ਵਾਸ਼ਿੰਗਟਨ- ਅਮਰੀਕਾ ‘ਚ ਗੋਲੀਬਾਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਲਾਬਾਮਾ ਦੇ ਵੇਸਟਾਵੀਆ ਹਿਲਸ ਵਿੱਚ ਸੇਂਟ ਸਟੀਫਨਸ ਐਪੀਸਕੋਪਲ ਚਰਚ ਵਿੱਚ ਵੀਰਵਾਰ ਸ਼ਾਮ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋਣ ਦੀ ਖ਼ਬ਼ਰ ਹੈ। ਵੇਸਟਾਵੀਆ ਹਿਲਸ ਪੁਲਿਸ ਵਿਭਾਗ ਨੇ ਇੱਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਵੇਸਟਾਵੀਆ ਹਿਲਸ ਪੁਲਿਸ ਵਿਭਾਗ ਦੇ ਕੈਪਟਨ ਸ਼ੇਨ ਵੇਅਰ ਨੇ ਇੱਕ ਬ੍ਰੀਫਿੰਗ ਦੌਰਾਨ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 6:22 ਵਜੇ 3775 ਕਰਾਸਹੇਵਨ ਡਰਾਈਵ ‘ਤੇ ਗੋਲੀਬਾਰੀ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਚਰਚ ਦੇ ਅੰਦਰ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ‘ਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਗੰਭੀਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਬਿਆਨ ‘ਚ ਕਿਹਾ ਕਿ ਕਈ ਲੋਕਾਂ ਨੂੰ ਗੋਲੀ ਲੱਗੀ ਹੈ। ਹਾਲਾਂਕਿ, ਪੁਲਿਸ ਨੇ ਪੀੜਤਾਂ ਦੀ ਸਹੀ ਗਿਣਤੀ ਜਾਂ ਉਨ੍ਹਾਂ ਦੀ ਸਥਿਤੀ ਨਹੀਂ ਦੱਸੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਐਮਰਜੈਂਸੀ ਕਰਮਚਾਰੀਆਂ ਦੇ ਨਾਲ ਕਈ ਕਾਨੂੰਨ ਲਾਗੂ ਕਰਨ ਵਾਲੇ ਏਜੰਟ ਘਟਨਾ ਸਥਾਨ ‘ਤੇ ਸਨ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।
ਅਮਰੀਕਾ ਦੇ ਸੁਤੰਤਰ ਡਾਟਾ ਇਕੱਠਾ ਕਰਨ ਵਾਲੀ ਸੰਸਥਾ ‘ਗਨ ਵਾਇਲੈਂਸ ਆਰਕਾਈਵ’ ਦੀ ਰਿਪੋਰਟ ਮੁਤਾਬਕ 2022 ‘ਚ ਹੁਣ ਤੱਕ 212 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ 2021 ‘ਚ ਅਮਰੀਕਾ ‘ਚ ਗੋਲੀਬਾਰੀ ਦੀਆਂ 693 ਘਟਨਾਵਾਂ ਹੋਈਆਂ। ਸਾਲ 2020 ‘ਚ 611 ਥਾਵਾਂ ‘ਤੇ ਗੋਲੀਬਾਰੀ ਹੋਈ ਅਤੇ 2019 ‘ਚ 417 ਥਾਵਾਂ ‘ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ।
ਅਮਰੀਕਾ ‘ਚ ਪਿਛਲੇ ਮਹੀਨੇ ਹੋਏ ਸਮੂਹਿਕ ਗੋਲੀਬਾਰੀ ਤੋਂ ਬਾਅਦ ਹਰ ਪਾਸੇ ਬੰਦੂਕ ਹਿੰਸਾ ‘ਤੇ ਪਾਬੰਦੀ ਲਗਾਉਣ ਦੀ ਮੰਗ ਉੱਠ ਰਹੀ ਹੈ। ਇਸ ਦੌਰਾਨ ਸੈਨੇਟ ਨੇ ਬੰਦੂਕ ਕਾਨੂੰਨਾਂ ਨੂੰ ਬਦਲਣ ਦੀ ਤਜਵੀਜ਼ ਦਾ ਐਲਾਨ ਕੀਤਾ ਹੈ। ਨਵੇਂ ਉਪਾਵਾਂ ਦੇ ਤਹਿਤ, 21 ਸਾਲ ਤੋਂ ਘੱਟ ਉਮਰ ਦੇ ਬੰਦੂਕ ਖਰੀਦਦਾਰਾਂ ਦੇ ਪਿਛੋਕੜ ਦੀ ਸਖ਼ਤ ਜਾਂਚ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਬੰਦੂਕਾਂ ਦੀ ਖਰੀਦਦਾਰੀ ਨੂੰ ਨੱਥ ਪਾਈ ਜਾਵੇਗੀ। ਹਾਲਾਂਕਿ ਇਹ ਬਹੁਤ ਸਖ਼ਤ ਨਹੀਂ ਹੈ, ਪਰ ਫਿਰ ਵੀ ਇਸਨੂੰ ਸੁਧਾਰ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾਂਦਾ ਹੈ। ਇਸ ਵਿੱਚ ਮਾਮੂਲੀ ਬੰਦੂਕ ਪਾਬੰਦੀ ਅਤੇ ਸਕੂਲ ਸੁਰੱਖਿਆ ਅਤੇ ਮਾਨਸਿਕ ਸਿਹਤ ਸੁਧਾਰ ਪ੍ਰੋਗਰਾਮਾਂ ਲਈ ਉਪਾਅ ਵੀ ਸ਼ਾਮਿਲ ਹੋਣਗੇ।
ਬੰਦੂਕ ਕਾਨੂੰਨਾਂ ਦੀ ਸੋਧ ਵਿੱਚ ਬੁਆਏਫ੍ਰੈਂਡ ਲੂਫੋਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਬੁਆਏਫ੍ਰੈਂਡ ਲੂਫੋਲ ਨੂੰ ਲੈ ਕੇ ਨਿਯਮ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਅਮਰੀਕਾ ਦੇ ਮੌਜੂਦਾ ਬੰਦੂਕ ਕਾਨੂੰਨਾਂ ਮੁਤਾਬਕ ਘਰੇਲੂ ਹਿੰਸਾ ਕਰਨ ਵਾਲਿਆਂ ਨੂੰ ਬੰਦੂਕ ਨਹੀਂ ਮਿਲਦੀ, ਜਿਸ ਕਰਕੇ ਅੱਗੇ ਤੋਂ ਹਿੰਸਾ ਨਾ ਹੋ ਸਕੇ। ਜੇਕਰ ਉਨ੍ਹਾਂ ਕੋਲ ਬੰਦੂਕ ਹੋਵੇ ਤਾਂ ਜ਼ਬਤ ਕਰ ਲਈ ਜਾਂਦੀ ਹੈ। ਪਰ ਇਹ ਨਿਯਮ ਸਿਰਫ਼ ਉਨ੍ਹਾਂ ‘ਤੇ ਲਾਗੂ ਹੁੰਦਾ ਹੈ ਜੋ ਵਿਆਹੇ ਹੋਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.