ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਅੱਜ ਵੀ ਉਹ ਆਪਣੇ ਫ਼ੈਨਜ਼ ਦੇ ਦਿਲਾਂ ਵਿੱਚ ਵਸੇ ਹੋਏ ਹਨ। 29 ਮਈ ਦੇ ਉਸ ਦਿਨ ਨੂੰ ਕੋਈ ਭੁੱਲ ਨਹੀਂ ਸਕਦਾ, ਜਦੋਂ ਮੂਸੇਵਾਲਾ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਦੇ ਫ਼ੈਨਜ਼ ਤੇ ਚਾਹੁਣ ਵਾਲੇ ਹਾਲੇ ਤੱਕ ਉਨ੍ਹਾਂ ਦੀ ਮੌਤ ਦੇ ਗ਼ਮ ਤੋਂ ਉੱਭਰ ਨਹੀਂ ਸਕੇ ਹਨ।
ਜੇ ਅੱਜ ਸਿੱਧੂ ਮੂਸੇਵਾਲਾ ਦੁਨੀਆ `ਚ ਹੁੰਦੇ ਤਾਂ ਆਪਣਾ 29ਵਾਂ ਜਨਮਦਿਨ ਮਨਾ ਰਹੇ ਹੁੰਦੇ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ। ਅੱਜ ਦੇ ਦਿਨ ਫ਼ੈਨਜ਼ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਕੇ ਉਨ੍ਹਾਂ ਦਾ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਿੰਡ ਮੂਸਾ ਸਿੱਧੂ ਦੇ ਫੈਨਜ਼ ਵੀ ਪਹੁੰਚ ਰਹੇ ਹਨ।
ਬੀਤੇ 7 ਸਾਲਾਂ ਵਿੱਚ ਮੂਸੇਵਾਲਾ ਨੇ ਸੰਗੀਤ ਦੀ ਦੁਨੀਆਂ ਵਿੱਚ ਆਪਣਾ ਇੱਕ ਵੱਡਾ ਨਾਮ ਬਣਾ ਲਿਆ ਸੀ। ਉਹ ਭਾਰਤ ਦੇ ਨਾਲ-ਨਾਲ ਦੁਨੀਆਂ ਭਰ ‘ਚ ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਸੀ।
ਸਿੱਧੂ ਮੂਸੇਵਾਲਾ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕ ਸੀ ਤੇ ਉਨ੍ਹਾਂ ਦੀਆਂ ਕਾਰ ਕਲੈਕਸ਼ਨ ‘ਚ ਲਗਜ਼ਰੀ ਕਾਰਾਂ ਸ਼ਾਮਲ ਸਨ। ਉਨ੍ਹਾਂ ਕੋਲ ਲੈਂਡ ਰੋਵਰ, ਰੇਂਜ ਰੋਵਰ ਸਪੋਰਟ ਸ਼ਾਮਲ ਹਨ। ਇਸ ਤੋਂ ਇਲਾਵਾ ਮੂਸੇਵਾਲਾ ਦੇ ਕਲੈਕਸ਼ਨ `ਚ ਇਸੁਜ਼ੂ ਡੀ ਮੈਕਸ ਵੀ ਕਰਾਸ ਜ਼ੈੱਡ, ਹਮਰ ਐਚ2 ਐਸਯੂਵੀ, ਤੇ ਟੋਯੋਟਾ ਦੀ ਫ਼ਾਰਚੂਨਰ ਕਾਰਾਂ ਵੀ ਸ਼ਾਮਲ ਹਨ।
ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ‘ਚ ਬਹੁਤ ਜਲਦ ਸਫ਼ਲਤਾ ਹਾਸਲ ਕਰ ਲਈ ਸੀ ਤੇ ਇਸ ਦੀ ਸ਼ੁਰੂਆਤ ਉਸ ਨੇ ਮਸ਼ਹੂਰ ਗਾਣੇ ‘ਲਾਇਸੈਂਸ’ ‘ਚ ਬਤੌਰ ਲਿਰਿਕਸ ਰਾਈਟਰ ਵਜੋਂ ਕੀਤੀ ਸੀ। ਇਸ ਗਾਣੇ ਨੂੰ ਗਾਇਕ ਨਿੰਜਾ ਨੇ ਗਾਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਬਤੌਰ ਗਾਇਕ ਆਪਣੇ ਕਰਿਅਰ ਦੀ ਸ਼ੁਰੁਆਤ ‘ਜੀ ਵੇਗਨ’ ਨਾਲ ਕੀਤੀ, ਇਸ ਤੋਂ ਬਾਅਦ ਉਨ੍ਹਾਂ ਨੇ ਬਰਾਊਨ ਬੁਆਇਜ਼ ਨਾਲ ਕਈ ਗਾਣਿਆਂ ‘ਤੇ ਕੰਮ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਵਿਵਾਦਾਂ ਦਾ ਵੀ ਨਾਤਾ ਰਿਹਾ ਹੈ। ਮੂਸੇਵਾਲਾ ਆਪਣੇ ਗਾਣੇ ‘ਸੰਜੂ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ। ਇਹ ਗਾਣਾ ਏਕੇ – 47 ਫਾਇਰਿੰਗ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਿਲੀਜ਼ ਹੋਇਆ ਸੀ, ਉਨ੍ਹਾਂ ਨੇ ਗਾਣੇ ਵਿੱਚ ਆਪਣੀ ਤੁਲਣਾ ਐਕਟਰ ਸੰਜੈ ਦੱਤ ਨਾਲ ਕੀਤੀ ਸੀ।ਇਸ ਤੋਂ ਬਾਅਦ ਮਈ 2020 ਵਿੱਚ ਬਰਨਾਲਾ ਪਿੰਡ ਦੀ ਫਾਇਰਿੰਗ ਰੇਂਜ ਵਿੱਚ ਫਾਇਰਿੰਗ ਕਰਦੇ ਹੋਏ ਮੂਸੇਵਾਲਾ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਵੀ ਖਾਸਾ ਵਿਵਾਦ ਪੈਦਾ ਹੋ ਗਿਆ ਸੀ।