ਅਕਾਲੀ ਦਲ – ਭਾਜਪਾ ਦਾ ਰਾਜਸੀ ਧਮਾਕਾ

ਜਗਤਾਰ ਸਿੰਘ ਸਿੱਧੂ

ਐਡੀਟਰ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਰਾਜਨੀਤੀ ‘ਚ ਅੱਜ ਉਸ ਵੇਲੇ ਵੱਡਾ ਧਮਾਕਾ ਕਰ ਦਿੱਤਾ ਜਦੋਂ ਅਕਾਲੀ ਦਲ ਨੇ ਬਗੈਰ ਕਿਸੇ ਸ਼ਰਤ ਦੇ ਭਾਜਪਾ ਦੇ ਰਾਸ਼ਟਰਪਤੀ ਦੇ ਅੱਹੁਦੇ ਲਈ ਉਮੀਦਵਾਰ ਦੀ ਹਮਾਇਤ ਕਰ ਦਿੱਤੀ। ਆਪਾਂ ਸਾਰੇ ਜਾਣਦੇ ਹਾਂ ਕਿ ਤਿੰਨੇ ਖੇਤੀ ਕਾਨੂੰਨਾ ਦੇ ਮੁੱਦੇ ‘ਤੇ ਪਹਿਲਾਂ ਅਕਾਲੀ ਦਲ ਨੇ ਮੋਦੀ ਸਰਕਾਰ ਦੀ ਹਮਾਇਤ ਕੀਤੀ ਸੀ ਪਰ ਬਾਅਦ ‘ਚ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਆਕੇ ਅਕਾਲੀ ਦਲ ਨੇ ਨਾ ਕੇਵਲ ਮੋਦੀ ਸਰਕਾਰ ਤੋਂ ਹਮਾਇਤ ਵਾਪਿਸ ਲਈ ਸਗੋਂ ਭਾਜਪਾ ਨਾਲ ਗਠਜੋੜ ਤੋਂ ਵੀ ਬਾਹਰ ਆ ਗਏ। ਹੁਣ ਬਦਲੀਆਂ ਹੋਈਆਂ ਪਰਸਥਿਤੀਆਂ ‘ਚ ਅਕਾਲੀ ਦਲ ਨੇ ਐਨਡੀਏ ਦੀ ਰਾਸ਼ਟਰਪਤੀ ਦੇ ਅੱਹੁਦੇ ਲਈ ਉਮੀਦਵਾਰ ਨੂੰ ਹਮਾਇਤ ਦੇ ਕੇ ਪੰਜਾਬ ਦੀ ਰਾਜਨੀਤੀ ਅੰਦਰ ਇਕ ਨਵੀਂ ਹਲਚਲ ਪੈਦਾ ਕਰ ਦਿਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਪਾਰਟੀ ਦੇ ਦਫ਼ਤਰ ਵਿਖੇ ਕਈ ਘੰਟੇ ਕੋਰ ਕਮੇਟੀ ਦੀ ਮੀਟਿੰਗ ਹੋਈ।ਜਿਸ ‘ਚ ਭਾਜਪਾ ਦੀ ਉਮੀਦਵਾਰ ਨੂੰ ਸਰਬਸੰਮਤੀ  ਨਾਲ ਹਮਾਇਤ ਦੇਣ ਦਾ ਫੈਸਲਾ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਭਾਜਪਾ ਨਾਲ ਕਈ ਮੁੱਦਿਆਂ ਉਪਰ ਮੱਤਭੇਦ ਹਨ ਪਰ ਰਾਸ਼ਟਰਪਤੀ ਦੇ ਅੱਹੁਦੇ ਲਈ ਉਮੀਦਵਾਰ ਨੂੰ ਹਮਾਇਤ ਦੇਣ ਦਾ ਵੱਖਰਾ ਮਾਮਲਾ ਹੈ।ਇਸ ਅੱਹੁਦੇ ਲਈ ਭਾਜਪਾ ਨੇ ਦ੍ਰੋਪਦੀ ਮੁਰਮੂ ਨੂੰ ਉਮੀਦਵਾਰ ਬਣਾਇਆ ਹੈ।ਜਿਹੜੇ ਘੱਟ ਗਿਣਤੀਆਂ, ਆਦਿਵਾਸੀਆਂ, ਸ਼ੋਸ਼ਿਤ ਅਤੇ ਪਛੜੇ ਖੇਤਰ ਨਾਲ ਸਬੰਧ ਰਖਦੇ ਹਨ। ਦੱਸਣਯੋਗ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਬੀਤੇ ਕਲ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਸ਼ਟਰਪਤੀ ਦੇ ਅੱਹੁਦੇ ਲਈ ਹਮਾਇਤ ਦੇਣ ਦੀ ਅਪੀਲ ਕੀਤੀ ਸੀ।ਉਸਤੋਂ ਬਾਅਦ ਹੀ ਅੱਜ ਅਕਾਲੀ ਦਲ ਨੇ ਕੋਰ ਕਮੇਟੀ ਮੀਟਿੰਗ ‘ਚ ਭਾਜਪਾ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ।

