ਸੁਪਨਿਆਂ ਦੀ ਦੁਨੀਆ ਵਿੱਚ ਜੀਅ ਰਹੇ ਨੇ ਅਕਾਲੀ ਤੇ ਕਾਂਗਰਸੀ ਆਗੂ: ਭਗਵੰਤ ਮਾਨ

ਧੂਰੀ (ਸੰਗਰੂਰ): ਕਾਂਗਰਸੀਆਂ ਤੇ ਅਕਾਲੀਆਂ ਦੇ ਲੋਕ ਵਿਰੋਧੀ ਸਟੈਂਡ ਲੈਣ ਦੀ ਨੁਕਤਾਚੀਨੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ‘ਸੁਪਨਿਆਂ ਦੀ ਦੁਨੀਆ’ ਵਿੱਚ ਜੀਅ ਰਹੇ ਹਨ ਅਤੇ ਸਮਝ ਰਹੇ ਹਨ ਕਿ ਉਹ ਹਾਲੇ ਵੀ ਸੱਤਾ ਵਿੱਚ ਹਨ।

ਇੱਥੇ 72ਵੇਂ ਸੂਬਾ ਪੱਧਰੀ ਵਣ ਮਹਾਉਤਸਵ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਵਿਧਾਨ ਸਭਾ ਚੋਣਾਂ ਦੌਰਾਨ ਝੰਬ ਸੁੱਟਣ ਵਾਲੀ ਹਾਰ ਦੇ ਸਦਮੇ ਵਿੱਚੋਂ ਹਾਲੇ ਤੱਕ ਬਾਹਰ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਹਾਲੇ ਵੀ ਇਹ ਸਮਝ ਰਹੇ ਹਨ ਕਿ ਉਹ ਸੂਬੇ ਵਿੱਚ ਸਰਕਾਰ ਚਲਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਭੁੱਖੇ ਇਹ ਸਿਆਸਤਦਾਨ ਇਹ ਗੱਲ ਭੁੱਲ ਗਏ ਹਨ ਕਿ ਪੰਜਾਬ ਦੇ ਸਿਆਣੇ ਤੇ ਬਹਾਦਰ ਲੋਕਾਂ ਨੇ ਉਹ ਸਰਕਾਰ ਚੁਣੀ ਹੈ, ਜਿਹੜੀ ਉਤਸ਼ਾਹ ਨਾਲ ਉਨ੍ਹਾਂ ਦੀ ਸੇਵਾ ਕਰੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ ਪੰਜਾਬ ਵਿੱਚ 25 ਸਾਲ ਰਾਜ ਕਰਨ ਦੀਆਂ ਸ਼ੇਖ਼ੀਆਂ ਮਾਰਦੇ ਸਨ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਨਾ ਤਾਂ ਆਪਣੀ ਸੀਟ ਜਿੱਤਿਆ ਅਤੇ ਨਾ ਹੀ ਹੁਣ ਉਸ ਨੂੰ ਆਪਣੀ ਪਾਰਟੀ ਵੱਲੋਂ ਚੋਣ ਲੜਨ ਲਈ ਕੋਈ ਉਮੀਦਵਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਇਨ੍ਹਾਂ ਆਗੂਆਂ ਨੂੰ ਇਹ ਗੱਲ ਭੁੱਲ ਗਈ ਸੀ ਕਿ ਜਮਹੂਰੀ ਢਾਂਚੇ ਵਿੱਚ ਲੋਕ ਸਭ ਤੋਂ ਉੱਪਰ ਹੁੰਦੇ ਹਨ ਅਤੇ ਜੇ ਇਕ ਦਫ਼ਾ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਉਹ ਤੁਹਾਨੂੰ ਦੂਜਾ ਮੌਕਾ ਨਹੀਂ ਦੇਣਗੇ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਤਨਜ਼ ਕਸਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਿਆਸੀ ਪਿੜ ਵਿੱਚੋਂ ਗੈਰ ਹਾਜ਼ਰੀ ਉਤੇ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਹਰੇਕ ਕੰਮ ਕਰਨ ਦੇ ਸਮਰੱਥ ਦੱਸਣ ਵਾਲਾ ਇਹ ਕਾਂਗਰਸੀ ਆਗੂ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਮਗਰੋਂ ਕਿਤੇ ਨਜ਼ਰ ਨਹੀਂ ਆ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਚੰਨੀ ਕਿੱਥੇ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਇਹ ਹਾਲਤ ਹੈ ਤਾਂ ਬਾਕੀ ਪਾਰਟੀ ਬਾਰੇ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦਾ ਸੱਚ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੀ ਪੰਜਾਬ ਦੀ ਸਿਆਸਤ ਵਿੱਚ ਹੁਣ ਕੋਈ ਸਾਰਥਿਕਤਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਹ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਿੱਚ ਨਾਕਾਮ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀਆਂ ਹੁਣ ਮੀਡੀਆ ਸਾਹਮਣੇ ਆਪਣੀ ਭੱਲ ਬਣਾਉਣ ਲਈ ਹੋਛੇ ਹਥਕੰਡਿਆਂ ਉਤੇ ਉਤਰੀਆਂ ਹੋਈਆਂ ਹਨ।

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.