ਅੱਜ ਤੋਂ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਵੇਗਾ ਸ਼ੁਰੂ

Rajneet Kaur
3 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਪਹਿਲੀ ਮਾਰਚ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਸੱਤਾ ਤੇ ਵਿਰੋਧੀ ਧਿਰ ਨੇ ਬਜਟ ਇਜਲਾਸ ’ਚ ਰਣਨੀਤੀ ਬਣਾਉਣ ਲਈ ਵਿਧਾਇਕ ਦਲ ਦੀ ਮੀਟਿੰਗ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਬੁਲਾਈ ਹੈ ।  ਹਾਲਾਂਕਿ ਪਿਛਲੇ ਸਾਲ ਰਾਜਪਾਲ ਦੇ ਸੰਬੋਧਨ ਦੌਰਾਨ ਹੀ ਹੰਗਾਮਾ ਹੋਇਆ ਸੀ।

ਜਾਣਕਾਰੀ ਅਨੁਸਾਰ ਵਿਰੋਧੀ ਧਿਰ ਨੇ ਸੂਬੇ ’ਚ ਅਮਨ-ਕਾਨੂੰਨ ਦੀ ਵਿਗੜੀ ਹੋਈ ਸਥਿਤੀ, ਕਿਸਾਨੀ ਮਸਲੇ, ਹਰਿਆਣਾ ਪੁਲਿਸ ਦੀ ਗੋਲ਼ੀ ਨਾਲ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਦੇਰ ਨਾਲ ਮੁਕਦਮਾ ਦਰਜ ਕਰਨ, ਨਾਜ਼ਾਇਜ਼ ਮਾਈਨਿੰਗ, ਭ੍ਰਿਸ਼ਟਾਚਾਰ, ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਡਿਗਰੀਆਂ ਰੋਕੇ ਜਾਣ ਸਮੇਤ ਕਈ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ।  ਇਸ ਦੇ ਨਾਲ ਹੀ ਬਾਅਦ ਦੁਪਹਿਰ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਅਤੇ 3 ਮਾਰਚ ਨੂੰ ਛੁੱਟੀ ਰਹੇਗੀ। ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। ਇਹ ਬਹਿਸ ਸਿਰਫ਼ ਇੱਕ ਦਿਨ ਤੱਕ ਚੱਲੇਗੀ। ਸਰਕਾਰ 5 ਮਾਰਚ ਨੂੰ ਆਪਣਾ ਬਜਟ ਪੇਸ਼ ਕਰੇਗੀ। ਅਗਲੇ ਦਿਨ ਬਜਟ ‘ਤੇ ਬਹਿਸ ਹੋਵੇਗੀ।

7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8,9,10 ਨੂੰ ਸਰਕਾਰੀ ਛੁੱਟੀਆਂ ਹੋਣਗੀਆਂ। ਜਦਕਿ 11 ਅਤੇ 12 ਮਾਰਚ ਨੂੰ ਵਿਧਾਨ ਸਭਾ ਦਾ ਕੰਮਕਾਜ ਹੈ। ਇਸ ਵਿਚ ਬਿੱਲ ਪੇਸ਼ ਕੀਤੇ ਜਾਣਗੇ। 13 ਅਤੇ 14 ਮਾਰਚ ਗੈਰ-ਸਰਕਾਰੀ ਦਿਨ ਹਨ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 15 ਮਾਰਚ ਨੂੰ ਵੀ ਬਿੱਲ ਆਉਣਗੇ। ਨਾਲ ਹੀ ਇਸ ਦਿਨ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕਿਸਾਨਾਂ, ਮੁਲਾਜ਼ਮਾਂ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ, ਇਸ ਲਈ ਸਦਨ ’ਚ ਮੁੱਖ ਮੰਤਰੀ ਤੋਂ ਅਸਤੀਫ਼ਾ ਮੰਗਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਆਪ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ’ਤੇ ਸਰਕਾਰ ਨੇ ਇਸ ’ਤੇ ਕੋਈ ਅਮਲ ਨਹੀਂ ਕੀਤਾ। ਬਾਜਵਾ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਅਦਿਆਂ ’ਤੇ ਖਰਾ ਨਾ ਉਤਰਨ ਦਾ ਮੁੱਦਾ ਸਦਨ ’ਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment