ਦੀਵਾਲੀ ਅੰਬਰਸਰ ਦੀ… ਡਾ. ਰੂਪ ਸਿੰਘ*

TeamGlobalPunjab
16 Min Read

ਦੀਵਾਲੀ ਅੰਬਰਸਰ ਦੀ…

ਡਾ. ਰੂਪ ਸਿੰਘ*

ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ, ਪਹਿਚਾਣ ਤੇ  ਇਤਿਹਾਸਕ ਗੌਰਵ ਹੈ। ਅੰਮ੍ਰਿਤਸਰ ਏਸ਼ੀਆ ਮਹਾਂਦੀਪ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਸ਼ਹਿਰ ਹੈ, ਜਿਸ ਨੂੰ ਪੰਜਾਬ ਦਾ ਦਿਲ ਤੇ ਗੁਰਸਿੱਖਾਂ ਦੀ ਜਿੰਦ-ਜਾਨ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ। ਅੰਮ੍ਰਿਤਸਰ ਸਿੱਖ-ਧਰਮ ਦਾ ਕੇਂਦਰੀ ਸਥਾਨ, ਸਿੱਖ-ਵਿਸ਼ਵਾਸਾਂ ਦਾ ਧੁਰਾ, ਗੁਰਸਿੱਖਾਂ ਲਈ ਪ੍ਰੇਰਨਾ-ਸ੍ਰੋਤ ਤੇ ਸ਼ਕਤੀ ਦਾ ਪ੍ਰਮੁੱਖ ਸੋਮਾ ਹੈ, ਸਿੱਖ ਪ੍ਰੰਪਰਾਵਾਂ ਤੇ ਸਿੱਖ ਗੌਰਵ ਦੀ ਜੀਉਂਦੀ-ਜਾਗਦੀ ਮਿਸਾਲ ਹੈ।

ਅੰਮ੍ਰਿਤਸਰ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਵਿਸ਼ਵ ਦੇ ਲੋਕਾਂ ਲਈ ਵਿਸ਼ਵ-ਧਰਮ ਮੰਦਰ, ਸ੍ਰੀ ਹਰਿਮੰਦਰ ਸਾਹਿਬ ਕਰਕੇ ਖਿੱਚ ਦਾ ਕੇਂਦਰ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚੋਂ ਕੋਈ ਵੀ ਕਿਸੇ ਸਮੇਂ ਬਿਨਾਂ ਕਿਸੇ ਰੋਕ-ਟੋਕ ਦੇ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਕਰ ਸਕਦਾ ਹੈ। ਜਾਤੀ, ਨਸਲ ਜਾਂ ਖੇਤਰੀ ਭਿੰਨ-ਭੇਦ ਇਥੇ ਨਹੀਂ ਪੁੱਛਿਆ ਜਾਂਦਾ। ਇਹੀ ਕਾਰਨ ਹੈ ਕਿ ਹਰ ਫਿਰਕੇ ਹਰ ਧਰਮ ਨਾਲ ਸੰਬੰਧਤ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ। ਸ੍ਰੀ ਅੰਮ੍ਰਿਤਸਰ ਜੀ ਦੀ ਸਿਰਜਨਾ ਦੇ ਸਮੇਂ ਤੋਂ ਹੀ ਹਰ ਕਿੱਤੇ ਦੇ ਲੋਕਾਂ ਨੂੰ ਇਥੇ ਵਸਾਇਆ ਗਿਆ ਸੀ।

ਸ੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਅੰਮ੍ਰਿਤ ਸਰੋਵਰ ਦੀ ਆਰੰਭਤਾ ਕਰਵਾਈ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਸੰਪੂਰਨ ਤੇ ਪੱਕਿਆਂ ਕਰ, ਵਿਚਕਾਰ “ਹਰਿਮੰਦਰ” ਦਾ ਨਿਰਮਾਣ ਕਰਵਾਇਆ। ਅੰਮ੍ਰਿਤ-ਸਰੋਵਰ ਤੇ ਹਰਿਮੰਦਰ ਦੀ ਸਿਰਜਣਾ ਦਾ ਉਦੇਸ਼ ਚਹੁੰ ਵਰਨਾਂ ਨੂੰ ਸਾਂਝੀਵਾਲਤਾ ਉਪਦੇਸ਼ ਦੇਣਾ ਸੀ। ਹਰਿਮੰਦਰ ਦੀ ਸਿਰਜਣਾ ਤੇ ਇਮਾਰਤ-ਕਲਾ ਅਲੌਕਿਕ, ਅਨੂਠੀ ਤੇ ਵਿਲੱਖਣ ਹੈ। ਇਸੇ ਲਈ ਤਾਂ ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਦੇ ਅਦੁੱਤੀ ਹੋਣ ਬਾਰੇ ਫੁਰਮਾਨ ਕਰਦੇ ਹਨ :

