ਜਗਤਾਰ ਸਿੰਘ ਸਿੱਧੂ
ਐਡੀਟਰ,
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਜਿੱਥੋਂ ਵਜਾਰਤ ਤੋਂ ਛੁੱਟੀ ਕਰ ਦਿੱਤੀ ਉੱਥੇ ਹੀ ਸਿੰਗਲਾ ਨੂੰ ਸਲਾਖਾ ਦੇ ਪਿੱਛੇ ਵੀ ਭਿਜਵਾ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਇਹ ਸੁਨੇਹਾ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੁਭਾਵਿਕ ਹੈ ਕਿ ਮੁੱਖ ਮੰਤਰੀ ਦੇ ਇਸ ਐਕਸ਼ਨ ਦਾ ਵੱਡੀ ਪੱਧਰ ‘ਤੇ ਸਵਾਗਤ ਹੋਇਆ ਹੈ। ਅਸਲ ‘ਚ ਰਿਵਾਇਤੀ ਪਾਰਟੀਆਂ ਵਲੋਂ ਲੰਬੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਆਪੋ ਆਪਣੀਆਂ ਸਰਕਾਰਾਂ ‘ਚ ਦੋਸ਼ਾਂ ਵਾਲੇ ਮੰਤਰੀਆਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਦੇ ਇੱਕ ਨੌਜਵਾਨ ਵਿਧਾਇਕ ਨੇ ਬਹੁਤ ਵਧੀਆ ਟਿੱਪਣੀ ਕੀਤੀ ਹੈ ਕਿ ਜੇਕਰ ਕਾਂਗਰਸ ਸਰਕਾਰ ਵੇਲੇ ਕੋਈ ਅਜਿਹੀ ਕਾਰਵਾਈ ਕੀਤੀ ਹੁੰਦੀ ਤਾਂ ਕਾਂਗਰਸ ਦਾ ਇਹ ਹਾਲ ਨਾਂ ਹੁੰਦਾ। ਇੰਨਾ ਹੀ ਨਹੀਂ ਸਗੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਸਰਕਾਰ ਵੇਲੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਰਵਾਈ ਲਈ ਪਾਰਟੀ ਦੀ ਹਾਈਕਮਾਂਡ ਕੋਲ ਮਾਮਲਾ ਉਠਾਇਆ ਪਰ ਕੋਈ ਕਾਰਵਾਈ ਨਾਂ ਹੋਈ। ਨਤੀਜਾ ਸਭ ਦੇ ਸਾਹਮਣੇ ਹੈ। ਹੁਣ ਸਾਬਕਾ ਮੰਤਰੀ ਬਣ ਚੁੱਕੇ ਸਿੰਗਲਾ ਵਿਰੁੱਧ ਤਾਂ ਕਾਰਵਾਈ ਹੋ ਗਈ ਹੈ, ਪਰ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਲੰਬੀ ਲੜਾਈ ਅਜੇ ਬਾਕੀ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਭ੍ਰਿਸ਼ਟਾਚਾਰ ਖਤਮ ਕਰਨ ਲਈ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਮੁਹਿੰਮ ਦਾ ਪੰਜਾਬੀ ਡੱਟ ਕੇ ਸਾਥ ਦੇਣਗੇ, ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ, ਕੀ ਇਹ ਲੜਾਈ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਕਿਸੇ ਸਿੱਟੇ ‘ਤੇ ਪਹੁੰਚਾਈ ਜਾਵੇਗੀ?
