ਬੇਅਦਬੀ ਮਾਮਲੇ ‘ਚ 3 ਡੇਰਾ ਪ੍ਰੇਮੀਆਂ ਨੂੰ ਸਜ਼ਾ

ਜਗਤਾਰ ਸਿੰਘ ਸਿੱਧੂ

ਐਡੀਟਰ

 ਪੰਜਾਬ ‘ਚ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਇੱਕ ਮਾਮਲੇ ਮੋਗਾ ਦੀ ਅਦਾਲਤ ਨੇ ਅੱਜ 3 ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਇਸ ਮੰਦਭਾਗੀ ਘਟਨਾ ਦਾ ਸਬੰਧ ਪਿੰਡ ਮੱਲਕੇ ਨਾਲ ਹੈ। ਬੇਸ਼ੱਕ ਇਸ ਦੇ ਵੇਰਵੇ ਆਉਣੇ ਬਾਕੀ ਹਨ ਪਰ ਇਸ ਫੈਸਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਿੱਧੇ ਤੌਰ ‘ਤੇ ਡੇਰਾ ਮੁੱਖੀ ਅਤੇ ਉਸਦੇ ਪੈਰੋਕਾਰਾਂ ਦਾ ਹੱਥ ਹੈ। ਇਸ ਮੰਦਭਾਗੀ ਘਟਨਾ ਦੇ ਬਾਰੇ ਵਿੱਚ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਆਰ ਐਸ ਖੱਟੜਾ ਦੀ ਸਿਟ ਵਜੋਂ ਜਾਣੀ ਜਾਂਦੀ ਰਿਪੋਰਟ ਦੇ ਆਧਾਰ ‘ਤੇ ਮਾਣਯੋਗ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਇਸ ਫੈਸਲੇ ਦਾ ਲਗਭਗ 7 ਸਾਲ ਤੱਕ ਇੰਤਜ਼ਾਰ ਕਰਨਾ ਪਿਆ। ਇਹ ਉਹ ਸਮਾਂ ਸੀ ਜਦੋਂ ਬਰਗਾੜੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਕਈ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੰਡਾ ਕੇ ਬੇਅਦਬੀ ਕੀਤੀ ਗਈ ਸੀ। ਦੋਸ਼ੀਆਂ ਵੱਲੋਂ ਪਿੰਡ ਜਵਾਹਰ ਸਿੰਘਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ ਗ੍ਰੰਥ ਸਾਹਿਬ ਚੋਰੀ ਕਰਕੇ ਗਿਰੀ ਹੋਈ ਹਰਕਤਾਂ ਕਰਕੇ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ ਗਈਆਂ। ਉਸ ਸਮੇਂ ਵਿਸ਼ਵ ਭਰ ਵਿੱਚ ਬੈਠੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ ਅਤੇ ਮੰਗ ਕੀਤੀ ਗਈ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸਜ਼ਾਵਾਂ ਦਿੱਤੀਆਂ ਜਾਣ। ਇਨ੍ਹਾਂ ਮੰਦਭਾਗੀਆਂ ਘਟਨਾਵਾਂ ਬਾਰੇ ਕਮਿਸ਼ਨ ਬਣਾਏ ਗਏ ਅਤੇ ਵਿਸ਼ੇਸ਼ ਜਾਂਚ ਟੀਮਾਂ ਵੀ ਬਣਾਈਆਂ ਗਈਆਂ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ ਪਰ ਅਕਾਲੀ ਭਾਜਪਾ ਸਰਕਾਰ ਆਪਣੇ ਸਮੇਂ ਵਿੱਚ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਦਿਲਾ ਸਕੀ। ਕਈ ਪੰਥਕ ਜੱਥੇਬੰਦੀਆਂ ਅਤੇ ਰਜਸੀ ਪਾਰਟੀਆਂ ਵੱਲੋਂ ਅਕਾਲੀ ਭਾਜਪਾ ਸਰਕਾਰ ਦੇ ਬਾਰੇ ਮੰਦਭਾਗੀਆਂ ਨੂੰ ਲੈ ਕੇ ਸਿਧੇ ਤੌਰ ‘ਤੇ ਦੋਸ਼ ਲਗਾਏ ਗਏ ਸਨ। ਹੁਣ ਜਦੋਂ ਇੱਕ ਬੇਅਦਬੀ ਮਾਮਲੇ ਵਿੱਚ 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਸੁਣਾਈ ਗਈ ਹੈ, ਤਾਂ ਅਕਾਲੀ ਲੀਡਰਸ਼ਿਪ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਮੇਂ ਵਿੱਚ ਬਣਾਈ ਸਿਟ ਦੇ ਆਧਾਰ ‘ਤੇ 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਸੁਣਾਈ ਗਈ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ ‘ਚ ‘ਆਪ’ ਅਤੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦਾ ਕੂੜ ਪ੍ਰਚਾਰ ਕੀਤਾ ਗਿਆ ਸੀ। ਅਕਾਲੀ ਦਲ ਦਾ ਕਹਿਣਾ ਹੈ ਕਿ ਜੇਕਰ ਵਿਰੋਧੀ ਧਿਰਾਂ ਵੱਲੋਂ ਕੇਸ ਸੀਬੀਆਈ ਨੂੰ ਸੌਂਪਣ ਦਾ ਦਬਾਅ ਨਾ ਪਾਇਆ ਜਾਂਦਾ ਤਾਂ ਦੋਸ਼ੀਆਂ ਖ਼ਿਲਾਫ਼ ਜਲਦੀ ਕਾਰਵਾਈ ਹੋ ਸਕਦੀ ਸੀ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤੀ ਨਾਲ ਸਜ਼ਾ ਦਿਵਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬੇਅਦਬੀ ਦੇ ਮਾਮਲੇ ‘ਚ 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਹੋਈ ਹੈ। ਰਜਸੀ ਆਗੂਆਂ ਵੱਲੋਂ ਇਨ੍ਹਾਂ ਮੰਦਭਾਗੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਆਪੋ-ਆਪਣੇ ਦਾਅਵੇ ਕੀਤੇ ਜਾਂਦੇ ਹਨ ਪਰ ਬਰਗਾੜੀ ਨਾਲ ਜੁੜੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਰਜਸੀ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੋਝੇ ਦੋਸ਼ ਲਾਏ ਜਾ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਰਾ ਮਾਮਲਾ ਸਾਹਮਣੇ ਆ ਗਿਆ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਕੌਣ ਬਚਾ ਰਿਹਾ ਹੈ? ਜੇਕਰ ਇਨਸਾਫ਼ ਮਿਲਣ ਵਿੱਚ ਦੇਰੀ ਹੋਈ ਤਾਂ ਸਵਾਲ ਜ਼ਰੂਰ ਉੱਠਣਗੇ।

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.