ਨਿਊਜ਼ ਡੈਸਕ: ਸੋਨੇ ਦੀ ਤਸਕਰੀ ਲਈ ਲੋਕ ਨਵੇਂ-ਨਵੇਂ ਹੱਥਕੰਡੇ ਅਪਣਾਉਂਦੇ ਹਨ। ਸਰੀਰ ਦੇ ਅੰਦਰ ਸੋਨੇ ਦੀਆਂ ਰਾਡਾਂ ਜਾਂ ਸੋਨੇ ਦੇ ਬਿਸਕੁਟ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਵਾਰ ਲਖਨਊ ਏਅਰਪੋਰਟ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਅਧਿਕਾਰੀਆਂ ਨੂੰ ਏਅਰਪੋਰਟ ਦੇ ਡਸਟਬਿਨ ਵਿੱਚ ਸੋਨੇ ਦੀਆਂ 6 ਰਾਡਾਂ ਮਿਲੀਆਂ ਹਨ, ਇਹ ਸੋਨਾ ਫੜੇ ਜਾਣ ਦੇ ਡਰੋਂ ਇਮੀਗ੍ਰੇਸ਼ਨ ਏਰੀਏ ਨੇੜੇ ਸੁੱਟਿਆ ਗਿਆ ਸੀ। ਪਰ ਅਜੇ ਤੱਕ ਇਸ ਸਬੰਧੀ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਇਹ ਮਾਮਲਾ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਫੜਿਆ ਹੈ। ਇਨ੍ਹਾਂ 6 ਸੋਨੇ ਦੀਆਂ ਬਾਰਾਂ ਨੂੰ ਕਾਲੀ ਟੇਪ ਨਾਲ ਲਪੇਟ ਕੇ ਕਾਲੇ ਪੋਲੀਥੀਨ ਵਿੱਚ ਛੁਪਾ ਕੇ ਏਅਰਪੋਰਟ ਦੇ ਇਮੀਗ੍ਰੇਸ਼ਨ ਖੇਤਰ ਦੇ ਨੇੜੇ ਡਸਟਬਿਨ ਵਿੱਚ ਸੁੱਟ ਦਿੱਤਾ ਗਿਆ ਸੀ। ਜ਼ਬਤ ਕੀਤੇ ਗਏ ਸੋਨੇ ਦੀਆਂ ਬਾਰਾਂ ਦੀ ਬਾਜ਼ਾਰ ਵਿਚ ਕੀਮਤ ਕਰੀਬ 36.60 ਲੱਖ ਰੁਪਏ ਹੈ।
ਅਧਿਕਾਰੀ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਸੋਨਾ ਕੂੜੇਦਾਨ ਵਿੱਚ ਕਿਸ ਨੇ ਪਾਇਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰਪੋਰਟ ਦੇ ਕੁਝ ਕਰਮਚਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਹਵਾਈ ਅੱਡੇ ਦੇ ਕਿਸੇ ਮੁਲਾਜ਼ਮ ਦਾ ਵੀ ਹੱਥ ਹੋ ਸਕਦਾ ਹੈ ਕਿਉਂਕਿ ਕੋਈ ਵਿਅਕਤੀ ਇਨ੍ਹਾਂ ਸੋਨੇ ਦੀਆਂ ਬਾਰਾਂ ਨੂੰ ਅਜਿਹੇ ਡਸਟਬਿਨ ਵਿਚ ਉਦੋਂ ਹੀ ਸੁੱਟ ਸਕਦਾ ਹੈ ਜਦੋਂ ਉਸ ਨੂੰ ਪਤਾ ਹੋਵੇ ਕਿ ਬਾਅਦ ਵਿਚ ਉਹ ਆਸਾਨੀ ਨਾਲ ਇੱਥੋਂ ਸੋਨਾ ਲਿਜਾ ਸਕੇਗਾ। ਸ਼ੁਰੂਆਤੀ ਜਾਂਚ ‘ਚ ਸਪੱਸ਼ਟ ਹੋਇਆ ਹੈ ਕਿ ਇਹ ਸੋਨਾ ਤਸਕਰੀ ਰਾਹੀਂ ਲਿਆਂਦਾ ਗਿਆ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਇਸ ਨੂੰ ਲਾਵਾਰਿਸ ਸੁੱਟ ਦਿੱਤਾ ਗਿਆ ਸੀ।