ਪਹਿਲੇ ਸਿੱਖ ਨੇ ਜਿੱਤੀ ਪਾਵਰ ਸਲੈਪ ਚੈਂਪੀਅਨਸ਼ਿਪ: ਰੋਪੜ ਦੇ ਜੁਝਾਰ ਸਿੰਘ ਨੇ ਜ਼ੋਰਦਾਰ ਥੱਪੜ ਨਾਲ ਹਿਲਾਇਆ ਰੂਸੀ ਖਿਡਾਰੀ

Global Team
3 Min Read

ਨਿਊਜ਼ ਡੈਸਕ: ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਝਾਰ ਸਿੰਘ ਅਬੂ ਧਾਬੀ ਵਿੱਚ ਹੋਈ ਪਾਵਰ ਸਲੈਪ ਚੈਂਪੀਅਨਸ਼ਿਪ ਦਾ ਪਹਿਲਾ ਸਿੱਖ ਜੇਤੂ ਬਣ ਗਿਆ ਹੈ। 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਵਿੱਚ ਜੁਝਾਰ ਨੇ ਰੂਸੀ ਵਿਰੋਧੀ ਐਂਟਲੀ ਗਲੂਸ਼ਕਾ ਨੂੰ ਇੱਕ ਥੱਪੜ ਨਾਲ ਹਰਾ ਦਿੱਤਾ।

ਅਬੂ ਧਾਬੀ ਵਿੱਚ ਹੋਏ ਇਸ ਮੁਕਾਬਲੇ ਦਾ ਵੀਡੀਓ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਜਿੱਤ ਦਾ ਜਸ਼ਨ ਮਨਾਉਂਦੇ ਅਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਜਿੱਤ ਤੋਂ ਬਾਅਦ ਉਹ ਖੁਸ਼ੀ ਨਾਲ ਚਿੱਲਾਉਂਦੇ ਹਨ, “I am winner!”

ਜੁਝਾਰ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਅੱਜ ਮੇਰਾ ਸੁਪਨਾ ਪੂਰਾ ਹੋ ਗਿਆ। ਹੁਣ ਮੈਂ ਪਹਿਲਾ ਪਾਵਰ ਸਲੈਪ ਇੰਡੀਅਨ ਚੈਂਪੀਅਨ ਬਣ ਗਿਆ ਹਾਂ।’

ਰੂਸੀ ਵਿਰੋਧੀ ਨੂੰ ਇੱਕ ਥੱਪੜ ਨਾਲ ਹਿਲਾ ਦਿੱਤਾ

24 ਅਕਤੂਬਰ ਨੂੰ ਅਬੂ ਧਾਬੀ ਵਿੱਚ ਹੋਏ ਮੁਕਾਬਲੇ ਵਿੱਚ ਜੁਝਾਰ ਨੇ ਤੀਜੇ ਰਾਉਂਡ ਵਿੱਚ ਰੂਸੀ ਵਿਰੋਧੀ ਗਲੂਸ਼ਕਾ ਨੂੰ ਇੱਕ ਥੱਪੜ ਨਾਲ ਡਗਮਗਾ ਦਿੱਤਾ। ਮੈਚ ਤੋਂ ਪਹਿਲਾਂ ਟਾਸ ਹੋਇਆ, ਜਿਸ ਨੂੰ ਗਲੂਸ਼ਕਾ ਨੇ ਜਿੱਤਿਆ ਅਤੇ ਪਹਿਲਾਂ ਥੱਪੜ ਜੁਝਾਰ ਨੂੰ ਮਾਰਿਆ। ਇਸ ਨਾਲ ਜੁਝਾਰ ਇੱਕ ਕਦਮ ਪਿੱਛੇ ਹਟਿਆ। ਫਿਰ ਜੁਝਾਰ ਨੇ ਜਵਾਬੀ ਥੱਪੜ ਮਾਰਿਆ, ਪਰ ਗਲੂਸ਼ਕਾ ਨਾ ਡੋਲਿਆ। ਪਹਿਲੇ ਰਾਉਂਡ ਵਿੱਚ ਜੁਝਾਰ ਨੂੰ 9 ਅਤੇ ਗਲੂਸ਼ਕਾ ਨੂੰ 10 ਪੁਆਇੰਟ ਮਿਲੇ।

