ਟੈਕਸਸ : ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਵਾਪਰੇ ਹਾਦਸਿਆਂ ‘ਚ ਪਰਵਾਸੀਆਂ ਦੀਆਂ ਮੌਤਾਂ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।
ਤਾਜ਼ਾ ਵਾਪਰੀਆਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ 6 ਪਰਵਾਸੀਆਂ ਦੀ ਮੌਤ ਹੋ ਗਈ ਜਦਕਿ 10 ਲੋਕਾਂ ਦੀ ਜਾਨ ਬਚਾ ਲਈ ਗਈ। ਪਹਿਲੀ ਘਟਨਾ ਟੈਕਸਸ ਵਿੱਚ ਇੰਟਰਸਟੇਟ 35 ਤੇ ਵਾਪਰੀ ਜਿਥੇ ਇਕ ਤੇਜ਼ ਰਫ਼ਤਾਰ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਵਿੱਚ ਸਵਾਰ ਚਾਰ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਇਸ ਹਾਦਸੇ ਸਬੰਧੀ ਟੈਕਸਸ ਦੇ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਮਨੁੱਖੀ ਤਸਕਰੀ ਲਈ ਵਰਤੀ ਜਾ ਰਹੀ ਇਕ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਅਮਰੀਕਾ-ਮੈਕਸੀਕੋ ਦੀ ਸਰਹੱਦ ਤੋਂ 64 ਕਿਲੋਮੀਟਰ ਦੂਰ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚੋਂ ਦੋ ਗੁਆਟੇਮਾਲਾ ਨਾਲ ਸਬੰਧਤ ਸਨ ਜਦਕਿ ਇਕ ਮੈਕਸੀਕੋ ਦਾ ਨਾਗਰਿਕਾ ਸੀ। ਚੌਥੇ ਪ੍ਰਵਾਸੀ ਬਾਰੇ ਮੁਕੰਮਲ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਦੂਜੀ ਘਟਨਾ ਟੈਕਸਸ ਦੇ ਹੀ ਮੈਕਐਲਨ ਨੇੜੇ ਵਾਪਰੀ ਜਿਥੇ ਬਾਰਡਰ ਅਫ਼ਸਰਾਂ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਦੌਰਾਨ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ। ਇਸ ਦੇ ਕੰਟੇਨਰ ਵਿੱਚ 10 ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਬਾਕੀ ਸਹੀ ਸਲਾਮਤ ਬਚ ਗਏ। ਦੂਜੇ ਪਾਸੇ ਸੈਨ ਐਂਟੋਨੀਓ ਵਿਖੇ 53 ਪਰਵਾਸੀਆਂ ਦੀ ਮੌਤ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਸਣੇ ਹੁਣ ਤੱਕ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ 28 ਸਾਲ ਦੇ ਮਾਰਟੀਨੇਜ਼ ਨੂੰ ਟੈਕਸਸ ਤੋਂ ਗ੍ਰਿਫ਼ਤਾਰ ਕੀਤਾ ਜਦਕਿ ਇਸ ਮਾਮਲੇ ਵਿਚ ਹੋਰਨਾਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।