ਹਰਨੇਕ ਨੇਕੀ ‘ਤੇ ਹਮਲਾ ਕਰਨ ਦੇ ਮਾਮਲੇ ’ਚ ਜਸਪਾਲ ਸਿੰਘ ਨੂੰ 5 ਸਾਲ ਦੀ ਕੈਦ

ਔਕਲੈਂਡ: ਨਿਊਜ਼ੀਲੈਂਡ ਦੇ ਰੇਡੀਓ ਵਿਰਸਾ ਦੇ ਮਾਲਕ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਜਸਪਾਲ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਹੁਣ 41 ਸਾਲਾ ਜਸਪਾਲ ਸਿੰਘ ਇੱਕ ਸਾਲ ਬਾਅਦ ਪੈਰੋਲ ਦਾ ਹੱਕਦਾਰ ਹੋਵੇਗਾ। ਜਸਪਾਲ ਸਿੰਘ ਦੇ ਵਕੀਲ ਨੇ ਜਸਟਿਸ ਜੈਫ਼ਰੀ ਅੱਗੇ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਉਹ ਧਾਰਮਿਕ ਬਿਰਤੀ ਵਾਲਾ ਇਨਸਾਨ ਹੈ ਅਤੇ ਧਰਮ ਨੇ ਹੀ ਉਸ ਨੂੰ ਸਿੱਧੇ ਰਾਹ ਪਾਇਆ ਜੋ ਜਵਾਨੀ ਵੇਲੇ ਭਟਕ ਗਿਆ ਸੀ। ਇਕ ਜ਼ਿੰਮੇਵਾਰ ਪਤੀ ਅਤੇ ਪਿਤਾ ਹੋਣ ਤੋਂ ਇਲਾਵਾ ਜਸਪਾਲ ਸਿੰਘ ਨੇ ਆਪਣੇ ਕਾਰੋਬਾਰ ਵਿਚ ਵੀ ਸਫ਼ਲਤਾ ਹਾਸਲ ਕੀਤੀ ਅਤੇ ਫਿਰ ਭਾਈਚਾਰੇ ਦੀ ਸੇਵਾ ਵਿਚ ਲੱਗ ਗਿਆ। ਪਰ ਅਫਸੋਸ ਵਾਲੀ ਗੱਲ ਇਹ ਰਹੀ ਕਿ ਸਿੱਖ ਧਰਮ ਬਾਰੇ ਇਤਰਾਜ਼ਯੋਗ ਗੱਲਾਂ ਉਸ ਤੋਂ ਬਰਦਾਸ਼ਤ ਨਾ ਹੋਈਆਂ ਅਤੇ ਉਸ ਨੇ ਗੰਭੀਰ ਘਟਨਾ ਨੂੰ ਅੰਜਾਮ ਦੇ ਦਿੱਤਾ।

ਦੱਸਣਯੋਗ ਹੈ ਕਿ 23 ਦਸੰਬਰ 2020 ਦੀ ਰਾਤ ਹੋਏ ਹਮਲੇ ਦੌਰਾਨ ਹਰਨੇਕ ਸਿੰਘ ਨੇਕੀ ਗੰਭੀਰ ਜ਼ਖਮੀ ਹੋ ਗਿਆ ਸੀ। ਔਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਦੀ ਗਲੈਨਰੋਸ ਡਰਾਈਵ ‘ਤੇ ਵਾਪਰੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਕਈ ਜਣਿਆਂ ਨੇ ਇਕੱਠੇ ਹੋ ਕੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਨੇਕ ਨੇਕੀ ਅਕਸਰ ਹੀ ਸਿੱਖ ਇਤਿਹਾਸ ਬਾਰੇ ਗ਼ਲਤ ਬਿਆਨੀ ਕਰ ਰਿਹਾ ਸੀ ਜਿਸ ਕਾਰਨ ਸਿੱਖਾਂ ਵਿਚ ਰੋਸ ਲਗਾਤਾਰ ਵਧਦਾ ਗਿਆ। ਇਸ ਤੋਂ ਪਹਿਲਾਂ ਹਰਨੇਕ ਨੇਕੀ ਨੂੰ ਜੂਨ 2018 ‘ਚ ਪੰਥ ਵਿਚੋਂ ਛੇਕ ਦਿੱਤਾ ਗਿਆ। ਉਹ ਸਿੱਖ ਧਰਮ ਬਾਰੇ ਵਿਵਾਦਤ ਟਿੱਪਣੀਆਂ ਕਾਰਨ ਹੀ ਚਰਚਾ ਵਿਚ ਨਹੀਂ ਰਿਹਾ ਸਗੋਂ ਉਸ ਖਿਲਾਫ ਪੰਜਾਬੀ ਨੌਜਵਾਨਾਂ ਨਾਲ ਠੱਗੀ ਮਾਰਨ ਅਤੇ ਤੈਅਸ਼ੁਦਾ ਮਿਹਨਤਾਨ ਤੋਂ ਘੱਟ ਰਕਮ ਦੇਣ ਦੇ ਦੋਸ਼ ਵੀ ਲੱਗੇ।

ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ ਵਾਅਦੇ ਮੁਤਾਬਕ ਅਦਾਇਗੀ ਨਹੀਂ ਕੀਤੀ ਗਈ। ਇਨ੍ਹਾਂ ਦੋਸ਼ਾਂ ਮਗਰੋਂ ਮਾਮਲਾ ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਕੋਲ ਚਲਾ ਗਿਆ ਅਤੇ ਸ੍ਰੀ ਗੁਰੂ ਸਿੰਘ ਸਭਾ ਆਕਲੈਂਡ ਦੇ ਹਰਨੇਕ ਨੇਕੀ ਨੂੰ ਇਕ ਲੱਖ ਡਾਲਰ ਤੋਂ ਵੱਧ ਜੁਰਮਾਨਾ ਅਤੇ ਤਨਖਾਹਾਂ ਦੀ ਬਣਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ। ਹਰਨੇਕ ਨੇਕੀ ਦੇ ਕਾਰਨਾਮੇ ਇਥੇ ਹੀ ਨਹੀਂ ਰੁਕਦੇ, ਉਸ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਬਾਰੇ ਵੀ ਹੇਠਲੇ ਪੱਧਰ ਦੀਆਂ ਟਿੱਪਣੀਆਂ ਕੀਤੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.