ਓਟਵਾ: ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ ਹੁਣ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਵਿਦੇਸ਼ੀ ਕੰਪਨੀ ਤੋਂ ਸਿਹਤ ਬੀਮਾ ਲੈ ਕੇ ਕੈਨੇਡਾ ਆ ਸਕਣਗੇ। ਰੀਯੂਨਾਟਿੰਗ ਫ਼ੈਮਿਲੀਜ਼ ਐਕਟ ਭਾਵ ਬਿਲ ਸੀ-242 ਸੰਸਦ ਵਿਚ ਪਾਸ ਹੋਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਕੈਨੇਡਾ ਸੱਦਣ ਦੇ ਚਾਹਵਾਨ ਪਰਵਾਸੀਆਂ ‘ਤੇ ਪੈਣ ਵਾਲਾ ਵਿੱਤੀ ਬੋਝ ਘਟ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਵੀ ਘਟਾ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਹੁਣ ਪਰਵਾਸੀਆਂ ਦੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਲਗਾਤਾਰ ਪੰਜ ਸਾਲ ਕੈਨੇਡਾ ‘ਚ ਰਹਿਣ ਦੇ ਹੱਕਦਾਰ ਹੋਣਗੇ ਜਦਕਿ ਇਸ ਵੇਲੇ ਸੁਪਰ ਵੀਜ਼ਾ ਤਹਿਤ ਦੋ ਸਾਲ ਦੀ ਸ਼ਰਤ ਲਾਗੂ ਕੀਤੀ ਗਈ ਹੈ। ਨਵਾਂ ਕਾਨੂੰਨ ਆਉਣ ‘ਤੇ ਪਰਵਾਸੀਆਂ ਦੇ ਮਾਪੇ ਆਪਣੇ ਜੱਦੀ ਮੁਲਕ ਤੋਂ ਸਿਹਤ ਬੀਮਾ ਲੈ ਸਕਣਗੇ ਜੋ ਕੈਨੇਡਾ ਦੇ ਮੁਕਾਬਲੇ ਬੇਹੱਦ ਸਸਤਾ ਪੈਂਦਾ ਹੈ। ਇਮੀਗ੍ਰੇਸ਼ਨ ਵਕੀਲ ਵੈਂਸ ਲੈਂਗਫ਼ੋਰਡ ਮੁਤਾਬਕ ਇਸ ਵੇਲੇ ਲਗਭਗ 30 ਕੈਨੇਡੀਅਨ ਬੀਮਾ ਕੰਪਨੀਆਂ ਵਿਜ਼ਟਰਜ਼ ਲਈ ਸਿਹਤ ਬੀਮਾ ਮੁਹੱਈਆ ਕਰਵਾ ਰਹੀਆਂ ਹਨ ਜਿਸ ਦਾ ਖਰਚਾ ਕਈ ਮਾਮਲਿਆਂ ਵਿਚ 5 ਹਜ਼ਾਰ ਡਾਲਰ ਸਾਲਾਨਾ ਤੱਕ ਪਹੁੰਚ ਜਾਂਦਾ ਹੈ ਪਰ ਵਿਦੇਸ਼ੀ ਕੰਪਨੀਆਂ ਦੇ ਦਾਖਲੇ ਤੋਂ ਬਾਅਦ ਮੁਕਾਬਲਾ ਵਧ ਜਾਵੇਗਾ ਅਤੇ ਕੈਨੇਡੀਅਨ ਕੰਪਨੀਆਂ ਦੀਆਂ ਬੀਮਾ ਦਰਾਂ ਵੀ ਘਟ ਸਕਦੀਆਂ ਹਨ।
ਰਿਹਾਇਸ਼ ਦੀ ਮਿਆਦ ਖ਼ਤਮ ਹੋਣ ਮੌਕੇ ਵੱਡੀ ਗਿਣਤੀ ਵਿਚ ਬਜ਼ੁਰਗ ਮਨੁੱਖਤਾ ਦੇ ਆਧਾਰ `ਤੇ ਕੈਨੇਡਾ ਦੀ ਪੀ.ਆਰ. ਮੰਗ ਸਕਦੇ ਹਨ। ਦੱਸਣਯੋਗ ਹੈ ਕਿ ਇਸ ਵੇਲੇ 1 ਲੱਖ ਤੋਂ ਵੱਧ ਕੈਨੇਡੀਅਨ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਅਤੇ ਨਾਨਾ-ਨਾਨੀਆਂ ਨੂੰ ਸਪੌਂਸਰ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ ਜਦਕਿ ਲਾਟਰੀ ਰਾਹੀਂ ਸਿਰਫ਼ 20 ਹਜ਼ਾਰ ਸਾਲਾਨਾ ਦੀ ਹੱਦ ਤੈਅ ਕੀਤੀ ਗਈ ਹੈ।
ਇਮੀਗ੍ਰੇਸ਼ਨ ਵਿਭਾਗ ਦੀ ਡਾਇਰੈਕਟਰ ਜਨਰਲ ਮਿਸ਼ੇਲ ਕਿੰਗਸਲੇ ਨੇ ਕਿਹਾ ਕਿ ਮੌਜੂਦਾ ਸੁਪਰ ਵੀਜ਼ਾ ਅਧੀਨ ਕੈਨੇਡਾ ਵਿਚ ਰਹਿਣ ਦੀ ਮਿਆਦ ਵਧਾਈ ਜਾ ਸਕਦੀ ਹੈ ਅਤੇ ਵਾਪਸੀ ਕੀਤੇ ਬਗ਼ੈਰ ਪੰਜ ਸਾਲ ਤੱਕ ਰਹਿਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਦੇ ਦਾਅਵੇ ਦੇ ਉਲਟ ਕੁਝ ਪਰਵਾਸੀਆਂ ਦਾ ਕਹਿਣਾ ਹੈ ਕਿ 320 ਡਾਲਰ ਪ੍ਰਤੀ ਮਹੀਨਾ ਦਾ ਸਿਹਤ ਬੀਮਾ ਬਹੁਤ ਮਹਿੰਗਾ ਪੈਂਦਾ ਹੈ ਅਤੇ ਆਪਣੇ ਜੱਦੀ ਮੁਲਕ ਤੋਂ ਸਿਹਤ ਬੀਮਾ ਲੈਣਾ ਬੇਹੱਦ ਸਸਤਾ ਸਾਬਤ ਹੋਵੇਗਾ।