ਚੰਡੀਗੜ੍ਹ ਅਤੇ ਪੰਜਾਬ ਵਿਦੇਸ਼ ਜਾਣ ਲਈ ਮੋਹਰੀ….

ਜਗਤਾਰ ਸਿੰਘ ਸਿੱਧੂ

ਐਡੀਟਰ

ਪੰਜਾਬ ਇਸ ਵੇਲੇ ਕਈ ਵੱਡੇ ਮੁੱਦਿਆਂ ਨੂੰ ਲੈਕੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਬੇਸ਼ਕ ਪਿਛਲੀਆਂ ਸਰਕਾਰਾਂ ਅਤੇ ਉਹਨਾਂ ਦੀਆਂ ਪਾਰਟੀਆਂ ਵਲੋਂ ਪੰਜਾਬ ਨੂੰ ਸੰਕਟ ’ਚੋ ਕੱਢਣ ਲਈ ਸਮੇਂ- ਸਮੇਂ ਵੱਡੇ ਵਾਅਦੇ ਕੀਤੇ ਗਏ, ਪਰ ਸੱਤਾ ਉਪਰ ਬਣੇ ਰਹਿਣ ਤੋਂ ਇਲਾਵਾ ਅਮਲੀ ਤੌਰ ਤੇ ਪੰਜਾਬ ਨੂੰ ਸੰਕਟ ’ਚੋਂ ਕੱਢਣ ਲਈ ਕੋਈ ਸਾਰਥਕ ਉਪਰਾਲਾ ਨਹੀਂ ਹੋਇਆ, ਇਸਦਾ ਸਿੱਟਾ ਇਹ ਨਿਕਲਿਆ ਕਿ ਪੰਜਾਬੀਆਂ ਨੇ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਗਠਜੌੜ ਨੂੰ ਹਰਾਇਆ, ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਚਲਦਾ ਕੀਤਾ, ਹੁਣ ਪੰਜਾਬੀਆਂ ਨੇ 92 ਸੀਟਾਂ ਦੇਕੇ ਆਮ ਆਦਮੀ ਪਾਰਟੀ ਉਪਰ ਇਕ ਵੱਡਾ ਭਰੋਸਾ ਕੀਤਾ ਹੈ। ਪੰਜਾਬ ਦੇ ਜਦੋਂ ਵੱਡੇ ਮੁੱਦਿਆਂ ਦੇ ਦਾਅਵੇ ਬਾਰੇ ਜ਼ਿਕਰ ਕਰਦੇ ਹਾਂ ਤਾਂ ਰੁਜ਼ਗਾਰ ਇਕ ਬਹੁਤ ਵੱਡਾ ਮੁੱਦਾ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਨ ਦਾ ਵੱਡਾ ਵਾਅਦਾ ਕੀਤਾ ਸੀ, ਸਰਕਾਰ ਬਣਨ ਤੋਂ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮੌਕਿਆਂ ’ਤੇ ਇਹ ਕਿਹਾ ਹੈ ਕਿ ਪੰਜਾਬੀ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਵਿਚ ਕਿਓਂ ਜਾਣ।

ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਹੀ ਰੁਜ਼ਗਾਰ ਦੇ ਮੌਕੇ ਮੁਹਈਆ ਕੀਤੇ ਜਾਣਗੇ ਅਤੇ ਇਸ ਮੰਤਵ ਲਈ ਸਾਡੇ ਨੌਜਵਾਨਾਂ ਨੂੰ ਵਿਦੇਸ਼ ਨਹੀਂ ਜਾਣਾ ਪਵੇਗਾ, ਜੇਕਰ ਦੇਖਿਆ ਜਾਵੇ ਤਾਂ ਭਗਵੰਤ ਮਾਨ ਪੰਜਾਬ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਨਹੀਂ ਹਨ ਜਿਹਨਾਂ ਨੇ ਰੁਜ਼ਗਾਰ ਲਈ ਵੱਡੇ ਐਲਾਨ ਕੀਤੇ ਹੋਣ, ਜੇਕਰ ਇਸ ਤੋਂ ਪਿਛਲੀ ਕੈਪਟਨ ਅਮਰਿੰਦਰ ਦੀ ਸਰਕਾਰ ’ਤੇ ਨਜ਼ਰ ਮਾਰੀ ਜਾਵੇ ਤਾਂ ਉਸ ਵੇਲੇ ਵੀ ਇਹ ਕਿਹਾ ਗਿਆ ਸੀ ਕਿ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਰੁਜ਼ਗਾਰ ਮੇਲੇ ਲਗਾਏ ਜਾਣਗੇ, ਸਰਕਾਰ ਨੇ ਪ੍ਰਚਾਰ ਲਈ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਰੁਜ਼ਗਾਰ ਮੇਲੇ ਲਾਏ ਵੀ ਪਰ ਇਹਨਾਂ ਮੇਲਿਆਂ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੁੱਝ ਮਹਿਕਮਿਆਂ ਅੰਦਰ ਨੌਕਰੀਆਂ ਦਿੱਤੀਆਂ ਵੀ ਹਨ ਪਰ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਦੇ ਮੁਕਾਬਲੇ ਵਿਚ ਇਹ ਨਿਯੁਕਤੀਆਂ ਕੋਈ ਅਰਥ ਨਹੀਂ ਰੱਖਦੀਆਂ, ਪੰਜਾਬ ਦੇ ਨੌਜਵਾਨ ਪਹਿਲਾਂ ਵਾਂਗ ਹੀ ਆਈ ਲੈਟਸ ਕਰਕੇ ਬਾਹਰ ਜਾਣ ਦੀ ਦੌੜ ਵਿਚ ਲੱਗੇ ਹੋਏ ਹਨ। ਕਈਆਂ ਵਲੋਂ ਬਾਹਰ ਜਾਣ ਲਈ ਹੋਰ ਢੰਗ ਤਰੀਕੇ ਵੀ ਅਪਣਾਏ ਜਾ ਰਹੇ ਹਨ, ਇਸਦਾ ਵੱਡਾ ਕਾਰਨ ਇਹ ਹੈ ਕਿ ਨੌਜਵਾਨਾਂ ਨੂੰ ਪੰਜਾਬ ਅੰਦਰ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ, ਕੇਵਲ ਐਨਾਂ  ਹੀ ਨਹੀਂ ਸਗੋਂ ਨਸ਼ਿਆਂ ਅਤੇ ਗੈਂਗਸਟਰਾਂ ਨੇ ਮਾਪਿਆਂ ਦੀ ਨੀਂਦ ਹੋਰ ਉਡਾ ਦਿੱਤੀ ਹੈ, ਮਾਪਿਆਂ ਨੂੰ ਲੱਗਦਾ ਹੈ ਕਿ ਰੁਜ਼ਗਾਰ ਨਾ ਮਿਲਣ ਕਰਕੇ ਕਈਂ ਬੱਚੇ ਗਲਤ ਅਨਸਰਾਂ ਦੇ ਕਾਬੂ ਆ ਜਾਂਦੇ ਹਨ ਅਤੇ ਆਪਣਾ ਭਵਿੱਖ ਬਰਬਾਦ ਕਰ ਲੈਂਦੇ ਹਨ।

ਮੀਡੀਆ ਅੰਦਰ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਅੰਕੜੇ ਪੰਜਾਬ ਦੀ ਮੂੰਹਬੋਲਦੀ ਤਸਵੀਰ ਹੈ, ਮਸਾਲ ਵਜੋਂ 2016 ਤੋਂ 2021 ਤੱਕ ਦੇ ਇਕ ਸਰਵੇ ਮੁਤਾਬਕ ਚੰਡੀਗੜ੍ਹ ਵਿਚੋਂ ਇਕ ਹਜ਼ਾਰ ਤੋਂ ਉਪਰ ਵਿਦਿਆਰਥੀ ਵਿਦੇਸ਼ਾਂ ਵਿਚ ਗਏ ਹਨ, ਦੂਜਾ ਨੰਬਰ ਪੰਜਾਬ ਦਾ ਆਉਂਦਾ ਹੈ, ਇਸ ਤੋਂ ਪਿਛੋਂ ਹਰਿਆਣਾ ਦੇ ਵਿਦਿਆਰਥੀਆਂ ਦੀ ਗਿਣਤੀ ਬਾਹਰ ਜਾਣ ਦੇ ਅੰਕੜਿਆਂ ਵਿਚ ਬਹੁਤ ਘੱਟ ਹੈ, ਨਵੀਂ ਸਰਕਾਰ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਦਾਅਵਿਆਂ ਅਤੇ ਭਰੋਸਿਆਂ ਮੁਤਾਬਕ ਵਿਦੇਸ਼ਾ ਵਿਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੇਗੀ ?

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.