Breaking News

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਦੀ ਵਰਤੋਂ ਕਰਕੇ ਵੋਟਾਂ ਮੰਗ ਰਹੀ ਹੈ ਕਾਂਗਰਸ: ਗੁਰਮੇਲ ਸਿੰਘ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਮੇਲ ਸਿੰਘ ਨੇ ਕਾਂਗਰਸ ਅਤੇ ਅਕਾਲੀ ਦਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਕਈ ਸਾਲਾਂ ਤੱਕ ਪੰਜਾਬ ਨੂੰ ਲੁਟਿਆ ਹੈ। ਉਨ੍ਹਾਂ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਕਰੀਬ 20 ਪਿੰਡਾਂ ਦਾ ਦੌਰਾ ਕੀਤਾ ਅਤੇ ਵੱਖ ਵੱਖ ਥਾਂਵਾਂ ’ਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ‘ਆਪ’ ਦੀ ਬੇਦਾਗ਼ ਦਿੱਖ ਨੂੰ ਧੁੰਦਲਾ ਕਰਨ ਲਈ ਕੋਈ ਮੁੱਦਾ ਨਹੀਂ ਹੈ ਅਤੇ ਇਹ ਪਾਰਟੀਆਂ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸਾਂ ਕਰ ਰਹੀਆਂ ਹਨ।

ਗੁਰਮੇਲ ਸਿੰਘ ਨੇ ਕਾਂਗਰਸ ’ਤੇ ਪ੍ਰਸਿੱਧ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੁੱਖਦਾਈ ਮੌਤ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂੂੂੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਉਮੀਦਵਾਰ ਦੇ ਚੋਣ ਪ੍ਰਚਾਰ ’ਚ ਮਰਹੂਮ ਸਿੱਧੂ ਮੂਸੇਵਾਲਾ ਦੇ ਨਾਂ ਦੀ ਦੁਰਵਰਤੋਂ ਵਰਤੋਂ ਕੀਤੀ ਜਾ ਰਹੀ ਹੈ।

ਗੁਰਮੇਲ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਸਿੱਧੂ ਪਰਿਵਾਰ ਦੀ ਅਪੀਲ ਦੀ ਉਲੰਘਣਾ ਕਰਦਿਆਂ ਮੰਗਲਵਾਰ ਨੂੰ ਇੱਕ ਜਨ ਸਭਾ ਦੌਰਾਨ ਸਿੱਧੂ ਮੂਸੇਵਾਲ ਦੀ ਦੁੱਖਦਾਈ ਮੌਤ ਦੇ ਆਧਾਰ ’ਤੇ ਹਮਦਰਦੀ ਵੋਟਾਂ ਹਾਸਲ ਕਰਨ ਦਾ ਕੋਝਾ ਯਤਨ ਕੀਤਾ ਹੈ, ਜੋ ਬਹੁਤ ਹੀ ਨਿਰਾਸ਼ਾਜਨਕ ਅਤੇ ਨਿੰਦਣਯੋਗ ਹੈ। ਵਰਣਨਯੋਗ ਹੈ ਕਿ ਕਾਂਗਰਸ ਵੱਲੋਂ ਸੰਗਰੂਰ ਜ਼ਿਮਨੀ ਚੋਣ ਦੌਰਾਨ ਆਪਣੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਪੱਖ ’ਚ ਜਾਰੀ ਕੀਤੇ ਚੋਣਾਵੀ ਗੀਤ ’ਚ ਮਰਹੂਮ ਮੂਸੇਵਾਲਾ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਵਿਰੋਧ ’ਚ ਮੂਸੇਵਾਲ ਦੇ ਮਾਪਿਆਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਸਵਰਗੀ ਪੁੱਤਰ ਦੇ ਨਾਂ ਦੀ ਸਿਆਸੀ ਲਾਹੇ ਲਈ ਵਰਤੋਂ ਨਾ ਕੀਤੀ ਜਾਵੇ।

