ਇੰਡੋਨੇਸ਼ੀਆ: ਭੁਚਾਲ ਨੇ ਹਿਲਾਈ ਧਰਤੀ; ਭਾਰੀ ਗਿਣਤੀ ‘ਚ ਹੋਇਆ ਜਾਨੀ ਤੇ ਮਾਲੀ ਨੁਕਸਾਨ

TeamGlobalPunjab
1 Min Read

ਵਰਲਡ ਡੈਸਕ – ਇੰਡੋਨੇਸ਼ੀਆ ‘ਚ ਭੁਚਾਲ ਕਰਕੇ 34 ਲੋਕ ਮਾਰੇ ਗਏ ਹਨ। ਸੁਲਾਵੇਸੀ ਟਾਪੂ ‘ਚ ਆਏ ਭੁਚਾਲ ਕਰਕੇ ਕਈ ਘਰ ਤੇ ਇਮਾਰਤਾਂ ਢਹਿ ਗਈਆਂ। ਕਈ ਥਾਈਂ ਜ਼ਮੀਨ ਵੀ ਖ਼ਿਸਕ ਗਈ ਹੈ। ਇਸ ਭੁਚਾਲ ‘ਚ 600 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 6.2 ਮਾਪੀ ਗਈ ਹੈ।

ਭੁਚਾਲ ਅੱਧੀ ਰਾਤ ਤੋਂ ਬਾਅਦ ਆਇਆ ਤੇ ਲੋਕ ਹਨੇਰੇ ‘ਚ ਘਰੋਂ ਭੱਜਣ ਲਈ ਮਜਬੂਰ ਹੋ ਗਏ। ਹਾਲੇ ਤੱਕ ਪੂਰੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਬਹੁਤ ਸਾਰੇ ਲੋਕ ਮਲਬੇ ਹੇਠ ਦੱਬੇ ਹੋਏ ਹਨ। ਜ਼ਿਆਦਾਤਰ ਲੋਕ ਭੂਚਾਲ ਆਉਣ ਵੇਲੇ ਸੌਂ ਰਹੇ ਸਨ ਤੇ ਇਮਾਰਤਾਂ ਚੋਂ ਬਾਹਰ ਨਹੀਂ ਨਿਕਲ ਸਕੇ। ਹਜ਼ਾਰਾਂ ਲੋਕਾਂ ਨੂੰ ਆਰਜ਼ੀ ਆਸਰੇ ਮੁਹੱਈਆ ਕਰਵਾਏ ਗਏ ਹਨ। ਕਈ ਖੇਤਰਾਂ ‘ਚ ਬਿਜਲੀ ਨਹੀਂ ਹੈ ਤੇ ਫੋਨ ਵੀ ਕੱਟੇ ਗਏ ਹਨ।

ਦੱਸ ਦਈਏ ਇਲਾਕੇ ‘ਚ ਸਥਿਤ ਗਵਰਨਰ ਦਾ ਘਰ ਵੀ ਢਹਿ ਗਿਆ ਹੈ। ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਹੰਗਾਮੀ ਖੋਜ ਤੇ ਬਚਾਅ ਕਾਰਜਾਂ ਬਾਰੇ ਕੈਬਨਿਟ, ਫ਼ੌਜੀ-ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਦੋ ਸਮੁੰਦਰੀ ਜਹਾਜ਼ ਵੀ ਲੋੜੀਂਦੀ ਰਾਹਤ ਤੇ ਬਚਾਅ ਸਮੱਗਰੀ ਨਾਲ ਪ੍ਰਭਾਵਿਤ ਖੇਤਰ ਵੱਲ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਸੁਨਾਮੀ ਦਾ ਖ਼ਤਰਾ ਨਹੀਂ ਹੈ।

Share this Article
Leave a comment