ਬਰੈਂਪਟਨ : ਕੈਨੇਡਾ ‘ਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਾਰ ਖੋਹਣ, ਸ਼ਰਾਬ ਪੀ ਕੇ ਗੱਡੀ ਚਲਾਉਣ, ਗ਼ੈਰਕਾਨੂੰਨੀ ਹਥਿਆਰ ਰੱਖਣ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਦਰਜਨਾਂ ਪੰਜਾਬੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਗਿਣਤੀ ਨੌਜਵਾਨਾਂ ਦੀ ਹੈ ਜੋ ਰਾਤੋਂ-ਰਾਤ ਅਮੀਰ ਬਣਨ ਦੇ ਲਾਲਚ ‘ਚ ਗਲਤ ਰਾਹ ‘ਤੇ ਚੱਲ ਪੈਂਦੇ ਹਨ। ਤਾਜ਼ਾ ਮਾਮਲੇ ‘ਚ ਪੁਲਿਸ ਵਲੋਂ ਬਰੈਂਪਟਨ ਦੇ ਜਗਰਾਜ ਚੀਮਾ ਅਤੇ ਗੁਰਵਿੰਦਰ ਕੰਗ ਨੂੰ ਗ੍ਰਿਫ਼ਤਾਰ ਕਰਦਿਆਂ ਨਸ਼ੀਲਾ ਪਦਾਰਥ ਰੱਖਣ ਅਤੇ ਬਗ਼ੈਰ ਬੀਮੇ ਤੋਂ ਗੱਡੀ ਚਲਾਉਣ ਸਣੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।
ਓਨਟਾਰੀਓ ਪ੍ਰੋਵਿੰਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੀਤੀ 19 ਮਈ ਨੂੰ ਦੁਪਹਿਰ ਦੇ ਲਗਭਗ 2 ਵਜੇ ਕੈਲੇਡਨ ਦੀ ਹੁਰਓਨਟਾਰੀਓ ਸਟ੍ਰੀਟ ਅਤੇ ਮੇਅਫ਼ੀਲਡ ਰੋਡ ਇਲਾਕੇ ਵਿੱਚ ਗਸ਼ਤ ਕਰ ਰਹੇ ਸਟ੍ਰੀਟ ਕ੍ਰਾਈਮ ਪੁਲਿਸ ਅਫ਼ਸਰ ਨੇ ਇੱਕ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਤਾਂ ਇਸ ਵਿਚੋਂ ਹੈਰੋਇਨ ਸਣੇ ਕਈ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲਿਸ ਅਫ਼ਸਰ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਗੱਡੀ ਦਾ ਬੀਮਾ ਵੀ ਨਹੀਂ ਸੀ ਅਤੇ ਲਾਇਸੈਂਸ ਮੁਅੱਤਲ ਹੋਣ ਦੇ ਬਾਵਜੂਦ ਗੱਡੀ ਚਲਾਉਣ ਦਾ ਸਿਲਸਿਲਾ ਵੀ ਜਾਰੀ ਸੀ।
ਗੱਡੀ ਵਿਚੋਂ ਹੈਰਇਨ ਅਤੇ ਮੇਥਮਫੇਟਾਮਿਨ ਬਰਾਮਦ ਕੀਤੀ ਗਈ ਜਦਕਿ ਚੋਰੀ ਕੀਤੇ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਕਾਰਡ ਵੀ ਮਿਲੇ। ਇਸ ਤੋਂ ਇਲਾਵਾ ਗੱਡੀ ਵਿਚ ਚੋਰੀ ਕੀਤੀ ਡਾਕ ਵੀ ਮਿਲੀ ਜੋ ਕੈਲੇਡਨ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਸੀ। ਓਨਟਾਰੀਓ ਪ੍ਰੋਵਿੰਨਸ਼ੀਅਲ ਪੁਲਿਸ ਵੱਲੋਂ ਬਰੈਂਪਟਨ ਦੇ 30 ਸਾਲਾ ਜਗਰਾਜ ਚੀਮਾ ਵਿਰੁੱਧ ਬੀਮੇ ਤੋਂ ਬਗ਼ੈਰ ਗੱਡੀ ਚਲਾਉਣ, ਲਾਇਸੈਂਸ ਮੁਅੱਤਲ ਹੋਣ ਦੇ ਬਾਵਜੂਦ ਗੱਡੀ ਚਲਾਉਣ, ਨੰਬਰ ਪਲੇਟ ਤੋਂ ਬਗ਼ੈਰ ਗੱਡੀ ਚਲਾਉਣ, ਗੱਡੀ ਦੇ ਸ਼ੀਸ਼ੇ ਕਾਲੇ ਕਰਨ, ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਹੈਰੋਇਨ ਤੇ ਮੈਥਮਫੇਟਾਮਿਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਉੱਥੇ ਹੀ ਦੂਜੇ ਪਾਸੇ ਬਰੈਂਪਟਨ ਦੇ ਹੀ 39 ਸਾਲਾ ਗੁਰਵਿੰਦਰ ਕੰਗ ਵਿਰੁੱਧ ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਚੋਰੀ ਕੀਤੇ ਸ਼ਨਾਖ਼ਤੀ ਦਸਤਾਵੇਜ਼ ਰੱਖਣ, ਹੈਰੋਇਨ ਅਤੇ ਮੇਥਮਫੇਟਾਮਿਨ ਰੱਖਣ ਅਤੇ ਰਿਹਾਈ ਦੀਆਂ ਸ਼ਰਤਾਂ ਦੀ ਪਾਲਣਾ ਨਾਂ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਵਾਂ ਦੀ ਓਰੇਂਜਵਿਲ ਦੀ ਅਦਾਲਤ ‘ਚ 25 ਜੁਲਾਈ ਨੂੰ ਪੇਸ਼ੀ ਹੋਵੇਗੀ ਜਿੱਥੇ ਇਹ ਆਪਣੇ ਵਿਰੁੱਧ ਲੱਗੇ ਦੋਸ਼ਾਂ ਬਾਰੇ ਜਵਾਬ ਦੇਣਗੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕਈ ਹਰ ਜਾਣਕਾਰੀ ਹੋਵੇ ਤਾਂ ਕੈਲੇਡਨ ਕਮਿਊਨਿਟੀ ਸਟ੍ਰੀਟ ਕ੍ਰਾਈਮ ਯੂਨਿਟ ਦੇ ਅਫ਼ਸਰਾਂ ਨਾਲ ਸੰਪਰਕ ਕਰੇ।