ਚੰਡੀਗੜ੍ਹ: ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਚੋਣਾਂ ਲਈ ਐਲਾਨੇ ਉਮੀਦਵਾਰਾਂ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਅਸੀਂ ਪਹਿਲਾ ਹੀ ਕਿਹਾ ਸੀ ਇਹ ਗੈਰ ਪੰਜਾਬੀਆਂ ਨੂੰ ਟਿਕਟਾਂ ਦੇਣ ਜਾ ਰਹੇ ਨੇ ਪਰ ਉਦੋਂ ਇਹ ਕਹਿੰਦੇ ਸੀ ਪੰਜਾਬੀਆਂ ਨੂੰ ਪੰਜਾਬ ਦਾ ਹੱਕ ਮਿਲੂਗਾ ਤੇ ਪੰਜਾਬੀ ਹੀ ਉਮੀਦਵਾਰ ਹੋਣਗੇ।
ਉਨ੍ਹਾਂ ਕਿਹਾ ਕਿ, ‘ਇਹਨਾ ਨੇ ਤਾਂ 4 ਗੈਰ ਪੰਜਾਬੀਆਂ ਦੇ ਨਾਮ ਐਲਾਨ ਕਰਨੇ ਸੀ, ਪਰ ਵਿਰੋਧ ਦੇ ਚਲਦਿਆਂ ਦੋ ਨਾਮ ਬਾਹਰ ਆਏ। ਸੰਦੀਪ ਪਾਠਕ ਜੋ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ, ਕੀ ਉਹ ਪੰਜਾਬ ਦੇ ਮਸਲਿਆਂ ਨੂੰ ਜਾਣਦਾ ਹੈ? ਕੀ ਉਹ ਪੰਜਾਬ ਦੀ ਆਵਾਜ਼ ਬਣ ਪਾਵੇਗਾ ?’ ਉਨ੍ਹਾਂ ਅੱਗੇ ਕਿਹਾ, ‘ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਮੈਂ ਨਹੀਂ ਸੁਣਿਆ ਕਿ ਪੰਜਾਬ ਤੋਂ ਕਿਸੇ ਗੈਰ-ਪੰਜਾਬੀ ਨੂੰ ਰਾਜ ਸਭਾ ਲਈ ਚੁਣਿਆ ਗਿਆ ਹੋਵੇ।’
ਇਸ ਤੋਂ ਅੱਗੇ ਉਨ੍ਹਾਂ ਰਾਘਵ ਚੱਢਾ ਦਾ ਨਾਮ ਲੈਂਦਿਆਂ ਕਿਹਾ ਕਿ ਉਹ ਦਿੱਲੀ ਦਾ MLA ਹੈ, ਦਿੱਲੀ ਦਾ ਵਸਨੀਕ ਹੈ ਤੇ ਉਥੇ ਦੁਬਾਰਾ ਚੋਣਾਂ ਕਰਵਾਉਂਗੇ ? ਕੁਝ ਤਾਂ ਸੋਚੋ। ਉਨ੍ਹਾਂ ਕਿਹਾ, ‘ਇਸ ਇਨਕਲਾਬ ਤੇ ਬਦਲਾਵ ਨੂੰ ਪੰਜਾਬ ਨੇ ਵੋਟ ਨਹੀਂ ਪਾਈ ਸੀ। ਮਾਨ ਸਾਹਬ ਮੈਂ ਯਾਦ ਦਵਾਉਣਾ ਚਾਉਂਦਾ ਹਾਂ ਐਥੇ ਹੋਰ ਬਹੁਤ ਸਮਝਦਾਰ ਵਿਅਕਤੀ ਸੀ, ਜਿਨ੍ਹਾਂ ਨੂੰ ਰਾਜ ਸਭ ‘ਚ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਅੱਜ ਤੁਸੀਂ ਆਪਣੇ ਦਿੱਲੀ ਵਾਲੇ ਬੋਸ ਦੇ ਕਹਿਣ ‘ਤੇ ਪੰਜਾਬੀਆਂ ਦੇ ਹੱਕ ‘ਤੇ ਪਹਿਲਾ ਡਾਕਾ ਮਾਰਿਆ ਹੈ ਤੇ ਪੰਜਾਬੀ ਅਜਿਹਾ ਧੋਖਾ ਬਰਦਾਸ਼ਤ ਨਹੀਂ ਕਰਨਗੇ।’
ਲੁੱਟ ਲਿਆ ਹੱਕ ਪੰਜਾਬ ਦਾ ਬਣ ਇਨਕਲਾਬੀ ,
ਦਰੀਆਂ ਵਿਛਾਉਂਦੇ ਰਹਿ ਗਏ ਮੇਰੇ ਵੀਰ ਪੰਜਾਬੀ ।
ਰਾਜ ਸਭਾ ਵਿੱਚ ਭੇਜ ਦਿੱਤੇ ਹੁਣ ਗ਼ੈਰ ਪੰਜਾਬੀ,
ਕੌਣ ਕਰੇਗਾ ਗੱਲ ਹੁਣ ਰੰਗਲੇ ਪੰਜਾਬ ਦੀ ।@BhagwantMann & @AAPPunjab ਜਵਾਬ ਦੇਵੋ , ਕੀ ਇਹ ਹੈ ਤੁਹਾਡਾ ਬਦਲਾਵ । pic.twitter.com/ZXLVjlnGTa
— Pritpal Singh Baliawal (@PritpalBaliawal) March 21, 2022
ਦਰਅਸਲ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮਗਰੋਂ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਬਾਹਰੀ ਲੋਕਾਂ ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ।