ਕੈਨੇਡਾ ‘ਚ ਮਹਿੰਗਾਈ ਦਾ ਟੁੱਟਿਆ 40 ਸਾਲ ਦਾ ਰਿਕਾਰਡ

ਓਟਵਾ: ਅਮਰੀਕਾ ਤੋਂ ਬਾਅਦ ਕੈਨੇਡਾ ਵਿੱਚ ਵੀ ਮਹਿੰਗਾਈ ਦਾ 40 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਉਪਰ ਵੱਲ ਜਾ ਰਹੇ ਹਨ ਜਦਕਿ ਲੋਕ ਆਪਣਾ ਗਰੌਸਰੀ ਬਜਟ ਘਟਾਉਣ ਲਈ ਮਜਬੂਰ ਹਨ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ ਮਹਿਗਾਈ ਦਰ ਵਧ ਕੇ 7.1 ਫ਼ੀਸਦੀ ਹੋ ਗਈ ਜੋ 1983 ਤੋਂ ਬਾਅਦ ਸਿਖਰਲਾ ਪੱਧਰ ਹੈ। ਉਸ ਵੇਲੇ ਮਹਿੰਗਾਈ ਦਰ 8.2 ਫੀਸਦੀ ‘ਤੇ ਪਹੁੰਚ ਗਈ ਸੀ। ਟੀ.ਡੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਲੇਸਲੀ ਪ੍ਰੇਸਟਨ ਨੇ ਕਿਹਾ ਕਿ ਕਨੇਡਾ ਦੇ ਲੱਖਾਂ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਐਨੀ ਮਹਿੰਗਾਈ ਨਹੀਂ ਦੇਖੀ ਅਤੇ ਪਹਿਲੀ ਵਾਰ ਇਸ ਸਮੱਸਿਆ ਦਾ ਟਾਕਰਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 40 ਸਾਲ ਤੋਂ ਘੱਟ ਉਮਰ ਵਾਲਿਆਂ ਨੇ ਕਦੇ ਵੀ ਐਨੀ ਮਹਿੰਗੀ ਗਰੌਸਰੀ ਨਹੀਂ ਖਰੀਦੀ ਪਰ ਹੁਣ ਉਹ ਵੀ ਪਰੇਸ਼ਾਨੀਆਂ ਨਾਲ ਘਿਰੇ ਹੋਏ ਹਨ। ਮਈ ਮਹੀਨੇ ਦੇ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਤੇਲ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ $35 ਤੇ 48 ਫ਼ੀਸਦੀ ਤੱਕ ਵਾਧਾ ਹੋ ਚੁੱਕਾ ਹੈ। ਜੇ ਗੈਸੋਲੀਨ ਦੀਆਂ ਕੀਮਤਾਂ ਨੂੰ ਹਟਾ ਦਿੱਤਾ ਜਾਵੇ ਤਾਂ ਮਹਿਗਾਈ ਦਾ ਅੰਕੜਾ ਸਿਰਫ਼ 6.3 ਫ਼ੀਸਦੀ ਤੱਕ ਸੀਮਤ ਹੋ ਜਾਵੇਗਾ।

ਦੂਜੇ ਪਾਸੇ ਕਰਜ਼ਾ ਲੈ ਕੇ ਮਕਾਨ ਖਰੀਦਣ ਵਾਲੇ ਹੋਰ ਫਸ ਜਾਣਗੇ ਜਦੋਂ ਬੈਂਕ ਆਫ਼ ਕੈਨੇਡਾ ਵੱਲੋਂ ਬੁਨਿਆਦੀ ਵਿਆਜ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਬੈਂਕ ਆਫ਼ ਕੈਨੇਡਾ ਵੀ ਵਾਧਾ ਕਰਨ ਦੇ ਸੰਕੇਤ ਦੇ ਚੁੱਕਿਆ ਹੈ। ਉੱਥੇ ਹੀ ਇਨ੍ਹਾਂ ਹਾਲਾਤ ਵਿਚਾਲੇ ਕੈਨੇਡਾ ਵਿੱਚ ਰਿਕਾਰਡ ਤੋੜ ਨੌਕਰੀਆਂ ਪੈਦਾ ਹੋ ਰਹੀਆਂ ਹਨ, ਬੇਰੁਜ਼ਗਾਰੀ ਦਰ ਘਟ ਰਹੀ ਹੈ ਅਤੇ ਉਜਰਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਫਿਰ ਵੀ ਮਹਿੰਗਾਈ ਰਿਕਾਰਡ ਤੋੜ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਟਰੰਪ ਦੇ ਘਰ FBI ਦਾ ਛਾਪਾ, ਜਾਣੋ ਕੀ ਹੈ ਪੂਰਾ ਮਾਮਲਾ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਪੋਸਟ ਕਰਕੇ ਦੱਸਿਆ ਹੈ ਕਿ …

Leave a Reply

Your email address will not be published.