MSP ਤੋਂ ਘੱਟ ਰੇਟ ’ਤੇ ਮੂੰਗੀ ਵੇਚਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਮੁੱਖ ਮੰਤਰੀ : ਸੁਖਬੀਰ ਬਾਦਲ

ਬਰਨਾਲਾ/ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਐਲਾਨੀ ਐਮ ਐਸ ਪੀ 7225 ਰੁੁਪਏ ਪ੍ਰਤੀ ਕੁਇੰਟਲ ਤੋਂ ਘੱਟ ਰੇਟ ’ਤੇ ਫਸਲ ਵੇਚ ਕੇ ਘਾਟਾ ਖਾਧਾ ਹੈ, ਉਹਨਾਂ ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਅੱਜ ਇਥੇ ਮੰਡੀ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਉਹਨਾਂ ਦੇ ਐਲਾਨ ’ਤੇ ਭਰੋਸਾ ਕਰ ਜਿਹੜੇ ਕਿਸਾਨਾਂ ਨੇ ਲੱਖਾਂ ਏਕੜ ਵਿਚ ਮੂੰਗੀ ਦੀ ਫਸਲ ਬੀਜੀ ਸੀ ਤੇ ਸਰਕਾਰੀ ਏਜੰਸੀਆਂ ਮੰਡੀਆਂ ਵਿਚ ਆਈ ਫਸਲ ਦਾ 83 ਫੀਸਦੀ ਐਮ ਐਸ ਪੀ ’ਤੇ ਖਰੀਦਣ ਵਿਚ ਨਾਕਾਮ ਰਹੀਆਂ ਹਨ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਕਿਸਾਨਾਂ ਨੇ ਬਾਦਲ ਨੂੰ ਦੱਸਿਆ ਕਿ ਮੂੰਗੀ ਦੀ ਫਸਲ ਪ੍ਰਾਈਵੇਟ ਖਰੀਦਦਾਰਾਂ ਨੇ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਖਰੀਦੀ ਸੀ ਤੇ ਹੁਣ ਸਰਕਾਰ ਉਹਨਾਂ ਨੂੰ ਐਮ ਐਸ ਪੀ ਤੋਂ ਘੱਟ ਰੇਟ ’ਤੇ ਮੂੰਗੀ ਵੇਚਣ ਲਈ ਪਏ ਘਾਟੇ ਦਾ ਪੈਸਾ ਦੇਣ ਤੋਂ ਇਨਕਾਰੀ ਹੈ।

ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜਿਹੜੇ ਕਿਸਾਨਾਂ ਨੇ ਉਹਨਾਂ ਦੀ ਗੱਲ ’ਤੇ ਭਰੋਸਾ ਕੀਤਾ, ਉਹਨਾਂ ਦਾ ਕੀ ਕਸੂਰ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਹੀ ਆਪਣੇ ਕੀਤੇ ਐਲਾਨ ਨੂੰ ਲਾਗੂ ਕਰਨ ਤੋਂ ਭੱਜ ਗਿਆ ਤਾਂ ਕਿਸਾਨ ਐਮ ਐਸ ਪੀ ਤੋਂ ਹਜ਼ਾਰਾਂ ਰੁਪਏ ਘਾਟੇ ’ਤੇ ਫਸਲ ਵੇਚਣ ਲਈ ਮਜਬੂਰ ਹੋਏ। ਉਹਨਾਂ ਕਿਹਾ ਕਿ ਕੁਝ ਕਿਸਾਨਾਂ ਨੇ ਤਾਂ ਮਜਬੂਰ ਹੋ ਕੇ ਮੂੰਗੀ ਖੇਤਾਂ ਵਿਚ ਹੀ ਵਾਹ ਦਿੱਤੀ।

