ਮੇਰਾ ਦ੍ਰਿਸ਼ਟੀਕੋਣ – ਕੰਵਰ ਸੰਧੂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੋਹਾਲੀ ਹਵਾਈ ਅੱਡੇ ਤੋਂ ਕੈਨੇਡਾ ਅਤੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਵਾਸਤੇ ਉਪਰਾਲਾ ਇਸ ਮੌਕੇ ਸਹੀ ਨਹੀਂ ਹੈ। ਸੁਭਾਵਿਕ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਵੇਲੇ ਲੋੜ ਹੈ ਭਗਵੰਤ ਮਾਨ ਨੂੰ ਮੋਹਾਲੀ ਦੀ ਥਾਂ ਅੰਮ੍ਰਿਤਸਰ ਤੋਂ ਕੈਨੇਡਾ ਅਤੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਲਈ ਯਤਨ ਕਰਨ ਦੀ। ਇਸ ਵਾਸਤੇ, ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸਦੇ ਸਿੱਟੇ ਵੀ ਮਿਲਣ ਦੇ ਨੇੜੇ ਹਨ। ਮੋਹਾਲੀ ਤੋਂ ਲੰਮੀ ਦੂਰੀ ਦੀਆਂ ਉਡਾਨਾਂ ਸ਼ੂਰ ਕਰਨ ‘ਚ ਸਮਾਂ ਲੱਗ ਸਕਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਚੰਡੀਗੜ੍ਹ-ਮੋਹਾਲੀ ਹਵਾਈ ਅੱਡਾ ਮਹੱਤਵਪੂਰਨ ਨਹੀਂ ਹੈ, ਪਰ ਇਸ ਵਾਸਤੇ ਉਪਰਾਲਾ ਅਗਲੇ ਪੜ੍ਹਾਅ ‘ਚ ਕਰਨਾ ਚਾਹੀਦਾ ਹੈ। ਪਹਿਲੇ ਪੜਾਅ ‘ਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰ-ਰਾਸ਼ਟਰੀ ਸੇਵਾਵਾਂ ਸ਼ੁਰੂ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਦੀ ਲੋੜ ਹੈ।
ਚੰਡੀਗੜ੍ਹ- ਮੋਹਾਲੀ ਹਵਾਈ ਅੱਡੇ ਨੂੰ ਲੰਮੀ ਦੂਰੀ ਦੀਆਂ ਹਵਾਈ ਸੇਵਾਵਾਂ ਲਈ ਤਿਆਰ ਕਰਨ ‘ਚ ਸਮਾਂ ਲੱਗੇਗਾ। ਹਵਾਈ ਅੱਡੇ ਨੂੰ CAT-2 ਤੋਂ CAT-3 ਲੈਵਲ ‘ਤੇ ਅੱਪਗ੍ਰੇਡ ਕਰਨ ਦੀ ਲੋੜ ਹੈ। ਜਿੰਨਾਂ ਚਿਰ ਤੱਕ ਇਹ ਨਹੀਂ ਹੁੰਦਾ, ਸਰਦੀ ਦੇ ਮੌਸਮ ‘ਚ ਸੰਘਣੀ ਧੁੰਦ ਵੇਲੇ ਦੂਰ-ਤੱਕ ਦੇਖ ਸਕਣ ਦੀ ਸੁਵਿਧਾ ਮੋਹਾਲੀ ‘ਚ ਮੁਹਈਆ ਹੀ ਨਹੀਂ, ਜਿਸ ਵਾਸਤੇ ਭਾਰਤੀ ਹਵਾਈ ਫ਼ੌਜ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਚੰਡੀਗੜ੍ਹ-ਮੋਹਾਲੀ ਹਵਾਈ ਅੱਡੇ ਨੂੰ ਸਿਵਲ ਅਤੇ ਹਵਾਈ ਫ਼ੌਜ ਦੋਵੇਂ ਵਰਤ ਰਹੇ ਹਨ। ਮੌਜੂਦਾ ਹਲਾਤਾਂ ’ਚ ਕੁਝ ਗਿਣਤੀ ਦੀਆਂ ਘਰੇਲੂ ਫਲਾਈਟਾਂ ਹੀ ਮੋਹਾਲੀ ਹਵਾਈ ਅੱਡੇ ਤੋਂ ਚਲਾਈਆਂ ਜਾ ਰਹੀਆਂ ਹਨ। ਅੰਤਰ-ਰਾਸ਼ਟਰੀ ਫਲਾਈਟਾਂ ਸਿਰਫ ਦੁਬਈ ਅਤੇ ਸ਼ਾਹਜਾਹ ਲਈ ਹੀ ਇੱਥੋਂ ਚੱਲ ਰਹੀਆਂ ਹਨ ਅਤੇ ਇਹਨਾਂ ‘ਚ ਵੀ ਸਰਦੀ ਦੇ ਖ਼ਰਾਬ ਮੌਸਮ ਦੌਰਾਨ ਵਿਗਨ ਪੈ ਜਾਂਦਾ ਹੈ।