ਦੂਜੇ ਪਾਸੇ ਪੰਜਾਬ ਦੀਆਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਪਹਿਲਾਂ ਹੀ ਅੰਦਰਖਾਤੇ ਭਾਜਪਾ ਨਾਲ ਮਿਲਿਆ ਹੋਇਆ ਸੀ। ਪਰ ਕਿਸਾਨੀ ਅੰਦੋਲਨ ਕਾਰਨ ਇਸਨੂੰ ਮਜਬੂਰੀ ਵਸ ਭਾਜਪਾ ਨਾਲ ਆਪਣਾ ਨਾਅਤਾ ਤੋੜਨਾ ਪਿਆ ਸੀ। ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਆਪਣੀ ਸ਼ਾਖ ਨੂੰ ਬਚਾਉਣ ਲਈ ਮੁੜ ਭਾਜਪਾ ਦੇ ਲੜ ਲੱਗਿਆ ਹੈ।ਗੱਲ ਕੇਵਲ ਵਿਰੋਧੀ ਧਿਰ ਵਲੋਂ ਦੋਸ਼ ਲਾਉਣ ਦੀ ਨਹੀਂ ਸਗੋਂ ਅਕਾਲੀ ਦਲ ਨੂੰ ਪਿਛਲੇ ਸਮੇਂ ਤੋਂ ਵਡੀਆਂ ਰਾਜਸੀ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਿਸਾਲ ਵਜੋਂ: ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਬਿਲਕੁਲ ਹਾਸ਼ੀਏ ‘ਤੇ ਚਲਾ ਗਿਆ ਸੀ।ਇਸ ਚੋਣ’ਚ ਅਕਾਲੀ ਦਲ ਨੂੰ ਕੇਵਲ 3 ਸੀਟਾਂ ਹਾਸਿਲ ਹੋਈਆਂ।ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਵੀ ਅਕਾਲੀ ਦਲ ਹਾਰ ਤਾਂ ਗਿਆ ਸੀ ਪਰ ਫਿਰ ਵੀ ਵਿਧਾਨ ਸਭਾ ‘ਚ ਕੁਝ ਸੀਟਾਂ ਆ ਗਈਆਂ ਸਨ।ਕੇਵਲ ਐਨਾ ਹੀ ਨਹੀਂ ਸਗੋਂ ਕੁਝ ਦਿਨ ਪਹਿਲਾਂ ਸੰਗਰੂਰ ਲੋਕ ਸਭਾ ਹਲਕੇ ਦੀ ਉਪਚੋਣ ਹੋਈ ਸੀ ਤਾਂ ਉਸ ਚੋਣ ‘ਚ ਅਕਾਲੀ ਦਲ ਪੰਜਵੇ ਸਥਾਨ ‘ਤੇ ਚਲਾ ਗਿਆ ਸੀ।ਭਾਜਪਾ ਅਕਾਲੀ ਦਲ ਤੋਂ ਉਪਰ ਆ ਗਈ ਸੀ।ਇਸ ਦਾ ਨਤੀਜਾ ਇਹ ਵੀ ਨਿਕਲਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉੱਪਰ ਪਾਰਟੀ ਦੇ ਅੰਦਰੋਂ ਵੀ ਦਬਾਅ ਵੱਧਣ ਲੱਗਿਆ ਕਿ ਇਸ ਨਮੋਸ਼ੀ ਭਰੀ ਹਾਰ ਲਈ ਸਿੱਧੇ ਤੋਰ ਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ। ਪਾਰਟੀ ਨੇ ਕੁਝ ਸਮਾਂ ਪਹਿਲਾਂ ਹਾਰ ਦੀ ਪੜਚੋਲ ਲਈ ਕਮੇਟੀ ਵੀ ਬਣਾਈ ਸੀ ਪਰ ਉਹ ਵੀ ਕਿਸੇ ਸਿੱਟੇ ਨਹੀਂ ਪਹੁੰਚ ਸਕੀ।ਪਾਰਟੀ ਦੇ ਕਈ ਸੀਨੀਅਰ ਨੇਤਾ ਪਾਰਟੀ ਛੱਡ ਕੇ ਪਹਿਲਾਂ ਹੀ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ।ਪਾਰਟੀ ਅੰਦਰ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ‘ਚ ਬੈਠੇੇ ਹਨ। ਅਜਿਹੀਆਂ ਪਰਸਥਿਤੀਆਂ ‘ਚ ਅਕਾਲੀ ਦਲ ਦੀ ਲੀਡਰਸ਼ੀਪ ਨੇ ਭਾਜਪਾ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ ਪਰ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਇਸ ਨਵੇਂ ਪੈਂਤੜੇ ਨਾਲ ਅਕਾਲੀ ਦਲ ਸੰਕਟ ‘ਚੋਂ ਬਾਹਰ ਆ ਸਕੇਗਾ?

 

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.