-ਜਗਤਾਰ ਸਿੰਘ ਸਿੱਧੂ
ਐਡੀਟਰ
ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰ ਹਾਕਮ ਧਿਰ ਸਮੇਤ ਪੰਜਾਬ ਦੀਆਂ ਵੱਖ-ਵੱਖ ਰਾਜਸੀ ਧਿਰਾਂ ਨੂੰ ਸ਼ੀਸ਼ਾ ਵਖਾਉਣ ਦੇ ਮੂੜ ਵਿੱਚ ਹਨ ਉਂਝ ਤਾਂ ਰਾਜਸੀ ਪਾਰਟੀਆਂ ਦਾ ਸੁਭਾਅ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਚੋਣ ਵਿੱਚ ਨਤੀਜਿਆਂ ਤੋਂ ਪਹਿਲਾਂ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੁੰਦੇ। ਇਸ ਲੋਕ ਸਭਾ ਹਲਕੇ ਦੀ ਚੋਣ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਵਿਧਾਨ ਸਭਾ ਦੀ ਚੋਣ ਬਾਅਦ ਪਹਿਲੀ ਅਜਿਹੀ ਚੋਣ ਹੈ ਜਿਹੜੀ ਕਿ ਰਾਜਸੀ ਨੇਤਾਵਾਂ ਨੂੰ ਜ਼ਮੀਨੀ ਹਕੀਕਤਾਂ ਵਿਖਾਏਗੀ। ਹੁਣ ਜਦੋਂ ਕਿ 23 ਜੂਨ ਨੂੰ ਵੋਟਾਂ ਪੈਣ ਵਾਲੇ ਦਿਨ ਵਿੱਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ ਤਾਂ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਰਾਜਸੀ ਨੇਤਾਵਾਂ ਨੂੰ ਇਸ ਚੋਣ ਵਿੱਚ ਮੌਸਮ ਦੀ ਗਰਮੀ ਅਤੇ ਵੋਟਰਾਂ ਦੀ ਦੂਹਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਕਮ ਧਿਰ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਲੋਕ ਸਭਾ ਹਲਕੇ ਦੇ ਵੱਖ-ਵੱਖ ਖੇਤਰਾਂ ਨਾਲ ਸੰਪਰਕ ਕਰਨ ਲਈ ਡਿਊਟੀ ਲਾਈ ਹੋਈ ਹੈ ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਵਿਧਾਇਕ ਅਤੇ ਨੇਤਾ ਵੀ ਮੈਦਾਨ ਵਿੱਚ ਡਟੇ ਹੋਏ ਹਨ। ਰਾਜਸੀ ਪਾਰਟੀਆਂ ਵਿੱਚ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ, ਅਕਾਲੀ-ਦਲ ਅਤੇ ਭਾਜਪਾ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹ ਵੀ ਅਹਿਮ ਹੈ ਕਿ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕੋਈ ਵਿਧਾਇਕ ਤਾਂ ਨਹੀਂ ਹੈ ਪਰ ਉਸ ਦੀ ਪਾਰਟੀ ਵੱਲੋਂ ਵੀ ਮੁਹਿੰਮ ਨੂੰ ਪੂਰੀ ਤਰ੍ਹਾਂ ਮੁਕਾਬਲੇ ਦਾ ਬਣਾ ਰੱਖਿਆ ਹੈ।
ਬੇਸ਼ੱਕ ਰਾਜਸੀ ਧਿਰਾਂ ਹਰ ਚੋਣ ਵਿੱਚ ਹੀ ਇੱਕ- ਦੂਜੇ ਤੇ ਹਮਲੇ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ ਪਰ ਇਸ ਚੋਣ ਵਿੱਚ ਹੋਰਾਂ ਮਾਮਲਿਆਂ ਦੇ ਨਾਲ-ਨਾਲ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਵੱਡਾ ਮੁੱਦਾ ਬਣਿਆ ਹੋਇਆ ਹੈ। ਹਾਲਾਂਕਿ ਸਿੱਧੂ ਦੇ ਮਾਪਿਆਂ ਨੇ ਕਿਹਾ ਹੈ ਕਿ ਉਹਨਾਂ ਦੇ ਬੇਟੇ ਦੇ ਕਤਲ ਨੂੰ ਚੋਣ ਮੁੱਦਾ ਨਾਂ ਬਣਾਇਆ ਜਾਵੇ ਪਰ ਰਾਜਸੀ ਧਿਰਾਂ ਨੂੰ ਕੌਣ ਰੋਕ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਰਾਜਸੀ ਰੰਗਤ ਦੇ ਕੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮਾਨ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲ ਤਾਂ ਉਹਨਾਂ ਦੇ ਦਿਲ ਵਿੱਚ ਵੱਸਦਾ ਹੈ। ਇਸੇ ਤਰ੍ਹਾਂ ‘ਆਪ’ ਵੱਲੋਂ ਕਾਂਗਰਸ ਪਾਰਟੀ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਬਣਾ ਕਿ ਵੋਟਾਂ ਵਿੱਚ ਰਾਜਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਈ ਲਾਭ ਲੈਣ ਲਈ ਮੁੱਦਾ ਨਹੀਂ ਬਣਾਇਆ ਜਾ ਰਿਹਾ ਪਰ ਅਮਨ ਕਾਨੂੰਨ ਦੀ ਸਥਿਤੀ ’ਤੇ ਸਵਾਲ ਤਾਂ ਉੱਠਣਗੇ। ਭਾਜਪਾ ਵੱਲੋਂ ਵੀ ਅਮਨ ਕਾਨੂੰਨ ਦੇ ਮੁੱਦੇ ’ਤੇ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਭਾਜਪਾ ਇਹ ਵੀ ਆਖ ਰਹੀ ਕਿ ਜੇਕਰ ਕੇਂਦਰ ਕੋਲੋਂ ਪੰਜਾਬ ਦੀ ਗਲ ਮਨਵਾਉਣੀ ਹੈ ਤਾਂ ਭਾਜਪਾ ਦੇ ਉਮੀਦਵਾਰ ਨੂੰ ਜਤਾਇਆ ਜਾਵੇ। ਇਸੇ ਦੌਰਾਨ ਮਾਨ ਸਰਕਾਰ ਵੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਪੰਜਾਬ ਪੁਲਿਸ ਇਸ ਕਤਲ ਦੇ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ ਨੂੰ ਕਾਨੂੰਨੀ ਚਾਰਾਜੋਈ ਕਰਕੇ ਤਿਹਾੜ ਜੇਲ੍ਹ ਤੋਂ ਪੰਜਾਬ ਲੈ ਕੇ ਆਈ ਹੈ। ਬਿਸ਼ਨੋਈ ਅਤੇ ਉਸ ਦੇ ਸਾਥੀਆਂ ਤੋਂ ਕਤਲ ਨਾਲ ਜੁੜੀਆਂ ਸਾਰੀਆਂ ਤੰਦਾਂ ਬਾਰੇ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਦਿਨਾਂ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਪਿਛੋਕੜ ਦਾ ਸੱਚ ਸਾਹਮਣੇ ਆਏਗਾ। ਜੇਕਰ ਸੰਗਰੂਰ ਦੀ ਚੋਣ ਦੌਰਾਨ ਹੀ ਇਹ ਸੱਚ ਸਾਹਮਣੇ ਆ ਜਾਂਦਾ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਇਸ ਮਾਮਲੇ ‘ਤੇ ਕਹਿਣ ਲਈ ਕੁੱਝ ਨਹੀਂ ਬਚੇਗਾ। ਇਸ ਭਾਵੂਕ ਮੁੱਦੇ ਦੇ ਇਲਾਵਾ ਮਾਨ ਸਰਕਾਰ ਵੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਵੀ ਵੋਟਰ ਹੱਕ ਜਾਂ ਵਿਰੋਧ ਵਿੱਚ ਫਤਵਾ ਦੇਣਗੇ।
ਬੇਸ਼ੱਕ ਜਲੰਧਰ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਵਾਈ ਅੱਡੇ ਲਈ ਤਿੰਨ ਬੱਸਾਂ ਦੀ ਰਵਾਨਗੀ ਨੂੰ ਹਰੀ ਝੰਡੀ ਦੇ ਕੇ ਪਰਵਾਸੀ ਪੰਜਾਬੀਆਂ ਲਈ ਮੋਹ ਦਾ ਪ੍ਰਗਟਾਵਾ ਕੀਤਾ ਹੈ ਪਰ ਕਿਧਰੇ ਇਸ ਮੋਹ ਦੀਆਂ ਤੰਦਾਂ ਵੋਟਾਂ ਨਾਲ ਵੀ ਜੁੜੀਆਂ ਹੋਈਆਂ ਹਨ।