ਦੂਜੇ ਰਾਉਂਡ ਵਿੱਚ ਗਲੂਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ ’ਤੇ ਸੱਟ ਲੱਗੀ ਅਤੇ ਉਸ ਦਾ ਥੱਪੜ ਫਾਊਲ ਐਲਾਨਿਆ ਗਿਆ। ਤੀਜੇ ਰਾਉਂਡ ਵਿੱਚ ਗਲੂਸ਼ਕਾ ਨੇ ਫਿਰ ਥੱਪੜ ਮਾਰਿਆ, ਪਰ ਜੁਝਾਰ ਨਾ ਡੋਲਿਆ ਅਤੇ ਉਸ ਨੂੰ 10 ਪੁਆਇੰਟ ਮਿਲੇ। ਅੰਤਿਮ ਥੱਪੜ ਵਿੱਚ ਜੁਝਾਰ ਨੇ ਗਲੂਸ਼ਕਾ ਨੂੰ ਇੰਨਾ ਜ਼ੋਰਦਾਰ ਥੱਪੜ ਮਾਰਿਆ ਕਿ ਉਹ ਬੁਰੀ ਤਰ੍ਹਾਂ ਡਗਮਗਾ ਗਿਆ। ਨਤੀਜੇ ਵਜੋਂ ਜੁਝਾਰ ਨੂੰ 29 ਅਤੇ ਗਲੂਸ਼ਕਾ ਨੂੰ 27 ਪੁਆਇੰਟ ਮਿਲੇ।

ਅੱਖ ’ਤੇ ਸੱਟ ਲੱਗੀ ਤਾਂ ਮੁੱਛਾਂ ਨੂੰ ਦਿੱਤਾ ਤਾਅ, ਬੋਲਿਆ ਛੱਡਾਂਗਾ ਨਹੀਂ!

ਦੂਜੇ ਰਾਉਂਡ ਵਿੱਚ ਅੱਖ ’ਤੇ ਸੱਟ ਲੱਗਣ ’ਤੇ ਜੁਝਾਰ ਦੇ ਕੋਚ ਨੇ ਰੁਮਾਲ ਨਾਲ ਮਲ੍ਹਮ ਲਗਾਇਆ। ਕੋਚ ਨੇ ਕਿਹਾ, “ਕੋਈ ਗੱਲ ਨਹੀਂ, ਤੂੰ ਪੰਜਾਬੀ ਹੈਂ।” ਇਸ ’ਤੇ ਜੁਝਾਰ ਨੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਪੰਜਾਬੀ ਵਿੱਚ ਕਿਹਾ, “ਦੱਸਦਾ ਮੈਂ ਤੈਨੂੰ!” (ਮੈਂ ਤੈਨੂੰ ਨਹੀਂ ਛੱਡਣਾ, ਹੁਣੇ ਦਿਖਾਉਂਦਾ ਹਾਂ)।

ਮੂਸੇਵਾਲਾ ਸਟਾਈਲ ’ਚ ਪੱਟ ’ਤੇ ਥਾਪੀ ਮਾਰੀ

ਜਿਵੇਂ ਹੀ ਜਿੱਤ ਦਾ ਐਲਾਨ ਹੋਇਆ ਅਤੇ ਰੈਫਰੀ ਨੇ ਹੱਥ ਚੁੱਕਿਆ, ਜੁਝਾਰ ਸਟੇਜ ’ਤੇ ਭੰਗੜਾ ਪਾਉਣ ਲੱਗ ਪਿਆ ਉਹਨਾਂ ਦੇ ਨਾਲ ਗੋਰੇ ਵੀ ਭੰਗੜੇ ਪਾਉਣ ਲੱਗੇ। ਮੁੱਛਾਂ ਨੂੰ ਤਾਅ ਦਿੰਦੇ ਬੋਲਿਆ, “ਪੰਜਾਬੀ ਆ ਗਏ ਓਏ!” ਫਿਰ ਸਿੱਧੂ ਮੂਸੇਵਾਲਾ ਸਟਾਈਲ ’ਚ ਪੱਟ ’ਤੇ ਜ਼ੋਰਦਾਰ ਥਾਪੀ ਮਾਰੀ।

Share This Article
Leave a Comment