ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਵਾਸ਼ਿੰਗਟਨ : ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਗੈਸੋਲੀਨ ਅਤੇ ਡੀਜ਼ਲ ‘ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿੱਤੀ ਜਾ ਸਕਦੀ ਹੈ।

ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸੰਸਦ ਵਿੱਚ ਪੇਸ਼ ਤਜਵੀਜ਼ ਅਨੁਸਾਰ ਗੈਸੋਲੀਨ ਅਤੇ ਡੀਜ਼ਲ ‘ਤੇ ਲੱਗਣ ਵਾਲਾ ਟੈਕਸ ਤਿੰਨ ਮਹੀਨੇ ਲਈ ਮੁਆਫ਼ ਕਰ ਦਿੱਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟੈਕਸ ਕਟੌਤੀ ਦਾ ਫ਼ਾਇਦਾ ਸਿਰਫ਼ ਗਰੀਬਾਂ ਨੂੰ ਮਿਲੇਗਾ ਜੋ ਕੀਮਤਾਂ ਵਧਣ ਕਾਰਨ ਪਰੇਸ਼ਾਨੀ ‘ਚੋਂ ਗੁਜ਼ਰ ਰਹੇ ਹਨ। ਕੀਮਤਾਂ ਵਧਣ ਦਾ ਅਸਲ ਕਾਰਨ ਸਪਲਾਈ ਵਿੱਚ ਆਈ ਕਮੀ ਹੈ ਅਤੇ ਆਰਜ਼ੀ ਤੌਰ ‘ਤੇ ਕੀਮਤਾਂ ਘਟਾ ਕੇ ਕੋਈ ਫ਼ਾਇਦਾ ਨਹੀਂ ਹੋਣਾ।

ਦੱਸਣਯੋਗ ਹੈ ਕਿ ਦੁਨੀਆਂ ਦੇ ਸਭ ਤੋਂ ਵਿਕਸਤ ਜੀ-7 ਮੁਲਕਾਂ ਵਿਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ। ਉੱਧਰ ਦੂਜੇ ਪਾਸੇ ਯੂ.ਕੇ. ‘ਚ ਮਹਿੰਗਾਈ ਦਰ 9 ਫ਼ੀਸਦੀ ਤੋਂ ਪਾਰ ਹੋ ਚੁੱਕੀ ਹੈ ਅਤੇ ਉਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ‘ਤੇ ਟੈਕਸਾਂ ਵਿੱਚ ਰਾਹਤ ਦਿੱਤੀ ਗਈ ਹੈ ਪਰ ਟੈਕਸ ਮੁਕੰਮਲ ਤੌਰ ‘ਤੇ ਖ਼ਤਮ ਨਹੀਂ ਕੀਤਾ ਗਿਆ। ਇਸੇ ਤਰਾਂ ਇਟਲੀ, ਜਰਮਨੀ, ਫ਼ਰਾਂਸ ਅਤੇ ਜਾਪਾਨ ‘ਚ ਕੀਤਾ ਗਿਆ ਹੈ।

ਇਸੇ ਦੌਰਾਨ ਕੈਨੇਡਾ ਦੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੋਨਾਥਨ ਵਿਲਕਿਨਸਨ ਨੇ ਕਿਹਾ ਕਿ ਫੈਡਰਲ ਗੈਸ ਟੈਕਸ ਵਿੱਚ ਕਟੌਤੀ ਕਰਨ ਦੀ ਕੋਈ ਯੋਜਨਾ ਨਹੀਂ। ਕੈਨੇਡਾ ਸਰਕਾਰ ਸਪਲਾਈ ਵਧਾ ਕੇ ਤੇਲ ਕੀਮਤਾਂ ਨੂੰ ਸਥਿਰ ਕਰਨਾ ਚਾਹੁੰਦੀ ਹੈ। ਲਿਬਰਲ ਸਰਕਾਰ ਦੇ ਇਸ ਸਟੈਂਡ ਤੋਂ ਕੁਝ ਆਰਥਿਕ ਮਾਹਰ ਹੈਰਾਨ ਵੀ ਹਨ ਅਤੇ ਸਵਾਲ ਚੁੱਕ ਰਹੇ ਹਨ ਕਿ ਹੁਣ ਤੱਕ ਟਰੂਡੋ ਸਰਕਾਰ ਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਵੈਨਕੂਵਰ ਸਕੂਲ ਆਫ਼ ਇਕਨੌਮਿਕਸ ਦੇ ਪ੍ਰੋ. ਕੈਵਿਨ ਮਿਲੀਗਨ ਨੇ ਕਿਹਾ ਕਿ ਟੈਕਸਾਂ ਵਿਚ ਕਟੌਤੀ ਰਾਹੀਂ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ।

Check Also

ਬਜ਼ੁਰਗ ਮਹਿਲਾ ਦੇ ਹੱਥ ਟੁੱਟਣ ‘ਤੇ ਪੁਲਿਸ ਮਹਿਲਾ ਨੂੰ ਹੱਸਣਾ ਪਿਆ ਮਹਿੰਗਾ, ਅਦਾਲਤ ਨੇ ਸੁਣਾਈ ਸਜ਼ਾ

ਨਿਊਜ਼ ਡੈਸਕ: ਅਮਰੀਕਾ ਦੇ ਕੋਲੋਰਾਡੋ ‘ਚ ਇਕ ਪੁਲਿਸ ਮਹਿਲਾ ਨੂੰ ਹੱਸਣਾ ਮਹਿੰਗਾ ਪੈ ਗਿਆ। ਦਰਅਸਲ, …

Leave a Reply

Your email address will not be published.