-ਜਗਤਾਰ ਸਿੰਘ ਸਿੱਧੂ
ਐਡੀਟਰ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪੰਜਾਬ ਸਿਵਲ ਸਕੱਤਰੇਤ ‘ਚ ਹੋਈ ਮੁਲਾਕਾਤ ਨੇ ਰਾਜਸੀ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ। ਦੋਹਾਂ ਆਗੂਆਂ ਵਿਚਕਾਰ ਪੰਜਾਬ ਨੂੰ ਸੰਕਟ ‘ਚੋਂ ਕੱਢਣ ਦੇ ਅਹਿਮ ਮੁੱਦਿਆਂ ‘ਤੇ ਤਕਰੀਬਨ 50 ਮਿੰਟ ਗੱਲਬਾਤ ਹੋਈ। ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਬੜੇ ਸਪੱਸ਼ਟ ਸ਼ਬਦਾਂ ‘ਚ ਆਖਿਆ ਕਿ ਗੱਲਬਾਤ ਬਹੁਤ ਹੀ ਸਾਰਥਿਕ ਅਤੇ ਵਧੀਆ ਮਹੌਲ ‘ਚ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਨਿਮਰਤਾ ਅਤੇ ਆਪਣਤ ਨਾਲ ਸਿੱਧੂ ਦਾ ਸਵਾਗਤ ਕੀਤਾ, ਉਸ ਨਾਲ ਸਿੱਧੂ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਸਿੱਧੂ ਪਿਛਲੇ ਲੰਬੇ ਸਮੇਂ ਤੋਂ ਇਹ ਆਖ ਰਹੇ ਹਨ ਕਿ ਅਮਨ ਕਾਨੂੰਨ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਵਿੱਤੀ ਸਥਿਤੀ ਨਾਲ ਜੁੜਿਆ ਹੋਇਆ ਹੈ। ਇਸੇ ਲਈ ਇਸ ਮੀਟਿੰਗ ‘ਚ ਸਿੱਧੂ ਨੇ ਇਨ੍ਹਾਂ ਮੁੱਦਿਆਂ ‘ਤੇ ਪੱਖ ਰੱਖਦੇ ਹੋਏ ਕਿਹਾ ਕਿ ਕਿਸ ਤਰੀਕੇ ਨਾਲ ਰੇਤ ਮਾਫੀਆ ਨੂੰ ਕਾਬੂ ਕਰਕੇ ਨਵੀਂ ਨੀਤੀ ਨਾਲ ਰੇਤ ਤੋਂ ਸਰਕਾਰੀ ਖਜ਼ਾਨੇ ‘ਚ ਪੈਸਾ ਆ ਸਕਦਾ ਹੈ। ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਸ਼ਰਾਬ ਮਾਫੀਆ ਦੇ ਹੱਥਾਂ ‘ਚੋਂ ਕੱਢ ਕੇ ਸਰਕਾਰ ਕਾਰਪੋਰੇਸ਼ਨ ਬਣਾ ਕੇ ਇਸ ਖੇਤਰ ‘ਚੋਂ ਚੰਗਾ ਪੈਸਾ ਲੈ ਸਕਦੀ ਹੈ। ਕੇਬਲ ਮੋਨੋਪਲੀ ਖਤਮ ਕਰਕੇ ਮੀਡੀਆ ਨੂੰ ਬਹੁਤ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਗੁਰਬਾਣੀ ਦੇ ਪ੍ਰਸਾਰਣ ‘ਤੇ ਵੀ ਕਿਸੇ ਇੱਕ ਚੈਨਲ ਦਾ ਏਕਾ ਅਧਿਕਾਰ ਕਿਉਂ ਹੋਵੇ? ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਅਤੇ ਜ਼ਾਇਦਾਦਾਂ ਤੋਂ ਰਾਜਸੀ ਆਗੂਆਂ ਦੇ ਕਬਜ਼ੇ ਖਤਮ ਕਰਵਾਉਣ ਦੀ ਲੋੜ ਹੈ। ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਨੂੰ ਸੰਕਟ ਤੋਂ ਕੱਢਣ ਲਈ ਨਵਜੋਤ ਸਿੱਧੂ ਨੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਅਤੇ ਚਰਨਜੀਤ ਸਿੰਘ ਚੰਨੀ ਅੱਗੇ ਵੀ ਇਹ ਤਜ਼ਵੀਜ਼ਾਂ ਰੱਖੀਆਂ ਸਨ ਪਰ ਕੋਈ ਸੁਣਵਾਈ ਨਹੀਂ ਹੋਈ। ਸਿੱਧੂ ਦਾ ਕਹਿਣਾ ਹੈ ਕਿ ਜਿਹੜਾ ਮੁੱਖ ਮੰਤਰੀ ਆਪ ਹੀ ਜ਼ਮੀਨਾਂ ਦੱਬਣ ਵਾਲਿਆਂ ਨਾਲ ਰਲਿਆ ਹੋਇਆ ਸੀ, ਉਸ ਵਲੋਂ ਇਨ੍ਹਾਂ ਤਜਵੀਜ਼ਾਂ ‘ਤੇ ਕਿਵੇਂ ਅਮਲ ਹੋ ਸਕਦਾ ਸੀ।
ਮੀਟਿੰਗ ਬੇਸ਼ੱਕ ਪੰਜਾਬ ਨੂੰ ਸੰਕਟ ‘ਚੋਂ ਕੱਢਣ ਲਈ ਮੁੱਦਿਆਂ ‘ਤੇ ਹੋਈ ਪਰ ਪੰਜਾਬ ਦੀਆਂ ਵੱਖ-ਵੱਖ ਰਾਜਸੀ ਧਿਰਾਂ ਦੇ ਮੀਟਿੰਗ ਬਾਰੇ ਪ੍ਰਤੀਕਰਮ ਵੀ ਬੜੇ ਦਿਲਚਸਪ ਹਨ। ਵਿਰੋਧੀ ਧਿਰਾਂ ਵਲੋਂ ਟਿੱਪਣੀਆਂ ਜ਼ਰੂਰ ਕੀਤੀਆਂ ਗਈਆਂ ਪਰ ਹਾਲ ਦੀ ਘੜੀ ਕਿਸੇ ਨੂੰ ਸਮਝ ਨਹੀਂ ਲਗ ਰਹੀ ਕਿ ਇਸ ਮੀਟਿੰਗ ਦਾ ਰਾਜਸੀ ਮੰਤਵ ਕੀ ਸੀ? ਇਸ ਮੀਟਿੰਗ ਨੇ ਵਿਰੋਧੀ ਧਿਰਾਂ ਦੀ ਪਰੇਸ਼ਾਨੀ ‘ਚ ਜ਼ਰੂਰ ਵਾਧਾ ਕੀਤਾ ਹੈ। ਕਈਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨਾਲ ਨਾਰਾਜ਼ਗੀ ਪਿੱਛੋਂ ਨਵਜੋਤ ਸਿੱਧੂ ਨਵੀਂ ਰਾਜਸੀ ਜ਼ਮੀਨ ਤਲਾਸ਼ ਰਹੇ ਹਨ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸਿੱਧੂ ਕੋਈ ਨਵੀਂ ਖੇਤਰੀ ਪਾਰਟੀ ਬਣਾ ਰਹੇ ਹਨ। ਅੰਦਾਜ਼ੇ ਲਗਾਉਣੇ ਤਾਂ ਹਰ ਇੱਕ ਦਾ ਅਧਿਕਾਰ ਹੈ ਪਰ ਇਸ ਮੀਟਿੰਗ ਨੇ ਪਿਛਲੀਆਂ ਸਾਰੀਆਂ ਰਾਜਸੀ ਅਟਕਲਾਂ ‘ਤੇ ਪੋਚਾ ਫੇਰ ਦਿੱਤਾ ਹੈ।
ਜਾਣਕਾਰ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਇਸ ਗੱਲ ‘ਤੇ ਦ੍ਰਿੜ ਸੰਕਲਪ ਹਨ ਕਿ ਪੰਜਾਬ ਨੂੰ ਸੰਕਟ ‘ਚੋਂ ਕੱਢਣ ਲਈ ਭਗਵੰਤ ਮਾਨ ਵਲੋਂ ਲਏ ਜਾਣ ਵਾਲੇ ਕਦਮਾਂ ਦੀ ਉਹ ਡਟ ਕੇ ਹਮਾਇਤ ਕਰਨਗੇ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਭਲੇ ਲਈ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਸੀ ਸਹਿਯੋਗ ਦਾ ਸਿਲਸਿਲਾ ਆਉਣ ਵਾਲੇ ਦਿਨਾਂ ‘ਚ ਵੀ ਜਾਰੀ ਰਹੇਗਾ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਕਾਫੀ ਵੱਡਾ ਝਟਕਾ ਲਗੇਗਾ ਜਿਹੜੇ ਇਹ ਸਮਝਦੇ ਹਨ ਕਿ ਸਿੱਧੂ ਅਤੇ ਮਾਨ ਦੀ ਮਹਿਜ਼ ਇਹ ਇੱਕ ਰਸਮੀ ਮੁਲਾਕਾਤ ਸੀ।
ਸੰਪਰਕ: 98140-02186