ਦੂਜੇ ਪਾਸੇ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ ਪੂਰੀ ਤਰ੍ਹਾਂ ਤਿਆਰ ਹੈ। ਇਸ ਹਵਾਈ ਅੱਡੇ ‘ਤੇ 12,000 ਫੁੱਟ ਤੋਂ ਵੱਧ ਲੰਮੀ ਹਵਾਈ ਪੱਟੀ ਮੌਜੂਦ ਹੈ। CAT-3 ਲੈਵਲ ਸਿਸਟਮ ਵੀ ਅੰਮ੍ਰਿਤਸਰ ਹਵਾਈ ਅੱਡੇ ‘ਚ ਉਪਲਬੱਧ ਹੈ। ਇਸ ਹਵਾਈ ਪੱਟੀ ਨੂੰ ਕਈ ਵਾਰ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਦਿੱਲੀ ਅੱਡੇ ‘ਤੇ ਖ਼ਰਾਬ ਮੌਸਮ ਦੇ ਚੱਲਦਿਆਂ ਹਵਾਈ ਜਹਾਜ਼ ਨੂੰ ਉਤਾਰਣ ‘ਚ ਦਿੱਕਤ ਆਉਂਦੀ ਹੈ। ਲੰਮੇ ਸਮੇਂ ਤੋਂ ਲਟਕ ਰਿਹਾ ਮਸਲਾ ਹੁਣ ਤੇਜ਼ੀ ਫੜ ਰਿਹਾ ਹੈ। ਕੈਨੇਡੀਅਨ ਪਾਰਲੀਮੈਂਟ ‘ਚ ਇਸ ਮਸਲੇ ਉਪਰ ਦੋਵੇਂ ਪਾਰਟੀਆਂ – ਲਿਬਰਲ ਅਤੇ ਕੰਜ਼ਰਵੇਟਿਵ ਇੱਕ ਹਨ। ਪੰਜਾਬੀ ਮੂਲ ਦੀ ਐਮ ਪੀ, ਰੂਬੀ ਸਹੋਤਾ ਨੇ ਇਸ ਮੁੱਦੇ ਨੂੰ ਕੈਨੇਡਾ ਦੀ ਪਾਰਲੀਮੈਂਟ ‘ਚ ਉਠਾਇਆ ਸੀ। ਹੁਣੇ-ਹੁਣੇ ਇਹ ਮੁੱਦਾ ਕੈਨੇਡਾ ਦੇ ਟਰਾਂਸਪੋਰਟ ਮੰਤਰੀ, ਉਮਰ ਅਲਗਾਬਰਾ ਅਤੇ ਭਾਰਤ ਦੇ ਹਵਾਬਾਜ਼ੀ ਮਾਮਲਿਆਂ ਦੇ ਮੰਤਰੀ ਜਯੋਤੀਰਾਦਿੱਤਿਆ ਸਿੰਧਿਆ ਵਿਚਾਲੇ ਵੀ ਵਿਚਾਰਿਆ ਗਿਆ। ਥੋੜ੍ਹਾ ਸਮਾਂ ਪਹਿਲਾਂ ਸੰਸਦ ਮੈਂਬਰ, ਬਰੈਡ ਵਿਸ, ਦੀ ਮਦਦ ਨਾਲ ਅੰਮ੍ਰਿਤਸਰ ਲਈ ਸਿੱਧੀ ਉਡਾਣ ਲਈ ਕੈਨੇਡੀਅਨ ਪਾਰਲੀਮੈਂਟ ‘ਚ ਪਟੀਸ਼ਨ ਵੀ ਪਾਈ ਗਈ।
ਕੈਨੇਡਾ ਤੋਂ ਦਿੱਲੀ ਲਈ ਹਫਤੇ ‘ਚ 29 ਸਿੱਧੀਆਂ ਉਡਾਣਾਂ ਹਨ। ਇਨ੍ਹਾਂ ਫਲਾਈਟਾਂ ‘ਚ ਸਫ਼ਰ ਕਰਨ ਵਾਲੇ ਜ਼ਿਯਾਦਾ ਪੰਜਾਬੀ ਹੁੰਦੇ ਹਨ। ਜਿਹੜੇ ਯਾਤਰੀ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਨੇ, ਉਨ੍ਹਾਂ ਨੂੰ ਆਪਣੇ ਜੱਦੀ ਸ਼ਹਿਰਾਂ ਅਤੇ ਪਿੰਡਾਂ ਤੱਕ ਪਹੁੰਚਣ ਲਈ ਹੋਰ 5 ਤੋਂ 10 ਘੰਟੇ ਦਾ ਸਫ਼ਰ ਸੜਕ ਰਾਹੀਂ ਤੈਅ ਕਰਨਾ ਪੈਂਦਾ ਹੈ। ਜੇਕਰ ਕੈਨੇਡਾ ਅਤੇ ਅਮਰੀਕਾ ਤੋਂ ਸਿੱਧੀਆਂ ਫਲਾਈਟਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਦੀਆਂ ਹਨ, ਤਾਂ ਲੱਖਾਂ ਯਾਤਰੀਆਂ, ਖ਼ਾਸਕਰ ਪੰਜਾਬ ਦੇ ਦੁਆਬੇ ਨਾਲ ਸਬੰਧਤ ਲੋਕਾਂ, ਨੂੰ ਫ਼ਾਇਦਾ ਪਹੁੰਚੇਗਾ। ਇਸ ਦੇ ਨਾਲ ਕਈਆਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਬਾਰਡਰ ਹੋਣ ਕਾਰਨ ਭਾਰਤ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੋਰ ਪੈਸੇ ਖਰਚਣ ਤੋਂ ਕਤਰਾ ਰਹੀ ਹੈ। ਪਰ ਜੇਕਰ ਪਾਕਿਸਤਾਨ ‘ਚ ਲਾਹੋਰ ਹਵਾਈ ਅੱਡੇ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਾਨਤਾ ਮਿਲ਼ੀ ਸਕਦੀ ਹੈ ਤਾਂ ਫਿਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਕਿਉਂ ਨਹੀਂ?