ਜਗਤਾਰ ਸਿੰਘ ਸਿੱਧੂ
ਐਡੀਟਰ
ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਤੇ ਲਗਾਤਾਰ ਹਮਲੇ ਕਰਦੇ ਰਹਿੰਦੇ ਹਨ।ਖਾਸ ਤੌਰ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੇ ਕਾਂਗਰਸ ਅਤੇ ਅਕਾਲੀ ਦਲ ਸਮੇਤ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ ਪਰ ਆਪ ਵੀ ਕਈ ਵਾਰ ਅਜਿਹੇ ਸਵਾਲਾਂ ਵਿੱਚ ਘਿਰ ਜਾਂਦੇ ਹਨ ਜਿਹਨਾਂ ਸਵਾਲਾਂ ਦਾ ਜਵਾਬ ਹਾਕਮ ਧਿਰ ਵੱਲੋਂ ਕੇਵਲ ਲਿਪਾਪੋਚੀ ਲਈ ਹੀ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਸ਼ਹੀਦ ਭਗਤ ਸਿੰਘ ਦੀ ਭਾਣਜੀ ਅਤੇ ਉਸ ਦਾ ਪਤੀ ਮੁੱਖ ਮੰਤਰੀ ਨੂੰ ਉਸ ਦੀ ਰਿਹਾਇਸ਼ ਤੇ ਮਿਲਨ ਲਈ ਗਏ ਪਰ ਮਿਲਨਾ ਤਾਂ ਦੂਰ ਦੀ ਗੱਲ ਰਹੀ,ਪਰਿਵਾਰ ਨਾਲ ਕਿਸੇ ਨੇ ਸਤਿਕਾਰ ਨਾਲ ਗੱਲ ਵੀ ਨਹੀਂ ਕੀਤੀ। ਬਜ਼ੁਰਗ ਜੋੜਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅਧਿਕਾਰੀਆਂ ਕੋਲ ਮਿਲਣ ਲਈ ਤਰਲੇ ਕਰਦਾ ਰਿਹਾ ਪਰ ਕਿਸੇ ਅਧਿਕਾਰੀ ਨੇ ਉਹਨਾਂ ਦੇ ਤਰਲਿਆਂ ਦੀ ਪਰਵਾਹ ਨਹੀਂ ਕੀਤੀ। 80 ਸਾਲ ਦੀ ਉਮਰ ਦੇ ਕਰੀਬ ਇਹ ਜੋੜਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਐਨੀ ਗਰਮੀ ਵਿੱਚ ਧੱਕੇ ਖਾ ਕੇ ਵਾਪਸ ਆ ਗਿਆ।ਜੇਕਰ ਪੰਜਾਬ ਦਾ ਇੱਕ ਵੱਡਾ ਮੀਡੀਆ ਗਰੁੱਪ ਇਸ ਮਾਮਲੇ ਦੀ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੀ ਨਾ ਕਰਦਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਕਿ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਉਸ ਮੁੱਖ ਮੰਤਰੀ ਦੀ ਰਿਹਾਇਸ਼ ਤੇ ਇਹ ਸਾਰਾ ਕੁੱਝ ਵਾਪਰਿਆ ਹੈ ਜਿਹੜਾ ਮੁੱਖ ਮੰਤਰੀ ਆਪਣਾ ਹਰ ਰਾਜਸੀ ਭਾਸ਼ਣ ਸ਼ਹੀਦ ਭਗਤ ਸਿੰਘ ਦਾ ਨਾਂਅ ਲੈ ਕੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਸ਼ੁਰੂ ਕਰਦਾ ਹੈ।ਇਹ ਵੀ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸੌਂਹ ਸ਼ਹੀਦ ਭਗਤ ਸਿੰਘ ਦੀ ਧਰਤੀ ਖਟਕੜ ਕਲਾਂ ਵਿੱਚ ਜਾ ਕੇ ਹੀ ਚੁੱਕੀ ਸੀ। ਹਾਕਮ ਧਿਰ ਦੇ ਹਲਕਿਆਂ ਦਾ ਕਹਿਣਾ ਹੈ ਕਿ ਮਾਮਲਾ ਮੁੱਖ ਮੰਤਰੀ ਦਫਤਰ ਤੱਕ ਸਿੱਧੀ ਜਾਣਕਾਰੀ ਨਾ ਪਹੁੰਚਣ ਕਰਕੇ ਵਾਪਰਿਆ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਬਾਰੇ ਆਪਣੀ ਟਿੱਪਣੀ ਪੰਜਾਬੀਆਂ ਨਾਲ ਸਾਂਝੀ ਕਰਨਗੇ।ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਤੋਂ ਕੁੱਝ ਦਿਨ ਪਹਿਲਾਂ ਕਾਂਗਰਸ ਦੇ ਵਫਦ ਨੂੰ ਵੀ ਨਹੀਂ ਮਿਲੇ ਸਨ ਅਤੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਫੀ ਬਖੇੜਾ ਖੜ੍ਹਾ ਕੀਤਾ ਗਿਆ ਸੀ।ਜੇਕਰ ਮੁੱਖ ਮੰਤਰੀ ਦੇ ਦਫਤਰ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਦੀ ਜਾਂ ਜਾਣਕਾਰੀ ਦੇਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਸੁਭਾਵਕ ਤੌਰ ਤੇ ਇਸ ਬਾਰੇ ਸਵਾਲ ਮੁੱਖ ਮੰਤਰੀ ਵੱਲ ਹੀ ਉੱਠਣਗੇ।ਵਿਰੋਧੀ ਧਿਰਾਂ ਪਹਿਲਾਂ ਹੀ ਇਹ ਇਲਜ਼ਾਮ ਲਗਾ ਰਹੀਆਂ ਹਨ ਕਿ ਮੁੱਖ ਮੰਤਰੀ ਦੇ ਦਫ਼ਤਰ ਤੇ ਦਿੱਲੀ ਵਾਲਿਆਂ ਦਾ ਕੰਟਰੋਲ ਹੈ।
ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਪੰਜਾਬੀਆਂ ਨੇ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ ਪਰ ਪਾਰਟੀ ਕੋਲ ਮੁੱਖ ਮੰਤਰੀ ਭਗਵੰਤ ਮਾਨ ਹੀ ਅਜਿਹਾ ਚਿਹਰਾ ਹੈ ਜਿਹੜਾ ਕਿ ਸਾਰੇ ਪੰਜਾਬੀਆਂ ਦਾ ਭਰੋਸਾ ਜਿੱਤਣ ਦੀ ਸਮੱਰਥਾ ਰੱਖਦਾ ਹੈ।ਇਹ ਵੀ ਸਾਰੇ ਜਾਣਦੇ ਹਨ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਵਿੱਚ ਕਾਫੀ ਹਿਚਕਚਾਹਟ ਵਿਖਾਈ ਗਈ ਸੀ ਪਰ ਪਾਰਟੀ ਕੋਲ ਇਸ ਤੋਂ ਵਧੀਆ ਕੋਈ ਹੋਰ ਬਦਲ ਹੀ ਨਹੀਂ ਸੀ।ਇਸ ਦਾ ਨਤੀਜਾ ਵੀ ਸਾਰਿਆਂ ਦੇ ਸਾਹਮਣੇ ਹੈ।ਇੱਥੋਂ ਤੱਕ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬੀਆਂ ਨੇ ਮਾਨ ਦੇ ਮੁਕਾਬਲੇ ਵਿੱਚ ਉਸ ਨੂੰ ਵੀ ਰੱਦ ਕਰ ਦਿੱਤਾ।ਜੇਕਰ ਮੌਜੂਦਾ ਪਰਿਸਥਿਤੀਆਂ ਵਿੱਚ ਦੇਖਿਆਂ ਜਾਵੇ ਤਾਂ ਅੱਜ ਵੀ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਵੱਡੇ ਸੰਕਟ ਵਿੱਚੋਂ ਨਿਕਲ ਰਿਹਾ ਹੈ।ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦਾ ਵਤੀਰਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਦੋਸਤਾਨਾ ਨਹੀਂ ਹੈ।ਇਸ ਲਈ ਭਗਵੰਤ ਮਾਨ ਦੀ ਲੀਡਰਸ਼ਿਪ ਅੱਗੇ ਵੱਡੀਆਂ ਚੁਣੌਤੀਆਂ ਹਨ।ਵਿਰੋਧੀ ਧਿਰਾਂ ਵੱਲੋਂ ਲਗਾਤਾਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਾਨ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ।ਵਿਰੋਧੀ ਧਿਰਾਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਅਜਿਹੀਆਂ ਪਰਿਸਥਿਤੀਆਂ ਵਿੱਚ ਮੁੱਖ ਮੰਤਰੀ ਦੇ ਅਮਲੇ ਵੱਲੋਂ ਜਾਣੇ ਜਾਂ ਅਣਜਾਣੇ ਵਿੱਚ ਕੋਈ ਵੀ ਅਣਗਹਿਲੀ ਜਾਂ ਗਲਤੀ ਸਿੱਧੇ ਤੌਰ ਤੇ ਮੁੱਖ ਮੰਤਰੀ ਲਈ ਨਵੇਂ ਬਖੇੜੇ ਕਰ ਸਕਦੀ ਹੈ।ਇਸ ਤੋਂ ਪਹਿਲਾਂ ਗੀਤਕਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕੀਤੀ ਗਈ ਗਲਤੀ ਲਈ ਸਰਕਾਰ ਅੱਜ ਤੱਕ ਵੀ ਭੁਗਤ ਰਹੀ ਹੈ।ਇਸ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਬਜ਼ੁਰਗ ਜੋੜੇ ਨਾਲ ਹੋਈ ਵਧੀਕੀ ਬਾਰੇ ਮੁੱਖ ਮੰਤਰੀ ਨੂੰ ਸੰਬੰਧਤ ਅਧਿਕਾਰੀਆਂ ਦੀ ਜਵਾਬਤਲਵੀ ਕਰਨੀ ਬਣਦੀ ਹੈ।ਉਸ ਬਜੁਰਗ ਜੋੜੇ ਨੂੰ ਮੁੱਖ ਮੰਤਰੀ ਵੱਲੋਂ ਬੁਲਾ ਕੇ ਸ਼ਹੀਦ ਪਰਿਵਾਰ ਦਾ ਮਾਣ-ਸਤਿਕਾਰ ਬਹਾਲ ਕਰਨਾ ਚਾਹੀਦਾ ਹੈ।