ਕੈਨੇਡਾ ਦੇ ਸਿੱਖ ਪਰਿਵਾਰ ਨੇ ਦਾਨ ਕੀਤੇ 10 ਮਿਲੀਅਨ ਡਾਲਰ

ਬਰੈਂਪਟਨ: ਕੈਨੇਡਾ ਵਿੱਚ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਇੱਕ ਸਿੱਖ ਪਰਿਵਾਰ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ। ਕੈਨੇਡਾ ਦੀ ਇੱਕ ਕੰਪਨੀ ਦੇ ਮਾਲਕ ਸਿੱਖ ਪਰਿਵਾਰ ਵੱਲੋਂ ਇੱਕ ਕਰੋੜ ਡਾਲਰ ਦੀ ਰਕਮ ਦਾਨ ਕੀਤੀ ਗਈ ਹੈ। ਬਰੈਂਪਟਨ ਸ਼ਹਿਰ ਨਾਲ ਸਬੰਧਤ ਬੀ.ਵੀ.ਡੀ. ਗਰੁੱਪ ਦੇ ਮਾਲਕ ਬਿਕਰਮ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਬੱਚੇ ਅਤੇ 9 ਪੋਤੇ-ਪੋਤੀਆਂ ਦਾ ਜਨਮ ਬਰੈਂਪਟਨ ਅਤੇ ਇਟੋਬੀਕੋਕ ਦੇ ਹਸਪਤਾਲਾਂ ‘ਚ ਹੋਇਆ ਹੈ। ਇਸ ਕਮਿਊਨਿਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਅਤੇ ਹੁਣ ਮਦਦ ਕਰਨ ਦੀ ਸਾਡੀ ਵਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਹਤ ਸੰਭਾਲ ਸਹੂਲਤਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਮਾਮਲੇ ‘ਚ ਯੋਗਦਾਨ ਪਾਉਣ ਲਈ ਸੋਚਣਾ ਵੀ ਨਹੀਂ ਚਾਹੀਦਾ ਤੇ ਆਪਣੀ ਸਮਰੱਥਾ ਮੁਤਾਬਕ ਸਭ ਨੂੰ ਆਪਣੇ ਹਸਪਤਾਲਾਂ ਲਈ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਬਿਕਰਮ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਲਾਕੇ ਦੇ ਹੋਰ ਲੋਕ ਵੀ ਹਸਪਤਾਲਾਂ ਦੀ ਮਦਦ ਲਈ ਅੱਗੇ ਆਉਣਗੇ। 10 ਮਿਲੀਅਨ ਡਾਲਰ ਦੀ ਰਕਮ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਫ਼ਾਊਂਡੇਸ਼ਨ ਨੂੰ ਸੌਂਪੀ ਜਾਵੇਗੀ ਜਿਸ ਵੱਲੋਂ ਬਰੈਂਪਟਨ ਅਤੇ ਇਟੋਬੀਕੋਕ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇੱਕ ਕਰੋੜ ਡਾਲਰ ਦਾ ਚੈੱਕ ਭੇਟ ਕਰਨ ਮੌਕੇ ਬਿਕਰਮ ਸਿੰਘ ਢਿੱਲੋਂ ਦੀ ਪਤਨੀ ਵਰਿੰਦਰ ਕੌਰ ਢਿੱਲੋਂ ਅਤੇ ਉਨ੍ਹਾਂ ਦੇ ਪੁੱਤਰ ਚੰਨਵੀਰ ਸਿੰਘ ਢਿੱਲੋਂ ਮੌਜੂਦ ਸਨ।


ਸਿਆਸਤਦਾਨਾਂ ਵਿੱਚੋ ਪ੍ਰੀਮੀਅਰ ਡਗ ਫ਼ੋਰਡ, ਸਿਹਤ ਮੰਤਰੀ ਸਿਲਵੀਆ ਜੋਨਜ਼, ਟਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਪ੍ਰਭਮੀਤ ਸਰਕਾਰੀਆ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਾਊਨ ਵੀ ਹਾਜ਼ਰ ਸਨ। ਵਿਲੀਅਮ ਓਸਲਰ ਹੈਲਥ ਸਿਸਟਮ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਰਕਮ ਉਸ ਵੇਲੇ ਆਈ ਹੈ ਜਦੋਂ ਬਰੈਂਪਟਨ ਵਿੱਚ ਸਿਹਤ ਸਹੂਲਤਾਂ ਦਾ ਦਾਇਰਾ ਵਧਾਉਣ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਓਸਲਰ ਦੇ ਅੰਤਰਿਮ ਮੁਖੀ ਡਾ.ਫਰੈਂਕ ਮਾਰਟੀਨੋ ਨੇ ਕਿਹਾ ਕਿ ਢਿੱਲੋਂ ਪਰਿਵਾਰ ਅਤੇ ਬੀ.ਵੀ.ਡੀ. ਗਰੁੱਪ ਵੱਲੋਂ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਲਈ ਸਾਡੀ ਸਾਰੀ ਟੀਮ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ। ਦੱਸਣਯੋਗ ਹੈ ਕਿ ਬਿਕਰਮ ਸਿੰਘ ਢਿੱਲੋਂ ਨੇ 1999 ‘ਚ ਇਕ ਸਟੇਸ਼ਨ ਤੋਂ ਕੰਮ ਸ਼ੁਰੂ ਕਰਦਿਆਂ ਬੀ.ਵੀ.ਡੀ. ਗਰੁੱਪ ਖੜ੍ਹਾ ਕਰ ਦਿਤਾ। ਹੁਣ ਇਕ ਵੱਡੀ ਪੈਟਰੋਲੀਅਮ ਕੰਪਨੀ ਦੇ ਨਾਲ ਨਾਲ ਬੀ.ਵੀ.ਡੀ. ਗਰੁੱਪ ਦੇ 16 ਟਰੱਕ ਸਟੌਪਸ ਤੋਂ ਇਲਾਵਾ 850 ਤੋਂ ਵੱਧ ਸਹਿਯੋਗੀ ਕੰਪਨੀਆਂ ਦੇ ਟਿਕਾਣੇ ਵੀ ਟਕਰਜ਼ ਵਾਸਤੇ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।

Check Also

ਡੋਨਾਲਡ ਟਰੰਪ ਨੇ FBI ‘ਤੇ ਲਗਾਇਆ ਗੰਭੀਰ ਦੋਸ਼, ਚੋਰੀ ਕੀਤੇ ਪਾਸਪੋਰਟ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਜਾਂਚ ਏਜੰਸੀ (FBI) ‘ਤੇ ਗੰਭੀਰ ਦੋਸ਼ …

Leave a Reply

Your email address will not be published.