ਜੇਕਰ ਸਾਬਕਾ ਸਿਹਤ ਮੰਤਰੀ ਸਿੰਗਲਾ ਦੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਇਸ ਤੋਂ ਗੈਰ ਮਾਨਵੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਮਾਨਵਤਾ ਦੀ ਸੇਵਾ ਵਾਲੇ ਸਿਹਤ ਮਹਿਕਮੇ ਦਾ ਮੰਤਰੀ ਹੀ ਭ੍ਰਿਸ਼ਟਾਚਾਰ ‘ਚ ਡੁੱਬ ਗਿਆ ਹੋਵੇ। ਇਹ ਹੋਰ ਵੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਜਿਹੜੀਆਂ ਗਰੰਟੀਆਂ ਦੇ ਕੇ ਸੱਤਾ ‘ਚ ਆਈ ਹੈ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗਰੰਟੀ ਉਨ੍ਹਾਂ ਸਾਰੀਆਂ ਗਰੰਟੀਆਂ ‘ਚੋਂ ਇੱਕ ਅਹਿਮ ਗਰੰਟੀ ਹੈ। ਇਸ ਮਹਿਕਮੇ ਦਾ ਸਲਾਖਾਂ ਪਿੱਛੇ ਗਿਆ ਸਾਬਕਾ ਮੰਤਰੀ ਸਿੰਗਲਾ ਆਪ ਵੀ ਡਾਕਟਰ ਹੈ ਤਾਂ ਉਸ ਨੂੰ ਇਸ ਮਹਿਕਮੇ ਦੀ ਅਹਿਮੀਅਤ ਦਾ ਭਲੀ ਭਾਂਤ ਪਤਾ ਹੈ। ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ 15 ਅਗਸਤ ਤੋਂ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਦੂਜੇ ਪਾਸੇ ਮਹਿਕਮੇ ਦਾ ਮੰਤਰੀ ਹੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਜਾਰਤ ‘ਚੋਂ ਬਾਹਰ ਕਰਨਾ ਪੈ ਗਿਆ। ਪੰਜਾਬ ਨੂੰ ਪਹਿਲਾਂ ਹੀ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਲੋੜ ਹੈ। ਹਸਪਤਾਲਾਂ ਦੀਆਂ ਇਮਾਰਤਾਂ ਕਈ ਜ਼ਿਲਿਆਂ ਅੰਦਰ ਖਸਤਾ ਹਾਲਤ ‘ਚ ਹਨ। ਹਸਪਤਾਲਾਂ ‘ਚ ਡਾਕਟਰਾਂ ਦੀ ਵੱਡੀ ਘਾਟ ਹੈ ਅਤੇ ਨਾਂ ਹੀ ਲੋੜੀਂਦਾ ਸਾਜ਼ੋ ਸਮਾਨ ਹੈ। ਇਸ ਸਥਿਤੀ ‘ਚ ਮਾਨ ਸਰਕਾਰ ਲਈ ਹੋਰ ਵੀ ਵੱਡੀ ਚੁਣੌਤੀ ਬਣ ਗਈ ਹੈ ਕਿ ਪੰਜਾਬੀਆਂ ਨੂੰ ਦਿੱਤੀ ਸਿਹਤ ਗਰੰਟੀ ਪੂਰੀ ਕਿਵੇਂ ਕੀਤੀ ਜਾਵੇਗੀ?
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਜਿਹੜੇ ਸਾਬਕਾ ਕੈਬਨਿਟ ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਦੀਆਂ ਫਾਈਲਾਂ ਵੀ ਖੋਲ੍ਹੀਆਂ ਜਾਣਗੀਆਂ। ਇਸ ਨਾਲ ਕਈ ਸਾਬਕਾ ਮੰਤਰੀਆਂ ‘ਤੇ ਸਿੱਥੇ ਤੌਰ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਸਥਿਤੀ ‘ਚ ਆਪ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਵੇਗਾ। ਮਿਸਾਲ ਵੱਜੋਂ ਕਾਂਗਰਸ ਸਰਕਾਰ ਦੇ ਸਾਬਕਾ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸਾਬਕਾ ਕੈਬਨਿਟ ਮੰਤਰੀਆਂ ਵਿਰੁੱਧ ਕਰਵਾਈ ਜਾਣ ਵਾਲੀ ਕਿਸੇ ਵੀ ਜਾਂਚ ਦਾ ਉਹ ਸਵਾਗਤ ਕਰਨਗੇ ਪਰ ਇਸ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਸਪੰਰਕ ਨੰਬਰ : 9814002186