- Advertisement -

      ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1362)

1604 ਈਸਵੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਿੱਖ-ਧਰਮ ਦੇ ਕੇਂਦਰੀ ਅਸਥਾਨ ਦਾ ਨਿਰਮਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰ ਕੇ ਸਿੱਖ ਧਰਮ ਨੂੰ ਪੱਕੇ ਪੈਰੀਂ ਖੜ੍ਹਾ ਕਰ ਦਿੱਤਾ। ਧਰਮ ਪ੍ਰਚਾਰ-ਪ੍ਰਸਾਰ ਹਿੱਤ ਗੁਰੂ ਅਰਜਨ ਦੇਵ ਜੀ ਵੱਲੋਂ ਕੀਤੇ ਗਏ ਕਾਰਜਾਂ ਕਰਕੇ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਖੇਤਰ ਬਹੁਤ ਵਧ ਗਿਆ। ਸਿੱਖਾਂ ਦੀ ਆਪਣੀ ਹੋਂਦ ਤੇ ਹਸਤੀ ਪ੍ਰਤੱਖ ਦਿਖਾਈ ਦੇਣ ਲੱਗੀ। ਸਰਬ-ਸਾਂਝੇ ਧਰਮ ਮੰਦਰ ਦੀ ਉਸਾਰੀ ਤੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਹੋ ਜਾਣ ਨਾਲ ਬਹੁਤ ਸਾਰੇ ਹਿੰਦੂ ਮੁਸਲਮਾਨ ਗੁਰੂ-ਘਰ ਵੱਲ ਪ੍ਰੇਰਿਤ ਹੋਏ। ਹਰਿਮੰਦਰ ਸਾਹਿਬ –

      ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1299)

ਦਾ ਉਪਦੇਸ਼ ਆਪਣੀ ਸਿਰਜਣਾ ਤੋਂ ਮਾਨਵਤਾ ਨੂੰ ਦਿੰਦਾ ਆ ਰਿਹਾ ਹੈ। ਇਸੇ ਲਈ ਮੌਲਾਨਾ ਜਫਰ ਅਲੀ ਨੇ ਕਿਹਾ ਸੀ:,

      ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ,

- Advertisement -

      ਕਿ ਕਬੀ ਅਹਿਲੇ ਮਜ਼ਹਬ ਮੇਂ ਦੋਸਤੀ ਮੁਸਕਰਾਈ ਥੀ।

ਸਿੱਖਾਂ ਲਈ ਅੰਮ੍ਰਿਤਸਰ ਦੀ ਇਤਿਹਾਸਕ ਮਹੱਤਤਾ ਤੇ ਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਸਕਦਾ ਹੈ ਕਿ ਵਿਸ਼ਵ ਦੇ ਕੋਨੇ-ਕੋਨੇ ਵਿਚ ਬੈਠੇ ਗੁਰਸਿੱਖ ਰੋਜ਼ਾਨਾ ਅਰਦਾਸ ਦੇ ਇਹ ਸ਼ਬਦ ਦਿਲ ਦੀ ਗਹਿਰਾਈਆਂ ਵਿੱਚੋਂ ਉਚਾਰਦੇ ਹਨ:

      ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ।     

ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ-ਇਸ਼ਨਾਨ ਕਰਨੇ ਹਰ ਸਿੱਖ ਲੋਚਦਾ ਹੈ। ਸਦੀਆਂ ਬੀਤ ਗਈਆਂ, ਸਦੀਆਂ ਬੀਤ ਜਾਣਗੀਆਂ, ਪਰ ਅੰਮ੍ਰਿਤਸਰ ਸਿੱਖ-ਸਿਧਾਂਤਾਂ, ਸਿੱਖ-ਮਰਯਾਦਾ ਤੇ ਸਿੱਖ-ਸ਼ਕਤੀ ਦੇ ਪ੍ਰੇਰਨਾ-ਸ੍ਰੋਤ ਵਜੋਂ ਜਾਣਿਆ-ਪਹਿਚਾਣਿਆ, ਸਤਿਕਾਰਿਆ ਜਾਵੇਗਾ। ਹਰਿਮੰਦਰ ਸਾਹਿਬ ਕਿਸੇ ਵਿਅਕਤੀ-ਵਿਸ਼ੇਸ਼ ਦੀ ਮਹਾਨਤਾ ਨੂੰ ਨਹੀਂ ਪ੍ਰਗਟਾਉਂਦਾ, ਇਹ ਤਾਂ ਪਰਮਾਤਮਾ ਦੀ ਏਕਤਾ, ਮਨੁੱਖੀ ਬਰਾਬਰਤਾ, ਸਰਵ-ਸਾਂਝੀਵਾਲਤਾ ਦਾ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦੇ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿਨ-ਰਾਤ ਕੇਵਲ ਪਰਮਾਤਮਾ ਦੀ ਕੀਰਤੀ ਹੀ ਗਾਈ ਜਾਂਦੀ ਹੈ ਤੇ ਉਹ ਵੀ ਕੇਵਲ ਗੁਰਬਾਣੀ ਦੇ ਰੂਪ ਵਿਚ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼-ਗੁਰਪੁਰਬ, ਗੁਰ-ਗੱਦੀ ਦਿਵਸ, ਜੋਤੀ ਜੋਤ ਸਮਾਉਣ ਦੇ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼-ਦਿਵਸ ਤੇ ਗੁਰ-ਗੱਦੀ ਦਿਵਸ ਮਨਾਏ ਜਾਂਦੇ ਹਨ। ਪਰ ਇਨ੍ਹਾਂ ਪਾਵਨ ਇਤਿਹਾਸਕ ਗੁਰਪੁਰਬਾਂ ਨੂੰ ਮਨਾਉਣ ਦਾ ਢੰਗ ਵੀ ਅਲੌਕਿਕ ਹੈ। ਸੰਬੰਧਤ ਗੁਰਪੁਰਬ ਸਬੰਧੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ ਤੇ ਅਰਦਾਸ ਵਿਚ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਜਾਂਦਾ ਹੈ। ਇਨ੍ਹਾਂ ਸਾਰਿਆਂ ਗੁਰਪੁਰਬਾਂ ਸਬੰਧੀ ਧਾਰਮਿਕ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੇ ਜਾਂਦੇ ਹਨ, ਜਿਥੇ ਵਿਦਵਾਨ ਬੁਲਾਰੇ, ਇਤਿਹਾਸਕਾਰ, ਵਿਆਖਿਆਕਾਰ, ਰਾਗੀ, ਢਾਡੀ, ਕਵੀਸ਼ਰ ਗੁਰਪੁਰਬਾਂ ਦੀ ਇਤਿਹਾਸਕ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਂਦੇ ਹਨ। ਇਨ੍ਹਾਂ ਇਤਿਹਾਸਕ ਗੁਰਪੁਰਬਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’ ਅਤੇ ‘ਦੀਵਾਲੀ’ ਦਾ ਦਿਨ ‘ਬੰਦੀ-ਛੋੜ ਦਿਵਸ’ ਦੇ ਰੂਪ ਵਿਚ ਪੰਥਕ ਤੌਰ ‘ਤੇ ਮਨਾਇਆ ਜਾਂਦਾ ਹੈ।

