ਜਾਖੜ ਦਾ ਕਾਂਗਰਸ ਨੂੰ ਵੱਡਾ ਝਟਕਾ,ਰੰਗੇ ਭਾਜਪਾ ਦੇ ਰੰਗ ’ਚ

ਜਗਤਾਰ ਸਿੰਘ ਸਿੱਧੂ
ਐਡੀਟਰ

ਪੰਜਾਬ ਕਾਂਗਰਸ ਨੂੰ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਕਮਲ ਦਾ ਫੁੱਲ ਹੱਥ ਵਿੱਚ ਲੈ ਲਿਆ।

ਭਾਜਪਾ ਵੱਲੋਂ ਵੀ ਇਸ ਰਾਜ਼ਸੀ ਘਟਨਾ ਨੂੰ ਇਸ ਕਦਰ ਅਹਿਮੀਅਤ ਦਿੱਤੀ ਗਈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਦੀ ਹਾਜ਼ਰੀ ਵਿੱਚ ਜਾਖੜ ਨੂੰ ਦਿੱਲੀ ਵਿਖੇ ਭਾਜਪਾ ਦਫ਼ਤਰ ਵਿੱਚ ਸਮਾਗਮ ਕਰਕੇ ਸ਼ਾਮਿਲ ਕਰਵਾਇਆ ਗਿਆ।

ਬੇਸ਼ੱਕ ਪਿਛਲੇ ਕਈ ਦਿਨਾਂ ਤੋਂ ਇਹ ਅੰਦਾਜ਼ੇ ਲੱਗ ਰਹੇ ਸਨ ਕਿ ਜਾਖੜ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਅੱਜ ਇਹ ਸਾਰਾ ਕੁੱਝ ਅਸਲੀ ਤਸਵੀਰ ਦੇ ਰੂਪ ਵਿੱਚ ਸਾਹਮਣੇ ਆ ਗਿਆ ਹੈ।

ਇਹ ਕੋਈ ਛੋਟੀ ਰਾਜਸੀ ਘਟਨਾ ਨਹੀਂ ਹੈ ਕਿ 50 ਸਾਲ ਕਾਂਗਰਸ ਦਾ ਸਾਥ ਦੇਣ ਵਾਲਾ ਜਾਖੜ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ ।ਜਿੱਥੇ ਕਾਂਗਰਸ ਲਈ ਇਹ ਘਟਨਾ ਵੱਡਾ ਝਟਕਾ ਹੈ ਉੱਥੇ ਭਾਜਪਾ ਲਈ ਬਹੁਤ ਵੱਡਾ ਹੁਲਾਰਾ ਹੈ ।

ਪਿਛਲੇ ਸਮੇਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਕਈ ਆਗੂ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਪਰ ਜਾਖੜ ਇਹਨਾਂ ਸਾਰਿਆਂ ਵਿੱਚੋਂ ਵੱਡੇ ਰਾਜਸੀ ਕੱਦ ਵਾਲੇ ਨੇਤਾ ਹਨ ।

ਜ਼ਿਕਰਯੋਗ ਹੈ ਕਿ ਕਾਂਗਰਸ ਲੀਡਰਸ਼ਿਪ ਨੇ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਿਛਲੇ ਦਿਨਾਂ ਵਿੱਚ ਕਾਰਵਾਈ ਕਰਦਿਆਂ ਜਾਖੜ ਨੂੰ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਵੱਖ ਕਰ ਦਿੱਤਾ ਸੀ ।ਜਾਖੜ ਨੂੰ ਇਸ ਗੱਲ ਦੀ ਬਹੁਤ ਤਕਲੀਫ਼ ਸੀ ਕਿ ਉਸ ਨੂੰ ਬਗ਼ੈਰ ਸੁਣਿਆ ਹੀ ਨੋਟਿਸ ਦੇ ਦਿੱਤਾ ਗਿਆ।

