Breaking News

ਟਾਟਾ ਕੰਪਨੀ ਸਮੇਤ ਜਪਾਨ ਤੇ ਜਰਮਨ ਦੀਆਂ ਕੰਪਨੀਆਂ ਪੰਜਾਬ ’ਚ ਉਦਯੋਗ ਲਾਉਣ ਲਈ ਤਿਆਰ: ਭਗਵੰਤ ਮਾਨ

ਸੰਗਰੂਰ: ‘ਪੰਜਾਬ ਭਾਵੇਂ ਖੇਤੀਬਾੜੀ ਦਾ ਸੂਬਾ ਹੈ, ਪਰ ਉਦਯੋਗਾਂ ਤੋਂ ਬਿਨ੍ਹਾਂ ਇੱਥੇ ਤਰੱਕੀ ਨਹੀਂ ਹੋ ਸਕਦੀ। ਉਦਯੋਗਾਂ ਦੀ ਸਥਾਪਤੀ ਲਈ ਉਦਯੋਗਪਤੀਆਂ ਨੂੰ ਚੰਗਾ ਮਹੌਲ ਮਿਲਣਾ ਜ਼ਰੂਰੀ ਹੈ। ਇਸ ਲਈ ਪੰਜਾਬ ਸਰਕਾਰ ਉਦਯੋਗਪਤੀਆਂ ਦੇ ਸਹਿਯੋਗ ਨਾਲ ਨਵੀਂ ਉਦਯੋਗਿਕ ਨੀਤੀ ਬਣਾਏਗੀ।’ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿਖੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 23 ਜੂਨ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੂੰ ਜ਼ਰੂਰ ਪਾਓ ਤਾਂ ਜੋ ਉਹ ਲੋਕ ਸਭਾ ਵਿੱਚ ਜਾ ਕੇ ਸੰਗਰੂਰ ਸਮੇਤ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਉਦਯੋਗਪਤੀ ਦਫ਼ਤਰਾਂ ਵਿੱਚ ਸੀ.ਐਲ.ਯੂ, ਜਾਂ ਪ੍ਰਦੂਸ਼ਣ ਸਰਟੀਫਿਕੇਟ ਆਦਿ ਦੀਆਂ ਮਨਜ਼ੂਰੀਆਂ ਲਈ ਖੱਜਲ ਖੁਆਰ ਹੋ ਕੇ ਵਾਪਸ ਮੁੱੜ ਜਾਂਦੇ ਸਨ, ਪਰ ‘ਆਪ’ ਦੀ ਸਰਕਾਰ ਉਦਯੋਪਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗੀ। ਨਵੀਂ ਪਾਲਿਸੀ ਤਹਿਤ ਸਿੰਗਲ ਵਿੰਡੋਂ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਉਦਯੋਗਪਤੀ ਉਦਯੋਗ ਲਾਉਣ ਦੀਆਂ ਮੰਨਜ਼ੂਰੀਆਂ ਸੌਖੇ ਤਰੀਕੇ ਨਾਲ ਹਾਸਲ ਕਰ ਸਕਣਗੇ। ਪੋਰਟਲ ਬਣਾਂਵਾਗੇ, ਫੀਸ ਭਰੋ ਅਤੇ ਪ੍ਰਿੰਟ ਆਉਟ ਕੱਢ ਕੇ ਆਪਣਾ ਕੰਮ ਸ਼ੁਰੂ ਕਰੋ।