‘ਦੀਪਾਵਲੀ’ ਸੰਸਕ੍ਰਿਤ ਮੂਲ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਦੀਵੇ ਜਗਾਉਣੇ, ਚਾਨਣ ਕਰਨਾ। ਇਹ ਚਾਨਣ ਕਿਸੇ ਖਾਸ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਦੂਜੇ ਧਰਮਾਂ ਵਿਚ ਦੀਵਾਲੀ ਦੀਪ-ਪੂਜਾ ਤੇ ਲੱਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ। ਸਿੱਖ ਦੀਵਾਲੀ ਨਹੀਂ ਮਨਾਉਂਦੇ, ਸਿੱਖ ਤਾਂ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ੍ਰੀ ਅੰਮ੍ਰਿਤਸਰ ਆਗਮਨ ਦੀ ਖੁਸ਼ੀ ਵਿਚ ਦੀਵੇ ਜਗਾਉਂਦੇ ਹਨ, ਰੌਸ਼ਨੀ ਕਰ ਕੇ, ਆਤਿਸ਼ਬਾਜੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰਦੇ ਹਨ, ਇਸ ਤਰ੍ਹਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀ-ਛੋੜ ਦਿਵਸ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਤ ਹੋ ਗਈ:

      ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।

ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ ਮੁਗਲ ਸਰਕਾਰ ਆਰੰਭ ਤੋਂ ਹੀ ਸਿੱਖ-ਪੰਥ ਦੇ ਵਿਰੁੱਧ ਰਹੀ। ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਕਿਸੇ ਤਰ੍ਹਾਂ ਦੀ ਸੁਖਾਵੀਂ ਨਹੀਂ ਸੀ ਲੱਗਦੀ। ਇਹੀ ਕਾਰਨ ਸੀ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਬਾਦਸ਼ਾਹ ਜਹਾਂਗੀਰ ਨੂੰ ਖਿਆਲ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਲਹਿਰ ਮੂਲੋਂ ਹੀ ਦਬ ਜਾਏਗੀ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿੱਛੋਂ “ਦਲਿ ਭੰਜਨ ਗੁਰੁ ਸੂਰਮਾ” ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ’ਤੇ ਬਿਰਾਜਮਾਨ ਹੁੰਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ, ਚੰਗੇ ਘੋੜੇ ਤੇ ਸ਼ਸਤਰ ਭੇਟਾ ਹਿੱਤ ਲਿਆਉਣ ਲਈ ਹੁਕਮਨਾਮੇ ਜਾਰੀ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਸੱਚ ਦਾ ਚੰਦ੍ਰਮਾ ਜਬਰ-ਜ਼ੁਲਮ ਦੀ ਸ਼ਕਤੀ ਨਾਲ ਢੱਕਿਆ ਨਹੀਂ ਗਿਆ ਸਗੋਂ ਸੱਚ ਦਾ ਪ੍ਰਕਾਸ਼ ਕਰਨ ਲਈ ਹੋਰ ਚਮਕੇਗਾ। ਜਹਾਂਗੀਰ ਪਾਸ ਇਹ ਖਬਰਾਂ ਪਹੁੰਚਣੀਆਂ ਸ਼ੁਰੂ ਹੋਈਆਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ ਕੇ ਹਥਿਆਰਬੰਦ ਸੈਨਾ ਤਿਆਰ ਕਰ ਲਈ ਹੈ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ। ਜਹਾਂਗੀਰ ਇਹ ਸਭ ਦੇਖ ਹੈਰਾਨ-ਪ੍ਰੇਸ਼ਾਨ ਹੋਇਆ। ਉਹ ਤਾਂ ਪਹਿਲਾਂ ਹੀ ਨਾਨਕ ਨਿਰਮਲ ਪੰਥ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਸੀ, ਜਿਹੜਾ ਕਿ ਉਸ ਲਈ ਇਕ ਵੰਗਾਰ ਬਣ ਕੇ ਪ੍ਰਗਟ ਹੋ ਰਿਹਾ ਸੀ।

ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਤੇ ਹੱਕ-ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਮਹਿਸੂਸ ਕਰਦਿਆਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ੍ਹ ਵਿਚ ਬੰਦੀ ਬਣਾ ਲਿਆ, ਜਿੱਥੇ ਕਿ ਪਹਿਲਾਂ ਹੀ ਹਿੰਦੂ ਰਾਜੇ ਬੰਦੀ (ਕੈਦੀ) ਬਣਾਏ ਹੋਏ ਸਨ। ਗੁਰੂ ਜੀ ਦੀ ਗ੍ਰਿਫਤਾਰੀ ਨਾਲ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਵਿਚ ਇਹ ਤੌਖਲਾ ਤੇ ਬੇਚੈਨੀ ਵਧ ਗਈ ਕਿ ਗੁਰੂ ਅਰਜਨ ਦੇਵ ਜੀ ਵਾਂਗ ਕਿਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਸ਼ਹੀਦ ਨਾ ਕਰ ਦਿੱਤਾ ਜਾਵੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿਚ ਸੰਗਤਾਂ ਮਸ਼ਾਲਾਂ ਜਗਾ ਕੇ, ਗੁਰਬਾਣੀ ਪੜ੍ਹਦਿਆਂ ਗੁਰੂ ਜੀ ਦੀ ਰਿਹਾਈ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੀਆਂ। ਕਦੇ-ਕਦੇ ਗਵਾਲੀਅਰ ਪਹੁੰਚ ਸੰਗਤਾਂ ਕਿਲੇ੍ਹ ਦੀ ਪ੍ਰਕਰਮਾ ਕਰ ਆਪਣੇ ਪਿਆਰੇ ਗੁਰੂ ਪ੍ਰਤੀ ਸਤਿਕਾਰ ਪ੍ਰਗਟ ਕਰਦੀਆਂ। ਸਿੱਖ ਸੰਗਤਾਂ ਵੱਲੋਂ ਹੋ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਸਾਂਈ ਮੀਆਂ ਮੀਰ ਵਰਗੇ ਇਨਸਾਫ-ਪਸੰਦ ਮੁਸਲਮਾਨਾਂ ਦੇ ਦਖਲ ਨਾਲ ਗੁਰੂ ਸਾਹਿਬ ਜੀ ਦੀ ਰਿਹਾਈ ਸੰਭਵ ਹੋਈ। ਗੁਰੂ ਜੀ ਨੇ ਆਪਣੇ ਨਾਲ ਬੰਦੀ 52 ਹਿੰਦੂ ਰਾਜਿਆਂ ਨੂੰ ਵੀ ਬਾਦਸ਼ਾਹ ਦੀ ਕੈਦ ਤੋਂ ਮੁਕਤ ਕਰਵਾਇਆ, ਜਿਸ ਕਰਕੇ ਗੁਰੂ ਜੀ ਨੂੰ ‘ਬੰਦੀ-ਛੋੜ’ ਕਿਹਾ ਜਾਣ ਲੱਗਾ।

ਰਿਹਾਈ ਉਪਰੰਤ ਜਦੋਂ ਗੁਰੂ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਪਹੁੰਚੇ ਤਾਂ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਨੇ ਘਿਉ ਦੇ ਦੀਵੇ ਜਗਾ, ਆਓ-ਭਗਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਸ ਦਿਨ ਦੀਵਾਲੀ ਸੀ ਭਾਵੇਂ ਕਿ ਸਿੱਖਾਂ ਦਾ ਦੀਵਾਲੀ ਦੇ ਪ੍ਰੰਪਰਾਗਤ ਤਿਉਹਾਰ ਨਾਲ ਕੋਈ ਸੰਬੰਧ ਨਹੀਂ, ਪਰ ਉਸ ਦਿਨ ਤੋਂ ਸਿੱਖ ਦੀਵਾਲੀ ਨੂੰ ‘ਬੰਦੀ-ਛੋੜ’ ਦਿਵਸ ਦੇ ਰੂਪ ਵਿਚ ਮਨਾਉਣ ਲੱਗ ਪਏ।

ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ,ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਰਹਿ ਕੇ ਜ਼ਾਲਮ ਹਕੂਮਤ ਨਾਲ ਟੱਕਰ ਲੈ ਰਹੇ ਸਨ, ਉਸ ਸਮੇਂ ਵੀ ਸਮੇਂ ਦੇ ਹਾਕਮਾਂ ਵੱਲੋਂ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾਖਲੇ ‘ਤੇ ਸਖਤ ਪਾਬੰਦੀ ਲਾਈ ਹੋਈ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ, ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਅਜਿਹੇ ਬਿਖੜੇ ਵੇਲੇ ਵੀ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ ‘ਤੇ ਖੇਡ ਕੇ ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ “ਜੋਤਿ” ਜਗਾਉਣ ਦੀ ਖਾਤਰ ‘ਸ਼ਹੀਦੀ’ ਤਕ ਵੀ ਪਾ ਜਾਂਦੇ। ਮੱਸੇ ਤੋਂ ਲੈ ਕੇ ਮੀਰ ਮੰਨੂ, ਅਦੀਨਾ ਬੇਗ, ਅਬਦਾਲੀ ਤੇ ਸਮੇਂ ਦੀਆਂ ਸਰਕਾਰਾਂ ਨੇ ਆਦਿ ਕਈਆਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਕੀਤਾ। ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਤਾਂ ਨਾਦਰ ਸ਼ਾਹ ਨੇ ਉਸ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਦੇ ਇਸ ਰੂਹਾਨੀ ਸੋਮੇ ਨੂੰ ਹੀ ਮੁਕਾ ਦਿਓ!

ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੇ ਇਤਿਹਾਸਕ ਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੁੰਦੇ। ਇਥੇ ਹੀ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ, ਪ੍ਰਬੰਧਕੀ ਮਸਲੇ ਨਜਿੱਠੇ ਜਾਂਦੇ ਤੇ ਪੰਥਕ ਫੈਸਲੇ ਲਏ ਜਾਂਦੇ। ਦੀਵਾਲੀ ਦਾ ਦਿਨ ਸਾਨੂੰ ਭਾਈ ਮਨੀ ਸਿੰਘ ਦੀ ਮਹਾਨ ਸ਼ਹਾਦਤ ਦੀ ਵੀ ਯਾਦ ਦਿਵਾਉਂਦਾ ਹੈ। ਭਾਈ ਮਨੀ ਸਿੰਘ ਨੇ ਦੀਵਾਲੀ ਦੇ ਮੌਕੇ ਸਿੱਖਾਂ ਦਾ ਇਕੱਠ ਸੱਦਣ ਲਈ ਸਮੇਂ ਦੀ ਸਰਕਾਰ ਦੀ ਰਜ਼ਾਮੰਦੀ ਪ੍ਰਾਪਤ ਕਰ ਲਈ ਪਰ ਜਦ ਉਨ੍ਹਾਂ ਨੂੰ ਇਹ ਪਤਾ ਚੱਲਿਆ ਕਿ ਜ਼ਕਰੀਆ ਖਾਨ ਦੀਵਾਲੀ ਦੇ ਮੌਕੇ ‘ਤੇ ਇਕੱਠੇ ਹੋਏ ਸਿੱਖਾਂ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਇਹ ਇਕੱਠ ਮੁਲਤਵੀ ਕਰ ਦਿੱਤਾ, ਇਸ ਕਰਕੇ ਹੀ ਉਨ੍ਹਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਭਾਵੇਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਦੀਵਾਲੇ ਵਾਲੇ ਦਿਨ ਨਹੀਂ ਹੋਈ ਪਰ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਹੀ ਸੀ, ਇਸ ਕਰਕੇ ਸਿੱਖ ਜਿੱਥੇ ਦੀਵਾਲੀ ਦੇ ਸਮੇਂ ਬੰਦੀ-ਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਥੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਵੀ ਯਾਦ ਕਰ ਆਪਣਾ ਸਤਿਕਾਰ ਦਿੰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਸਮੇਂ ਕੀਤੀ ਗਈ ਦੀਪਮਾਲਾ ਦੀਵਾਲੀ ਦੇ ਦਿਨ ਗੁਰਸਿੱਖਾਂ ਦੀ ਇਕੱਤਰਤਾ ਬੁਲਾਉਣ ਕਰਕੇ ਇਹ ਦਿਨ ਸਿੱਖਾਂ ਲਈ ਇਕ ਯਾਦਗਾਰੀ ਦਿਨ ਬਣ ਗਿਆ ਤੇ ਹਰ ਸਾਲ ਦੀਵਾਲੀ ਦੇ ਸਮੇਂ ਖਾਲਸਾ ਪੰਥ ਇਕੱਤਰ ਹੋ ਕੇ ਪੰਥਕ ਹਿੱਤਾਂ ਲਈ ਵਿਚਾਰਾਂ ਕਰਦਾ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦਾ ਹੈ। ਇਨ੍ਹਾਂ ਇਕੱਤਰਤਾਵਾਂ ਨੂੰ ਸਰਬੱਤ ਖਾਲਸਾ ਤੇ ਹੋਏ ਫੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਹੈ।

ਦੀਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਮੁਕੰਮਲ ਰੂਪ ਵਿਚ ਦੀਪਮਾਲਾ ਕੀਤੀ ਜਾਂਦੀ ਹੈ। ਸ਼ਰਧਾਲੂਆਂ ਵੱਲੋਂ ਸਰੋਵਰ ਦੇ ਕੰਢੇ ਜਗਾਏ ਹੋਏ ਦੀਵੇ ਤੇ ਮੋਮਬੱਤੀਆਂ ਤੇ ਦੀਪਮਾਲਾ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਦੀ ਖੂਬਸੂਰਤੀ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ, ਇਹ ਤਾਂ ਦੇਖਣ ‘ਤੇ ਹੀ ਅਨੁਭਵ ਹੋਵੇਗਾ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀਵਿਆਂ ਵਿਚ ਤੇਲ ਨਹੀਂ ਬਲ ਰਿਹਾ ਬਲਕਿ ਕੌਮਾਂ ਨੂੰ ਰੌਸ਼ਨੀ ਪ੍ਰਦਾਨ ਕਰਨ ਲਈ ‘ਸ਼ਹੀਦਾਂ ਦੀ ਚਰਬੀ’ ਬਲ ਰਹੀ ਹੈ। ਜ਼ੁਲਮ ਤੇ ਪਾਪ ਦੀ ਹਨੇਰੀ ਨੂੰ ਦੂਰ ਕਰਨ ਲਈ ਸੂਰਬੀਰ ਆਪਣੀ ਚਰਬੀ ਦੀਵਿਆਂ ਵਿਚ ਪਾਉਣ ਲਈ ਖੜ੍ਹੇ ਦਿੱਸਣਗੇ। ਦੀਵਿਆਂ ਦੀ ਰੌਸ਼ਨੀ ਵਿਚ ਹਰਿਮੰਦਰ ਸਾਹਿਬ ਵਿੱਚੋਂ ਇਹ ਨਾਦ ਗੂੰਜਦਾ ਹੈ:

      ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

      ਇਤੁ ਮਾਰਗਿ ਪੈਰੁ ਧਰੀਜੈ ॥ਸਿਰੁ ਦੀਜੈ ਕਾਣਿ ਨ ਕੀਜੈ ॥(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1412)

ਦੀਵਾਲੀ ਵਾਲੇ ਦਿਨ ਸ਼ਾਮ ਨੂੰ ‘ਰਹਰਾਸਿ’ ਦੇ ਪਾਠ ਆਰੰਭ ਹੋਣ ਤੋਂ ਪਹਿਲਾਂ ਹੀ ਸੰਗਤਾਂ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਤੇ ਦਰਸ਼ਨੀ ਡਿਓੜ੍ਹੀ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਮ ਦੇ ਨਾਂ ਸੰਦੇਸ਼ ਸ੍ਰਵਣ ਕਰਨ ਲਈ ਜੁੜ ਬੈਠਦੀਆਂ ਹਨ। ‘ਰਹਰਾਸਿ’ ਦੇ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰ ਕੋਨਿਆਂ ਵਿੱਚੋਂ ਆਤਿਸ਼ਬਾਜ਼ ਆਤਿਸ਼ਬਾਜ਼ੀ ਚਲਾਉਂਦੇ ਹਨ। ਇਹ ਨਜ਼ਾਰਾ ਦੇਖਿਆ ਹੀ ਬਣਦਾ ਹੈ।ਸਿੱਖ ਸ੍ਰੀ ਅੰਮ੍ਰਿਤਸਰ ਤੋਂ ਜੀਵਨ ਦੀ ਰੌਅ ਪ੍ਰਾਪਤ ਕਰਦਾ ਹੈ। ਅੰਮ੍ਰਿਤਸਰ ਤੋਂ ਜੀਵਨ ਦੀ ਰੋਸ਼ਨੀ ਪ੍ਰਾਪਤ ਕਰ ਆਪਣੇ ਜੀਵਨ ‘ਚੋਂ ਹਨੇਰਾ ਦੂਰ ਕਰਦਾ ਹੈ। ਮੱਸਿਆ ਦੀ ਕਾਲੀ ਬੋਲ਼ੀ ਅੰਧੇਰੀ ਰਾਤ ਵਿਚ ਜਗ ਰਹੇ ਦੀਵੇ ਸਾਨੂੰ ਜੀਵਨ ਦਾ ਰਾਹ ਦਰਸਾਉਂਦੇ ਹਨ।

