Breaking News

ਗੁਜਰਾਤੀ ਕਵੀ ਵਲੋਂ ਲਿਖੀ ‘ਲਾਸ਼ਾਂ ਢੋਂਦੀ ਗੰਗਾ’ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ

ਗਲੋਬਲ ਪੰਜਾਬ ਟੀਵੀ ਡੈਸਕ : ਗੁਜਰਾਤ ਦੇ ਅਮਰਾਲੀ ਤੋਂ ਕਵੀ ਪਾਰੁਲ ਖੱਖਰ ਦੀ ਇਕ ਕਵਿਤਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਿੱਛਲੇ ਦਿਨੀ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਨੂੰ ਲੈ ਕੇ ਕਵੀ ਦੇ ਮਨ ‘ਚ ਆਏ ਉਛਾਲ ਤੇ ਭਾਵਾਂ ਨੂੰ ਕਵੀ ਨੇ ਗੁਜਰਾਤੀ ਭਾਸ਼ਾ ‘ਚ ਕਲਮਬੱਧ ਕੀਤਾ ਹੈ। ਕਵਿਤਾ ਨੂੰ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਦੱਖਣ ਦੀਆਂ ਭਾਸ਼ਾਵਾਂ ‘ਚ ਟਰਾਂਸਲੇਟ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਲੇਖਕ ਜਸਵੰਤ ਜ਼ਫਰ ਨੇ ਇਸ ਕਵਿਤਾ ਦਾ ਪੰਜਾਬੀ ਭਾਸ਼ਾ ‘ਚ ਅਨੁਵਾਦ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।

ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ

ਕੱਠੇ ਹੋ ਸਭ ਮੁਰਦੇ ਬੋਲੇ,
“ਸਭ ਕੁਛ ਚੰਗਾ ਚੰਗਾ”
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ
ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,
ਲੱਕੜਾਂ ਬਲ ਬਲ ਮੁੱਕੀਆਂ।
ਥੱਕ ਗਏ ਨੇ ਮੋਢੇ ਸਾਰੇ,
ਅੱਖੀਆਂ ਰੋ ਰੋ ਸੁੱਕੀਆਂ।
ਦਰ ਦਰ ਜਾ ਜਮਦੂਤ ਖੇਲਦੇ,
ਮੌਤ-ਨਾਚ ਬੇਢੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।
ਦਿਨ ਰਾਤ ਜੋ ਬਲਣ ਚਿਤਾਵਾਂ,
ਰੋਕ ਨਾ ਪੈਂਦੀ ਪਲ ਭਰ।
ਟੁੱਟੀ ਜਾਂਦੇ ਗਜਰੇ ਵੰਙਾਂ,
ਛਾਤੀਆਂ ਪਿੱਟਣ ਘਰ ਘਰ।
ਲਾਟਾਂ ਦੇਖ ਵੀ ਮੱਛਰੇ ਫਿਰਦੇ,
ਦੋਵੇਂ ‘ਬਿੱਲਾ-ਰੰਗਾ’।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।
ਰਾਜਨ ਤੇਰੇ ਉਜਲੇ ਵਸਤਰ,
ਕਹਿਣ ਤੂੰ ਰੱਬੀ ਜੋਤੀ।
ਤੂੰ ਜੋ ਸੀ ਪੱਥਰ ਤੋਂ ਭੈੜਾ,
ਰਹੇ ਸਮਝਦੇ ਮੋਤੀ।
ਹਿੰਮਤ ਹੈ ਤਾਂ ਬੋਲੋ ਭਾਈ,
ਸਾਡਾ ਰਾਜਨ ਨੰਗਾ।
ਰਾਜਨ ਤੇਰੇ ਰਾਮਰਾਜ ਵਿਚ
ਲਾਸ਼ਾਂ ਢੋਵੇ ਗੰਗਾ।


Check Also

PM ਮੋਦੀ ਬਾਲਾਸੋਰ ਲਈ ਰਵਾਨਾ, ਰੇਲ ਹਾਦਸੇ ਤੋਂ ਬਾਅਦ 18 ਟਰੇਨਾਂ ਰੱਦ

ਨਿਊਜ਼ ਡੈਸਕ: ਓਡੀਸ਼ਾ ਦੇ ਬਾਲਾਸੋਰ ਜ਼ਿਲੇ ਦੇ ਬਹਾਨਾਗਾ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਨੂੰ ਇਕ ਵੱਡਾ …

Leave a Reply

Your email address will not be published. Required fields are marked *