ਨਿਊਜ਼ ਡੈਸਕ: ਸੈਂਟੋ ਡੋਮਿੰਗੋ, ਡੋਮਿਨਿਕਨ ਰੀਪਬਲਿਕ ਤੋਂ ਆ ਰਹੀ ਇੱਕ ਰੈੱਡ ਏਅਰ ਫਲਾਈਟ ਨੂੰ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਗੇਅਰ ਫੇਲ ਹੋਣ ਤੋਂ ਬਾਅਦ ਅੱਗ ਲੱਗ ਗਈ। ਇਸ ਜਹਾਜ਼ ਵਿੱਚ 126 ਯਾਤਰੀ ਸਵਾਰ ਸਨ।
ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ। ਰਿਪੋਰਟ ਮੁਤਾਬਕ ਤਿੰਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੈੱਡ ਏਅਰ ਦੀ ਫਲਾਈਟ ‘ਚ ਲੈਂਡਿੰਗ ਗੀਅਰ ‘ਚ ਖਰਾਬੀ ਕਾਰਨ ਅੱਗ ਲੱਗੀ ਸੀ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਸ ਹਾਦਸੇ ਦੀ ਵੀਡੀਓ ਨੂੰ ਦੇਖ ਕੇ ਕਈਆਂ ਦੇ ਹੋਸ਼ ਉੱਡ ਜਾਣਗੇ। ਇਸ ਵੀਡੀਓ ‘ਚ ਅਸਮਾਨ ਕਾਲੇ ਧੂੰਏਂ ਨਾਲ ਢੱਕਿਆ ਦੇਖਿਆ ਜਾ ਸਕਦਾ ਹੈ। ਯਾਤਰੀਆਂ ਦੇ ਚਿਹਰਿਆਂ ‘ਤੇ ਡਰ ਸਾਫ ਦਿਖਾਈ ਦੇ ਰਿਹਾ ਹੈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਉਥੋਂ ਭੱਜਦਾ ਹੈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਇਸ ਹਾਦਸੇ ਕਾਰਨ ਕੁਝ ਫਲਾਈਟਾਂ ਨੂੰ ਵੀ ਲੇਟ ਕਰਨਾ ਪਿਆ।