ਮਾਨ ਨੇ ਦੱਸਿਆ ਕਿ ਟਾਟਾ ਕੰਪਨੀ ਪੰਜਾਬ ’ਚ ਪਰਾਲੀ ਤੋਂ ਬਿਜਲੀ ਬਣਾਉਣ ਦਾ ਪਲਾਂਟ ਦੀ ਇੱਛਕ ਹੈ। ਜਪਾਨ ਦੀਆਂ ਕੰਪਨੀਆਂ ਅਤੇ ਜਰਮਨ ਦੀ ਕਲਾਸ ਕੰਪਨੀ ਦੇ ਨੁਮਾਇੰਦੇ ਵੀ ਸੂਬੇ ’ਚ ਪ੍ਰੋਜੈਕਟ ਲਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਜਿਉਂਦਾ ਕੀਤਾ ਜਾਵੇਗਾ ਅਤੇ ਹੋਰ ਵੀ ਜਿਹੜੇ ਉਦਯੋਗਿਕ ਟਾਊਨ ਜਿਵੇਂ ਰਾਜਪੁਰਾ, ਫਿਲੌਰ, ਧਾਰੀਵਾਲ ਆਦਿ ਸੱਭ ਮੁੱੜ ਸੁਰਜੀਤ ਕੀਤੇ ਜਾਣਗੇ।

ਭਗਵੰਤ ਮਾਨ ਨੇ ਐਲਾਨ ਕੀਤਾ ਕਿ ਧੂਰੀ ’ਚ ਮੁੱਖ ਮੰਤਰੀ ਦਾ ਵਧੀਆ ਦਫ਼ਤਰ ਬਣਾਇਆ ਜਾਵੇਗਾ, ਜਿਸ ’ਚ ਵਿਭਾਗਾਂ ਦੇ ਉਚ ਅਧਿਕਾਰੀ ਬੈਠਣਗੇ ਅਤੇ ਲੋਕਾਂ ਦੇ ਕੰਮ ਇੱਥੇ ਹੀ ਹੋਣਗੇ, ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਧੂਰੀ ਦੇ ਵਿਕਾਸ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਧੂਰੀ ਨੂੰ ਵਿਕਾਸ ਦੀ ਧੁਰੀ ਬਣਾਵਾਂਗੇ, ਕਿਉਂਕਿ ਧੂਰੀ ਕੋਲ ਰੇਲਵੇ ਸੰਪਰਕ ਹੈ ਅਤੇ ਦਿੱਲੀ ਲਈ ਹਾਈਵੇਅ ਬਣ ਗਿਆ ਹੈ। ਇੱਥੇ ਉਦਯੋਗ ਸਥਾਪਤ ਕਰਾਂਗੇ ਅਤੇ ਮਲਟੀਨੈਸ਼ਨਲ ਕੰਪਨੀਆਂ ਦੇ ਦਫ਼ਤਰ ਵੀ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਉਦਯੋਗ ਵਧਣਗੇ ਤਾਂ ਉਦਯੋਗਪਤੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੇ। ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਨਾਲ ਉਨ੍ਹਾਂ ਦਾ ਮਨ ਇੱਧਰ ਉਧਰ ਨਹੀਂ ਭਟਕੇਗਾ। ਇਸ ਤੋਂ ਇਲਾਵਾ ਅਸਿੱਧਾ ਰੋਜ਼ਗਾਰ ਟਰੈਕਟਰ ਟਰਾਲੀਆਂ, ਰੇਹੜੀਆਂ, ਢਾਬਿਆਂ ਵਾਲਿਆਂ ਨੂੰ ਮਿਲੇਗਾ।