ਇਸ ਤੋਂ ਇਲਾਵਾ ਜਾਖੜ ਬੇਹੱਦ ਔਖੇ ਸਨ ਕਿ ਕਾਂਗਰਸ ਦੀ ਨੇਤਾ ਅੰਬਿਕਾ ਸੋਨੀ ਨੇ ਕੈਪਟਨ ਅਮਰਿੰਦਰ ਸਿੰਘ ਬਾਅਦ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਰੋੜੇ ਖੜ੍ਹੇ ਕੀਤੇ।ਜਾਖੜ ਦਾ ਕਹਿਣਾ ਸੀ ਕਿ ਅਜਿਹਾ ਸਾਰਾ ਕੁੱਝ ਜਾਤ-ਪਾਤ ਦੇ ਅਧਾਰ ਤੇ ਕੀਤਾ ਗਿਆ।

ਇਸ ਮਾਮਲੇ ਵਿੱਚ ਪਾਰਟੀ ਹਾਈਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਫੈਸਲੇ ਨਾਲ ਵੀ ਸਹਿਮਤੀ ਨਹੀਂ ਸੀ ।ਜਾਖੜ ਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ,ਪੀਰਾਂ ਅਤੇ ਸੰਤਾਂ ਦੀ ਧਰਤੀ ਹੈ ।

ਪੰਜਾਬ ਨੇ ਕਦੇ ਔਖੇ ਸਮਿਆਂ ਵਿੱਚ ਵੀ ਆਪਣੀ ਭਾਈਚਾਰਕ ਸਾਂਝ ਨਹੀਂ ਤੋੜੀ ।ਇਸ ਤਰ੍ਹਾਂ ਕਾਂਗਰਸ ਨੇ ਪੰਜਾਬੀਆਂ ਦੇ ਸੁਭਾਅ ਦੇ ਵਿਰੱੁਧ ਜਾ ਕੇ ਫੈਸਲੇ ਲਏ।ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਜਾਖੜ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਪੰਜਾਬ ਬਾਰੇ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।

ਉਹਨਾਂ ਨੇ ਉਚੇਚੇ ਤੌਰ ‘ਤੇ ਪਿਛਲੇ ਦਿਨੀਂ ਲਾਲ ਕਿਲ੍ਹਾ ਵਿਖੇ ਮਨਾਏ ਗਏ ਗੁਰਪੁਰਬ ਦਾ ਜ਼ਿਕਰ ਕੀਤਾ ਹੈ।ਭਾਜਪਾ ਪ੍ਰਧਾਨ ਨੱਡਾ ਨੇ ਜਾਖੜ ਨੂੰ ਭਾਜਪਾ’ਚ ਸ਼ਾਮਿਲ ਕਰਾਉਣ ਦੇ ਮੌਕੇ ਟੇਢੇ ਢੰਗ ਨਾਲ ਪੰਜਾਬ ਦੀਆਂ ਰਾਜਸੀ ਧਿਰਾਂ ਨੂੰ ਵੀ ਰਾਸ਼ਟਰਵਾਦ ਦੇ ਨਾਂ ਤੇ ਰਗੜੇ ਲਾਏ।

ਭਾਜਪਾ ਨੇਤਾ ਨੇ ਕਈ ਵਾਰ ਕਿਹਾ ਕਿ ਦੂਜੀਆਂ ਪਾਰਟੀਆਂ ਵੱਲੋਂ ਭਾਜਪਾ’ਚ ਸ਼ਾਮਲ ਹੋਣ ਨਾਲ ਪੰਜਾਬ ਅੰਦਰ ਰਾਸ਼ਟਰਵਾਦੀ ਤਾਕਤਾਂ ਨੂੰ ਬਲ਼ ਮਿਲੇਗਾ । ਕੀ ਇਸ ਦਾ ਇਹ ਅਰਥ ਲਿਆ ਜਾਵੇ ਕਿ ਭਾਜਪਾ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਰਾਸ਼ਟਰਵਾਦੀ ਨਹੀਂ ਹਨ?ਖ਼ਾਸ ਤੌਰ ਤੇ ਪੰਜਾਬ ਦੀਆਂ ਧਿਰਾਂ ਬਾਰੇ ਅਜਿਹੀਆਂ ਟਿੱਪਣੀਆਂ ਹੈਰਾਨੀਜਨਕ ਹਨ ਕਿਉਂ ਜੋ ਪੰਜਾਬ ਨੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਸਭ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਵੀ ਪੰਜਾਬ ਦੇ ਜਵਾਨ ਕੁਰਬਾਨੀਆਂ ਦੇ ਕੇ ਦੇਸ਼ ਦੀਆਂ ਹੱਦਾਂ ਦੀ ਰਾਖ਼ੀ ਕਰ ਰਹੇ ਹਨ ।

