ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਅਤੇ ਤਪਾ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਢਾਈ ਮਹੀਨਿਆਂ ਦੇ ਸਮੇਂ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਤੋਂ ਲਹਿ ਗਈ ਹੈ। ਵੱਡੀਆਂ ਵੱਡੀਆਂ ਗੱਲਾਂ ਕਰ ਕੇ ਸੱਤਾ ਹਾਸਲ ਕਰਨ ਵਾਲੀ ਇਹ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ।
ਵੜਿੰਗ ਨੇ ਅੱਗੇ ਬੋਲਦਿਆਂ ਕਿਹਾ ਕਿ ਦੂਜੇ ਪਾਸੇ ਇਹ ਇੱਕ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਹੈ, ਜਿਸ ਨੂੰ ਲੋਕਾਂ ਨੇ ਦੋ ਵਾਰ ਮੌਕਾ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਵੀ ਕੁਝ ਕਰਕੇ ਨਹੀਂ ਦਿਖਾਇਆ ਗਿਆ। ਕਮਲਜੀਤ ਕੌਰ ਰਾਜੋਆਣਾ ਪ੍ਰਤੀ ਬੋਲਦਿਆਂ ਉਨ੍ਹਾਂ ਕਿਹਾ ਕਿ ਕਮਲਦੀਪ ਵੱਲੋਂ ਬਾਦਲ ਪਰਿਵਾਰ ਵੱਲੋਂ ਚੋਣ ਲੜਨਾ ਬੇਹੱਦ ਨਿਰਾਸ਼ਾਜਨਕ ਹੈ ਕਿਉਂਕਿ ਉਨ੍ਹਾਂ ਵੱਲੋਂ ਚੋਣ ਨਹੀਂ ਲੜਨੀ ਚਾਹੀਦੀ ਸੀ।
ਇਸ ਮੌਕੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਵਿਧਾਇਕ ਦਰਸ਼ਨ ਸਿੰਘ, ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ, ਯੂਥ ਕਾਂਗਰਸੀ ਆਗੂ ਨਰਿੰਦਰ ਨਿੰਦੀ, ਕਾਂਗਰਸੀ ਆਗੂ ਪਵਨ ਗੋਇਲ, ਕਾਂਗਰਸੀ ਆਗੂ ਸੰਦੀਪ ਸੰਧੂ, ਸੰਜੀਵ ਕੁਮਾਰ, ਜਗਤਾਰ ਸਿੰਘ ਧਨੌਲਾ ਆਦਿ ਕਾਂਗਰਸੀ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੀ ਸ਼ਰਾਬ ਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚੇਗਾ ਪਰ ਆਮ ਲੋਕ ਨਸ਼ਿਆਂ ਵੱਲ ਧੱਕੇ ਜਾਣਗੇ। ਕਾਂਗਰਸ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੇ ਹਰਚੰਦ ਕੌਰ ਘਨੌਰੀ ਨੂੰ ਪਾਰਟੀ ’ਚੋਂ ਕੱਢੇ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਲਈ ਪਾਰਟੀ ’ਚ ਕੋਈ ਥਾਂ ਨਹੀਂ ਹੈ, ਜੋ ਆਪਣਾ ਨਿੱਜੀ ਲਾਹਾ ਲੈ ਕੇ ਪਾਰਟੀ ਨਾਲ ਗੱਦਾਰੀ ਕਰ ਰਹੇ ਹਨ।
23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵਾਲੀ ਜ਼ਿਮਨੀ ਚੋਣ ਚ ਕੋਣ ਜਿੱਤ ਹਾਸਲ ਕਰਦਾ ਹੈ।