ਮਾਨ ਨੇ ਕਿਹਾ ਕਿ ਸੰਗਰੂਰ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਗੁਰਦੁਆਰਾ ਅੰਗੀਠਾ ਸਾਹਿਬ ਨੇੜੇ 25 ਏਕੜ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਉਥੇ ਭਾਰਤ ਦਾ ਸਭ ਤੋਂ ਆਧੁਨਿਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਜਿੱਥੇ ਬੱਚੇ ਡਾਕਟਰ ਬਣਨਗੇ ਅਤੇ ਲੋਕਾਂ ਦਾ ਇਲਾਜ ਹੋਵੇਗਾ। ਸੰਗਰੂਰ ਅਤੇ ਧੂਰੀ ਦੇ ਹਸਪਤਾਲਾਂ ਨੂੰ ਅੱਪਗਰੇਟ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਧੂਰੀ ਵਿੱਚ ਖੇਲ੍ਹੋ ਇੰਡੀਆ ਤਹਿਤ ਇੱਕ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ, ਜਿਥੇ ਖਿਡਾਰੀਆਂ ਅਤੇ ਫੌਜ ’ਚ ਭਰਤੀ ਹੋਣ ਵਾਲੇ ਜਵਾਨਾਂ ਲਈ ਉਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਧੂਰੀ ’ਚ ਅੰਡਰਬ੍ਰਿਜ ਅਤੇ ਪਾਣੀ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਕਾਂਗਰਸ, ਅਕਾਲੀ ਦਲ ਬਾਦਲ , ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਭ੍ਰਿਸ਼ਟ ਆਗੂਆਂ ਵਿਚੋਂ ਕੁੱਝ ਕੁ ਤਾਂ ਭਾਜਪਾ ’ਚ ਚਲੇ ਗਏ ਹਨ ਅਤੇ ਕੁੱਝ ਕੁ ਜੇਲ੍ਹ ’ਚ ਬੈਠੇ ਹਨ ਅਤੇ ਕੁੱਝ ਕਾਂਗਰਸੀ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈਕੋਰਟ ਵੱਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ, ਪਰ ਉਸ ਦੇ ਉਮੀਦਵਾਰ ਦੇ ਪੋਸਟਰਾਂ ਤੋਂ ਬਾਦਲ ਪਰਿਵਾਰ ਹੀ ਗਾਇਬ ਹੋ ਗਿਆ ਹੈ, ਜਦੋਂ ਕਿ ਕੁੱਝ ਹੋਰ ਉਮੀਦਵਾਰ ਚੋਣਾ ਲੜ੍ਹਨ ਦਾ ਰਿਕਾਰਡ ਬਣਾਉਣ ਲਈ ਹੀ ਚੋਣ ਲੜ੍ਹ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੋਟਬੰਦੀ, ਸੀਏਏ, ਖੇਤੀਬਾੜੀ ਬਿਲ, ਹੁਣ ਅਗਨੀਪੱਥ ਜਿਹੀਆਂ ਯੋਜਨਾਵਾਂ ਲਿਆਉੁਂਦੀ ਹੈ, ਜਿਨਾਂ ਦਾ ਨੌਜਵਾਨਾਂ, ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਹਾਲਤ ਇਹ ਹੈ ਕਿ ਭਾਜਪਾ ਜਦੋਂ ਕਾਨੂੰਨ ਬਣਾਉਂਦੀ ਹੈ ਤਾਂ ਪਹਿਲਾ ਕਰਫਿਊ ਲਾਉਣਾ ਪੈਂਦਾ। ਮਾਨ ਨੇ ਕਿਹਾ ਕਿ ਭਾਜਪਾ ਕੋਲ ਵੱਡੇ ਕਾਰਪੋਰੇਟ ਹਨ, ਪਰ ‘ਆਪ’ ਕੋਲ ਛੋਟੇ ਵਪਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ ਹਨ। ਇਸ ਲਈ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਕਿ ਆਪਾਂ ਸਭ ਨੇ ਮਿਲ ਕੇ ਪੰਜਾਬ ਨੂੰ ਮੁੱੜ ਰੰਗਲਾ ਬਣਾਉਣਾ ਹੈ।

About editor11

Check Also

ਸਿਮਰਨਜੀਤ ਮਾਨ ਦੀ ਜਿੱਤ ਲਗਭਗ ਤੈਅ, ਕੁਝ ਹੀ ਦੇਰ ‘ਚ ਆਉਣਗੇ ਨਤੀਜੇ

ਸੰਗਰੂਰ: ਸਿਮਰਨਜੀਤ ਮਾਨ ਤੇ ਗੁਰਮੇਲ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ, ਦੋਵੇਂ ਹੀ ਬਾਕੀ ਪਾਰਟੀਆਂ …

Leave a Reply

Your email address will not be published.

Also plac e the google analytics code first