ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਹੋਈ ਇਕੱਤਰਤਾ, ਮੁੱਲਵਾਨ ਸੁਝਾਅ ਲਾਗੂ ਕਰਨ ਲਈ ਕੀਤੀ ਜਾਵੇਗੀ ਕਾਰਵਾਈ: ਐਡਵੋਕੇਟ ਧਾਮੀ

Rajneet Kaur
2 Min Read

ਅੰਮ੍ਰਿਤਸਰ: ਅੱਜ ਡਿਜ਼ੀਟਲ ਮਾਧਿਅਮ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਤ ਕੀਤੇ ਗਏ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਇਕੱਤਰਤਾ ਹੋਈ। ਇਸ ਮੌਕੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਇਸ ਮੀਟਿੰਗ ‘ਚ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਯੂਕੇ, ਬੀਬੀ ਇੰਦਰਜੀਤ ਕੌਰ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ, ਸ. ਗੁਰਮੀਤ ਸਿੰਘ ਰੰਧਾਵਾ ਯੂਕੇ, ਡਾ. ਕਵਲਜੀਤ ਕੌਰ ਯੂਕੇ, ਸ. ਰਾਜਬੀਰ ਸਿੰਘ ਕੈਨੇਡਾ, ਡਾ. ਗੁਰਚਰਨਜੀਤ ਸਿੰਘ ਲਾਂਬਾ ਅਮਰੀਕਾ, ਭਾਈ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ ਆਦਿ ਮੌਜੂਦ ਸਨ।

ਇਸ ਦੌਰਾਨ ਬੁਲਾਰਿਆਂ ਨੇ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਸੰਗਠਤ ਕਰਨ ਲਈ ਵਿਸ਼ੇਸ਼ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਕੱਤਰਤਾ ਦੌਰਾਨ ਇਹ ਵਿਚਾਰ ਉਭਰਿਆ ਕਿ ਦੁਨੀਆਂ ਅੰਦਰ ਸਥਿਤ ਹਰ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਿਆ ਹੋਵੇ ਅਤੇ ਅੱਜ ਦੇ ਵਿਸ਼ਵੀ ਪ੍ਰਸੰਗ ਵਿਚ ਸਿੱਖਾਂ ਦੀ ਲੋੜਾਂ, ਸਮੱਸਿਆਵਾਂ ਅਤੇ ਕਾਰਜਾਂ ਲਈ ਇਕ ਏਜੰਡਾ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਇਤਿਹਾਸ ਨੂੰ ਛਾਪਣ ਅਤੇ ਅਤੀਤ ਵਿਚ ਲਏ ਗਏ ਫੈਸਲਿਆਂ, ਮਤਿਆਂ ਅਤੇ ਅਹਿਮ ਕੌਮੀ ਕੇਸਾਂ ਦੀ ਕਾਰਵਾਈ ਅਤੇ ਪੈਰਵਾਈ ਨੂੰ ਸੰਗਤ ਵਿਚ ਪ੍ਰਚਾਰਨ ਲਈ ਯਤਨ ਕਰਨ ਦੀ ਵੀ ਗੱਲ ਕਹੀ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤੇ ਤੇ ਕਿਹਾ ਕਿ ਇਹ ਮੁੱਲਵਾਨ ਸੁਝਾਅ ਲਾਗੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਏ ਸੁਝਾਵਾਂ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਅਤੇ ਮਤਿਆਂ ਨੂੰ ਛਾਪਣ ਦਾ ਕਾਰਜ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਸਿੱਖਾਂ ਦੇ ਵਿਸ਼ਵੀ ਮਾਮਲਿਆਂ ਨੂੰ ਲੈ ਕੇ ਗਠਤ ਕੀਤਾ ਗਿਆ ਹੈ, ਜਿਸ ਦੀਆਂ ਭਵਿੱਖ ਵਿਚ ਇਕੱਤਰਤਾਵਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ ਅਤੇ ਮਿਲੇ ਸੁਝਾਵਾਂ ’ਤੇ ਗੌਰ ਕੀਤਾ ਜਾਵੇਗਾ।

Share this Article
Leave a comment