ਮੀਡੀਆ ਦੇ ਇਕ ਸਵਾਲ ਦੇ ਜਵਾਬ ‘ਚ ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੀਆਂ ਸੰਗਤਾਂ ਵਾਸਤੇ ਬਣਾਈਆਂ ਸਰਾਵਾਂ ’ਤੇ 12 ਫੀਸਦੀ ਜੀ ਐਸ ਟੀ ਲਗਾਉਣਾ ਪਾਪ ਕਮਾਉਣ ਬਰਾਬਰ ਹੈ ਤੇ ਉਹਨਾਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਖਾਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਕਦਮ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਲੰਗਰ ਬਣਾਉਣ ਲਈ ਆਉਂਦੀ ਰਸਦ ’ਤੇ ਜੀ ਐਸ ਟੀ ਲਗਾਇਆ ਸੀ ਜਿਸਦਾ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਇਹ ਜੀ ਐਸ ਟੀ ਹਟਵਾਇਆ ਸੀ।

ਪੰਜਾਬੀ ਗਾਇਕ ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਬਾਰੇ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਗੈਂਗਸਟਰ ਹੀ ਪੰਜਾਬ ਵਿਚ ਆਪ ਸਰਕਾਰ ’ਤੇ ਕੰਟਰੋਲ ਕਰੀਂ ਬੈਠੇ ਹਨ। ਉਹਨਾਂ ਕਿਹਾ ਕਿ ਰੋਜ਼ਾਨਾ ਹੀ ਅਫਸਰਾਂ ਦੇ ਤਬਾਦਲੇ ਤੇ ਤਾਇਨਾਤੀਆਂ ਕਰਨ ਨਾਲ ਪੁਲਿਸ ਫੋਰਸ ਦੀ ਕਮਾਂਡ ਚੇਨ ਪ੍ਰਭਾਵਤ ਹੋ ਰਹੀ ਹੈ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਦਰਜਨਾਂ ਮੋਟਰ ਪੰਪ ਤੇ ਪਾਈਪਾਂ ਮਲੋਟ ਤੇ ਲੰਬੀ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿਚ ਪਿੰਡਾਂ ਦੀਆਂ ਕਮੇਟੀਆਂ ਨੂੰ ਸੌਂਪੀਆਂ ਤਾਂ ਜੋ ਮੀਂਹ ਦਾ ਪਾਣੀ ਕੱਢਿਆ ਜਾ ਸਕੇ। ਉਹਨਾਂ ਨੇ ਪ੍ਰਭਾਵਤ ਪਿੰਡਾਂ ਲਈ ਮੈਡੀਕਲ ਟੀਮਾਂ ਵੀ ਭੇਜੀਆਂ ਤੇ ਅਜਿਹਾ ਹੀ ਹੈਲਥ ਕੈਂਪ ਲੰਬੀ ਦੇ ਪਿੰਡ ਥਰਾਜਵਾਲਾ ਵਿਚ ਲਗਾਇਆ ਗਿਆ। ਇਸ ਤੋਂ ਇਲਾਵਾ ਬਾਦਲ ਨੇ ਕੀਟਨਾਸ਼ਕਾਂ ਦੇ ਭਰੇ ਟੈਂਕਰ ਵੱਖ ਵੱਖ ਹੜ੍ਹ ਮਾਰੇ ਪਿੰਡਾਂ ਤੇ ਅਬੋਹਰ ਤੇ ਬੱਲੂਆਣਾ ਹਲਕੇ ਦੇ ਪਿੰਡਾਂ ਜਿਹਨਾਂ ਦਾ ਉਹਨਾਂ ਕੱਲ੍ਹ ਦੌਰਾ ਕੀਤਾ ਸੀ, ਲਈ ਵੀ ਭੇਜੇ।

Check Also

ਵਿਜੀਲੈਂਸ ਬਿਊਰੋ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਇਬ ਤਹਿਸੀਲਦਾਰ ਨੂੰ ਕੀਤਾ ਗ੍ਰਿਫਤਾਰ

 ਰੂਪਨਗਰ : ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਹਿਸੀਲ ਸ੍ਰੀ ਆਨੰਦਪੁਰ …

Leave a Reply

Your email address will not be published.