ਇਸੇ ਪ੍ਰੈੱਸ ਕਾਨਫਰੰਸ ਵਿੱਚ ਰਾਸ਼ਟਰਵਾਦ ਦੇ ਮੁੱਦੇ ਤੇ ਜਾਖੜ ਅਤੇ ਨੱਡਾ ਦੀਆਂ ਟਿੱਪਣੀਆਂ ਵੀ ਪੰਜਾਬ ਬਾਰੇ ਵੱਖਰੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ ।

ਇੱਕ ਪਾਸੇ ਜਾਖੜ ਆਖਦੇ ਹਨ ਕਿ ਪੰਜਾਬੀਆਂ ਨੇ ਹਰ ਮੌਕੇ ਭਾਈਚਾਰਕ ਮਾਹੌਲ ਕਾਇਮ ਰੱਖਿਆ ਹੈ ਅਤੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਲਈ ਗੁਰੁ ਸਾਹਿਬ ਨੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ।

ਦੂਜੇ ਪਾਸੇ ਨੱਡਾ ਆਖ ਰਹੇ ਹਨ ਕਿ ਪੰਜਾਬ ਵਿੱਚ ਭਾਜਪਾ ਮਜ਼ਬੂਤ ਹੋਏਗੀ ਤਾਂ ਰਾਸ਼ਟਰਵਾਦੀ ਤਾਕਤਾਂ ਵੀ ਮਜ਼ਬੂਤ ਹੋਣਗੀਆਂ ।ਜ਼ਮਹੂਰੀਅਤ ਅੰਦਰ ਕਿਸੇ ਰਾਜਸੀ ਨੇਤਾ ਨੂੰ ਦੂਜੀਆਂ ਰਾਜਸੀ ਪਾਰਟੀਆਂ ਦੀ ਅਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ ਪਰ ਕਿਸੇ ਰਾਜਸੀ ਧਿਰ ਨੂੰ ਦੂਜੀਆਂ ਰਾਸ਼ਟਰੀ ਪਾਰਟੀਆਂ ਦੇ ਰਾਸ਼ਟਰਵਾਦ ਸੰਬੰਧੀ ਫੈਸਲਾ ਦੇਣ ਦਾ ਅਧਿਕਾਰ ਕਿਵੇਂ ਮਿਲ ਸਕਦਾ ਹੈ?
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਕਾਂਗਰਸ ਪਾਰਟੀ ਲਗਾਤਾਰ ਮੁਸ਼ਕਿਲਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ ।

ਪਾਰਟੀ ਦੀ ਹਾਈਕਮਾਂਡ ਵੱਲੋਂ ਪੰਜਾਬ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਦੇ ਬਾਵਜ਼ੂਦ ਸਥਿੱਤੀ ਜਿਉਂ ਦੀ ਤਿਉਂ ਬਣੀ ਹੋਈ ਹੈ ।ਜਾਖੜ ਜਿੱਥੇ ਪੰਜਾਬ ਪੱਧਰ ਦੇ ਆਗੂ ਹਨ ਉੱਥੇ ਮਾਲਵੇ ਦੇ ਵੀ ਕੱਦਾਵਰ ਨੇਤਾ ਹਨ।ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੀ ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਤਿੱਖੇ ਮਤਭੇਦ ਹਨ ਅਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਇਹ ਮਾਮਲਾ ਕਿੱਥੇ ਜਾ ਕੇ ਨਿਬੜੇਗਾ।

ਸਪੰਰਕ ਨੰਬਰ :-9814002186

Check Also

ਪੰਜਾਬ ਨੂੰ ਸੰਕਟ ‘ਚੋ ਕੱਢਣ ਲਈ ਉਸਾਰੂ ਬਹਿਸ ਦੀ ਲੋੜ

ਜਗਤਾਰ ਸਿੰਘ ਸਿੱਧੂ ਐਡੀਟਰ ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਲੇਠਾ ਬਜਟ …

Leave a Reply

Your email address will not be published.