ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜੋ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਵੀ ਸਨ। ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਮੀਦ ਲਾਈ ਜਾ ਰਹੀ ਹੈ ਕਿ ਸੁਨੀਲ ਜਾਖੜ ਨੂੰ ਪੰਜਾਬ ਵਿਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਾਂ ਰਾਜ ਸਭਾ ਭੇਜਿਆ ਜਾ ਸਕਦਾ ਹੈ।
ਮੁਲਾਕਾਤ ਤੋਂ ਬਾਅਦ ਜਾਖੜ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੂੰ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਉਨ੍ਹਾਂ ਦੀ ਸਾਦਗੀ ਦਿਲ ਨੂੰ ਛੂਹਣ ਵਾਲੀ ਹੈ ਅਤੇ ਪੰਜਾਬ ਲਈ ਉਨ੍ਹਾਂ ਦੀ ਨਜ਼ਰ ਪ੍ਰੇਰਨਾਦਾਇਕ ਹੈ।
ਸੁਨੀਲ ਜਾਖੜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ ਵਾਪਿਸ ਆਉਣਗੇ । ਇਸ ਮਗਰੋਂ ਉਹ ਪੰਜਾਬ ਵਿੱਚ ਆਪਣੇ ਕੇਡਰ ਨਾਲ ਮੁਲਾਕਾਤ ਕਰਨਗੇ । ਇਸ ਤੋਂ ਇਲਾਵਾ ਦਿੱਲੀ ‘ਚ ਭਾਜਪਾ ਆਗੂਆਂ ਨਾਲ ਜਾਖੜ ਦੀਆਂ ਮੀਟਿੰਗਾਂ ਜਾਰੀ ਰਹੇਗੀ।
ਹਿੰਦੂ ਹੋਣ ਕਾਰਨ ਮੁੱਖ ਮੰਤਰੀ ਅਹੁਦੇ ਦੀ ਦੌੜ ’ਚੋਂ ਬਾਹਰ ਹੋ ਜਾਣ ਤੋਂ ਨਾਰਾਜ਼ ਹੋਏ ਸੁਨੀਲ ਜਾਖੜ ਨੇ ਆਖਰ ਕਾਂਗਰਸ ਨੂੰ ਅਲਵਿਦਾ ਕਹਿਣ ਦੇ ਬਾਅਦ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਹਾਈਕਮਾਨ ਦੀ ਨਜ਼ਰ ਸੁਨੀਲ ਜਾਖੜ ’ਤੇ ਸੀ ਪਰ ਜਾਖੜ ਕਾਂਗਰਸ ਛੱਡਣ ਨੂੰ ਤਿਆਰ ਨਹੀਂ ਸੀ। ਹਿੰਦੂ ਤੇ ਸਿੱਖਾਂ ’ਚ ਬਰਾਬਰ ਪਛਾਣ ਰੱਖਣ ਵਾਲੇ ਜਾਖੜ ਤੋਂ ਭਾਜਪਾ ਨੂੰ ਵੱਡੀਆਂ ਉਮੀਦਾਂ ਹਨ।