ਗੁਰਮੇਲ ਸਿੰਘ ਨੇ ਅਕਾਲੀ ਦਲ ਬਾਦਲ ’ਤੇ ਜ਼ਿਮਨੀ ਚੋਣ ’ਚ ‘ਪੰਥਕ ਏਜੰਡਾ’ ਖੇਡਣ ਦਾ ਦੋਸ਼ ਲਾਉਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਬਾਦਲ ਪਰਿਵਾਰ ਨੂੰ ‘ਬੰਦੀ ਸਿੰਘਾਂ’ ਦੀ ਉਦੋਂ ਯਾਦ ਕਿਉਂ ਨਾ ਆਈ, ਜਦੋਂ 2007 ਤੋਂ 2017 ਤੱਕ ਭਾਜਪਾ ਦੇ ਸਹਿਯੋਗ ਨਾਲ ਉਹ ਪੰਜਾਬ ਦੀ ਸੱਤਾ ’ਤੇ ਕਾਬਜ ਸਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਭਾਈਵਾਲ ਸਨ? ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਐਨਾ ਡਰਿਆ ਹੋਇਆ ਹੈ ਕਿ ਉਸ ਨੇ ਪ੍ਰਚਾਰ ਸਮੱਗਰੀ ’ਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰੰਘ ਮਜੀਠੀਆ ਦੀਆਂ ਤਸਵੀਰਾਂ ਵੀ ਨਹੀਂ ਲਾਈਆ।

ਗੁਰਮੇਲ ਸਿੰਘ ਨੇ ਕਿਹਾ ਕਿ 1966 ਤੋਂ ਬਾਅਦ ਕਾਂਗਰਸ ਨੇ 25 ਸਾਲ ਅਤੇ ਅਕਾਲੀ ਦਲ ਬਾਦਲ ਨੇ ਕਰੀਬ 20 ਸਾਲ ਤੱਕ ਪੰਜਾਬ ’ਤੇ ਰਾਜ ਕੀਤਾ ਹੈ ਅਤੇ ਇਨਾਂ ਪਾਰਟੀਆਂ ਦੇ ਆਗੂਆਂ ਨੇ ਦੌਲਤ ਦੀ ਭੁੱਖ ਕਾਰਨ ਪੰਜਾਬ ਨੂੰ ਲੁਟਿਆ ਅਤੇ ਕੁਟਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੇਵਲ ਤਿੰਨ ਮਹੀਨਿਆਂ ’ਚ ਲੋਕ ਹਿਤੈਸ਼ੀ ਅਤੇ ਭ੍ਰਿਸ਼ਟਾਚਾਰ, ਨਸ਼ਾ ਮਾਫੀਆ ਅਤੇ ਰੇਤ ਮਾਫੀਆ ਵਿਰੁੱਧ ਕੰਮ ਕਰਕੇ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਹੀ ਬਦਲ ਦਿੱਤਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ’ਚ ਡਰ ਪੈਦਾ ਹੋ ਗਿਆ ਹੈ। ਇਸੇ ਡਰ ਕਾਰਨ ਇਹ ਵਿਰੋਧੀ ਪਾਰਟੀਆਂ ਇੱਕਠੀਆਂ ਹੋ ਕੇ ‘ਆਪ’ ਸਰਕਾਰ ਖ਼ਿਲਾਫ਼ ਝੂਠਾ ਪ੍ਰਚਾਰ ਕਰ ਰਹੀਆਂ ਹਨ।

ਗੁਰਮੇਲ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ ਅਤੇ ਇਹ ਸੀਟ ਜਿੱਤਣ ਤੋਂ ਬਾਅਦ ਉਹ ਮੁੱਖ ਮੰਤਰੀ ਦੇ ਕੰਮਾਂ ਨੂੰ ਅੱਗੇ ਵਧਾਉਣਗੇ, ਮਹੱਤਵਪੂਰਨ ਯੋਜਨਾਵਾਂ ਨੂੰ ਹਲਕੇ ’ਚ ਲੈ ਕੇ ਆਉਣਗੇ। ਇਸੇ ਦੌਰਾਨ ‘ਆਪ’ ਦੇ ਸੱਤ ਮੰਤਰੀਆਂ ਅਤੇ ਕਈ ਵਿਧਾਇਕਾਂ ਨੇ ਸੰਗਰੂਰ ਹਲਕੇ ’ਚ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ, ਜੋ ਸਾਲ 2014 ਤੋਂ ਆਮ ਆਦਮੀ ਪਾਰਟੀ ਦਾ ਗੜ੍ਹ ਹੈ।

About editor11

Check Also

ਮੁੱਖ ਮੰਤਰੀ ਨੇ ਕਿਹਾ ਪੰਜਾਬ ਦੇ ਨਵੇਂ ਨਕਸ਼ ਘੜਨ ਵਾਲਾ ਹੈ ਬਜਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ …

Leave a Reply

Your email address will not be published.

Also plac e the google analytics code first