ਮਨੁੱਖ ਹਨ੍ਹੇਰਾ ਨਹੀਂ, ਪ੍ਰਕਾਸ਼ ਲੋਚਦਾ ਹੈ। ਇਤਿਹਾਸਕ ਘਟਨਾਵਾਂ ਨੂੰ ਰੂਪਮਾਨ ਕਰਦੇ ਇਹ ਦੀਵੇ, ਸਾਨੂੰ ਪ੍ਰੇਰਨਾ ਤੇ ਉਤਸ਼ਾਹ ਬਖਸ਼ਦੇ ਹਨ ਕਿ ਜ਼ਿੰਦਗੀ ‘ਪੂਰਨਮਾਸ਼ੀ ਦੀ ਰਾਤ’ ਬਣ ਜਾਵੇ ਭਾਵ ਜ਼ਿੰਦਗੀ ਜੀਉਣ ਦੀ ਜਾਚ ਸਾਨੂੰ ਆ ਜਾਵੇ। ਇਹ ਸੱਚ ਦਾ ਪ੍ਰਕਾਸ਼ ਤਾਂ ਹੀ ਹੋ ਸਕਦਾ ਹੈ ਜੇ ਸਤਿਗੁਰੂ ਆਪ ਕਿਰਪਾ ਕਰਨ। ਗੁਰਦੇਵ ਹੁਕਮ ਕਰਦੇ ਹਨ:

            ਸਗਲੀ ਰੈਣਿ ਗੁਦਰੀ ਅੰਧਿਆਰੀ  ਸੇਵਿ ਸਤਿਗੁਰੁ ਚਾਨਣੁ ਹੋਇ ॥(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 78)

ਸਤਿਗੁਰੂ ਦੇ ਹੁਕਮ ਵਿਚ ਚੱਲ ਕੇ ਹੀ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਲੱਛਮੀ-ਪੂਜਾ ਤਾਂ ਅਗਿਆਨਤਾ ਦੇ ਹਨੇਰੇ ਨੂੰ ਹੋਰ ਗੂੜ੍ਹਾ ਕਰਦੀ ਹੈ। ਅਗਿਆਨਤਾ ਵੱਸ ਮਨੁੱਖ ਦੇਵਣਹਾਰ ਦਾਤਾਰ ਨੂੰ ਵਿਸਾਰ ਦਿੰਦਾ ਹੈ। ਲੋੜ ਹੈ ਮਨੁੱਖ ਦੇ ਮੱਸਿਆ ਰੂਪੀ ਜੀਵਨ ਦੀ ਰਾਤ ਵਿਚ ਗਿਆਨ ਰੂਪੀ ਦੀਵਾ ਬਾਲਣ ਦੀ। ਗੁਰੂ ਨਾਨਕ ਪਾਤਸ਼ਾਹ ਅਗਵਾਈ ਬਖਸ਼ਦੇ ਹਨ:

      ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥

      ਸਚੁ ਬੂਝਣੁ ਆਣਿ ਜਲਾਈਐ ॥ 2 ॥

      ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ ॥  (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 25)

ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਅਨੁਸਾਰ :

        ਦੂਖੁ ਅੰਧੇਰਾ ਘਰ ਤੇ ਮਿਟਿਓ ॥ ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 25)

ਆਓ! ਗਿਆਨ ਰੂਪੀ ਦੀਵੇ ਨਾਲ ਆਪਣੇ ਅੰਦਰ ਪੱਸਰੇ ਕੂੜ ਦੇ ਹਨੇਰੇ ਨੂੰ ਦੂਰ ਕਰੀਏ, ਤਾਂ ਹੀ ਅਸੀਂ ਦੀਵਾਲੀ ਦੇ ਦੀਵਿਆਂ ਤੋਂ ਰੋਸ਼ਨੀ ਲੈ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ।

*98146 37979 _roopsz@yahoo.com

Share this Article
Leave a comment