੀ ਕੰਪਨੀ ਕੋਲੋਂ 11000 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਐਸ ਐਸ ਕਾਮਾਗਾਟਾ ਮਾਰੂ ਜਹਾਜ਼ ਛੇ ਮਹੀਨੇ ਲਈ ਲੈ ਕੇ 500 ਯਾਤਰੀਆਂ ਸਣੇ ਕੋਲਾ ਲੱਦ ਕੇ ਵਪਾਰ ਕਰਨ ਲਈ ਤੁਰਨ ਲੱਗੇ ਤਾਂ ਸਰਕਾਰ ਨੇ ਗੁਰਦਿੱਤ ਜੀ ਨੂੰ ਝੂਠੇ ਕੇਸ ‘ਚ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਬਹੁਤੇ ਮੁਸਾਫਰ ਖਿਸਕ ਗਏ ਅਤੇ ਸਿਰਫ 135 ਮੁਸਾਫਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜੂਰੀ ਮਿਲਣ ‘ਤੇ ਜਹਾਜ਼ ਵੱਖ-ਵੱਖ ਬੰਦਰਗਾਹਾਂ ਤੋਂ 376 ਯਾਤਰੀ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ।

ਇਸ ਜਹਾਜ਼ ‘ਚ ਸਿੱਖ, ਮੁਸਲਮਾਨ ਤੇ ਹਿੰਦੂ ਭਾਈਚਾਰੇ ਦੇ ਲੋਕ ਸਵਾਰ ਸਨ, ਜਿਹੜੇ ਕਿ ਆਪਣੇ ਪਰਿਵਾਰ ਦੇ ਵਧੀਆ ਭਵਿੱਖ ਲਈ ਕੈਨੇਡਾ ‘ਚ ਵਸਣਾ ਚਾਹੁੰਦੇ ਸਨ, ਪਰ ਕਾਮਾਗਾਟਾ ਮਾਰੂ ਨਾਂ ਦੇ ਇਸ ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ ‘ਤੇ 2 ਮਹੀਨੇ ਰੋਕ ਕੇ ਰੱਖਿਆ। ਇਸ ਦੌਰਾਨ ਇਨਾਂ ਯਾਤਰੀਆਂ ਨੂੰ ਨਾਂ ਤਾਂ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਨਾਂ ਹੀ ਖਾਣਾ ਤੇ ਪਾਣੀ ਮੁਹੱਈਆ ਕਰਵਾਇਆ ਗਿਆ। ਇਨਾਂ ਯਾਤਰੀਆਂ ਨੇ ਦੇਸ਼ `ਚ ਦਾਖਲ ਹੋਣ ਲਈ ਕੈਨੇਡੀਅਨ ਕੋਰਟ ਵਿੱਚ ਅਪੀਲ ਪਾਈ ਸੀ, ਪਰ ਸਥਾਨਕ ਸਾਊਥ ਏਸ਼ੀਅਨ ਭਾਈਚਾਰੇ ਦੇ ਲੱਖ ਯਤਨਾਂ ਦੇ ਬਾਵਜੂਦ ਉਸ ਵੇਲੇ ਦੇ ਨਸਲਵਾਦੀ ਤੇ ਵਿਤਕਰੇ ਭਰੇ ਕਾਨੂੰਨ ਕਾਰਨ ਉਨ੍ਹਾਂ ਦੀ ਕੈਨੇਡੀਅਨ ਕੋਰਟ ਵਿੱਚ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਸਿੱਖਾਂ ਸਣੇ 376 ਯਾਤਰੀਆਂ ਨਾਲ ਭਰੇ ਇਸ ਜਹਾਜ਼ ਨੂੰ ਜ਼ਬਰਦਸਤੀ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿੱਥੇ ਇਨਾਂ ਯਾਤਰੀਆਂ ਵਿੱਚੋਂ ਲਗਭਗ 21 ਦੀ ਮੌਤ ਹੋ ਗਈ ਅਤੇ ਹੋਰਾਂ ਨੂੰ ਜੇਲਾਂ ਵਿੱਚ ਡੱਕ ਦਿੱਤਾ ਗਿਆ ਅਤੇ ਬਾਬਾ ਗੁਰਦਿੱਤ ਸਿੰਘ ਤੇ ਕੁਝ ਮੁਸਾਫਰ ਬਚ ਨਿਕਲਣ ਵਿੱਚ ਸਫਲ ਹੋ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.