ਔਕਲੈਂਡ: ਨਿਊਜ਼ੀਲੈਂਡ ਦੇ ਔਕਲੈਂਡ ਵਿੱਚ ਸਾਲ 2020 ਵਿੱਚ ਹੋਏ ਇੱਕ ਪੰਜਾਬਣ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਬਿੰਦਰਪਾਲ ਕੌਰ ਦੇ ਪਤੀ ਬੇਅੰਤ ਸਿੰਘ ਨੇ ਔਕਲੈਂਡ ਦੀ ਹਾਈਕਰਟ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਜਿਸ ਤੋਂ ਬਾਅਦ ਹੁਣ ਅਦਾਲਤ ਇਸ ਮਾਮਲੇ ‘ਚ ਸਤੰਬਰ ਮਹੀਨੇ ਸਜ਼ਾ ਸੁਣਾਵੇਗੀ।
ਦੱਸਣਯੋਗ ਹੈ ਕਿ ਸਤੰਬਰ ਸਾਲ 2020 ‘ਚ ਔਕਲੈਂਡ ਦੇ ਪਾਪਾਟੋਏਟੋਏ (Papatoetoe) ਸ਼ਹਿਰ ਵਿੱਚ ਸਥਿਤ ਇੱਕ ਘਰ ‘ਚੋਂ 42 ਸਾਲਾ ਬਿੰਦਰਪਾਲ ਕੌਰ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਇਸ ਕੇਸ ਵਿੱਚ ਪੁਲਿਸ ਨੇ ਬਿੰਦਰਪਾਲ ਕੌਰ ਦੇ ਪਤੀ 49 ਸਾਲ ਦੇ ਬੇਅੰਤ ਸਿੰਘ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਸੀ। ਇਸ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ‘ਤੇ ਚੱਲ ਰਿਹਾ ਬੇਅੰਤ ਸਿੰਘ ਔਕਲੈਂਡ ਦੀ ਹਾਈਕੋਰਟ ਵਿੱਚ ਪੇਸ਼ ਹੋਇਆ, ਜਿੱਥੇ ਉਸ ਨੇ ਜੱਜ ਜੈਫ਼ਰੀ ਵੈਨਿੰਗ ਸਾਹਮਣੇ ਪਤਨੀ ਦੇ ਕਤਲ ਦਾ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਜੱਜ ਦੇ ਹੁਕਮਾਂ ‘ਤੇ ਪੁਲਿਸ ਨੇ ਬੇਅੰਤ ਸਿੰਘ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ। ਔਕਲੈਂਡ ਹਾਈਕੋਰਟ ਉਸ ਨੂੰ ਸਤੰਬਰ ਮਹੀਨੇ ਵਿੱਚ ਸਜ਼ਾ ਸੁਣਾਏਗੀ।
ਦੱਸਿਆ ਜਾ ਰਿਹਾ ਹੈ ਕਿ ਬੇਅੰਤ ਸਿੰਘ ਅਤੇ ਬਿੰਦਰਪਾਲ ਕੌਰ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਅਤੇ ਉਹ 2013 ਤੋਂ ਨਿਊਜ਼ੀਲੈਂਡ ਵਿੱਚ ਇਕੱਠੇ ਰਹਿ ਰਹੇ ਸਨ। ਬੱਚਾ ਨਾਂ ਹੋਣ ਕਾਰਨ ਇਨਾਂ ਦੋਵਾਂ ਵਿਚਾਲੇ ਆਪਸੀ ਤਣਾਅ ਰਹਿੰਦਾ ਸੀ। ਇਹ ਵੀ ਸਾਹਮਣੇ ਆਇਆ ਕਿ ਬਿੰਦਰਪਾਲ ਨੇ ਮੌਤ ਤੋਂ ਪਹਿਲਾਂ ਕਈ ਵਾਰ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮੇਂ `ਤੇ ਕਿਹਾ ਸੀ ਕਿ ਉਸ ਨੂੰ ਆਪਣੇ ਪਤੀ ਬੇਅੰਤ ਸਿੰਘ ਤੋਂ ਡਰ ਲਗਦਾ ਹੈ। ਉਸ ਨੂੰ ਡਰ ਸੀ ਕਿ ਉਹ ਉਸ ਨੂੰ ਸੁੱਤੀ ਪਈ ਨੂੰ ਹੀ ਮਾਰ ਦੇਵੇਗਾ। ਇਸ ਤੋਂ ਬਾਅਦ 20 ਸਤੰਬਰ 2020 ਨੂੰ ਬਿੰਦਰਪਾਲ ਕੌਰ ਦੀ ਲਾਸ਼ ਪਾਪਾਟੋਏਟੋਏ ਵਿੱਚ ਸਥਿਤ ਉਸ ਦੇ ਘਰੋਂ ਹੀ ਬਰਾਮਦ ਹੋਈ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਤੀ ਨਾਲ ਹੋਏ ਝਗੜੇ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬੇਅੰਤ ਸਿੰਘ ਨੇ ਉਸ ਨੂੰ ਹਸਪਤਾਲ ਤੱਕ ਨਹੀਂ ਲੈ ਕੇ ਗਿਆ। ਪੁਲਿਸ ਜਦੋਂ ਮੌਕ ‘ਤੇ ਪੁੱਜੀ ਤਾਂ ਉੱਥੇ ਸੋਫ਼ੇ ‘ਤੇ ਖੂਨ ਹੀ ਖੂਨ ਪਿਆ ਸੀ ਤੇ ਬਿੰਦਰਪਾਲ ਕੌਰ ਦੀ ਉਸ ਵੇਲੇ ਤੱਕ ਮੌਤ ਹੋ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵਾਲੇ ਦਿਨ ਦੁਪਹਿਰ ਵੇਲੇ ਬੇਅੰਤ ਸਿੰਘ ਤੇ ਬਿੰਦਰਪਾਲ ਕੌਰ ਪਹਿਲਾਂ ਦੋਵੇਂ ਜਣੇ ਇਕੱਠੇ ਗੁਰਦੁਆਰਾ ਸਾਹਿਬ ਗਏ ਸਨ ਤੇ ਉਸ ਤੋਂ ਬਾਅਦ ਉਨਾਂ ਨੇ ਇਕੱਠਿਆਂ ਗਰੋਸਰੀ ਦਾ ਸਾਮਾਨ ਵੀ ਖਰੀਦਿਆ ਸੀ। ਇਸ ਤੋਂ ਬਾਅਦ ਸ਼ਾਮ ਵੇਲੇ ਬਿੰਦਰਪਾਲ ਨੇ ਭਾਰਤ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ ‘ਤੇ ਵੀ ਗੱਲ ਕੀਤੀ ਸੀ। ਬਿੰਦਰਪਾਲ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਹੀ ਜਾਂਚ ਦੇ ਘੇਰੇ ਵਿੱਚ ਲੈਂਦਿਆਂ ਉਸ ਦੇ ਪਤੀ ਬੇਅੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ ਤੇ ਉਹ ਜੇਲ ਵਿੱਚੋਂ ਬਾਹਰ ਸੀ ਤੇ ਪੇਸ਼ੀਆਂ ਭੁਗਤ ਰਿਹਾ ਸੀ।