ਕੈਲੀਫੋਰਨੀਆ: ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਮਰੀਕਾ ਨੇ ਇੱਕ ਰਿਪੋਰਟ ‘ਚ ਵੱਡਾ ਖੁਲਾਸਾ ਕਰਦਿਆਂ ਮਨੁੱਖੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ 30,000 ਤੋਂ 70,000 ਡਾਲਰ ਲੈ ਕੇ ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਵਾਈ ਜਾ ਰਹੀ ਸੀ।
ਇਸ ਤੋਂ ਇਲਾਵਾ ਰਿਪੋਰਟ ‘ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਦਾਖ਼ਲ ਹੋਣ ਲਈ ਉਬਰ ਦੀ ਵਰਤੋਂ ਕੀਤੀ ਜਾ ਰਹੀ ਸੀ। ਅਮਰੀਕਾ ਨੇ ਬੀਤੇ ਦਿਨੀਂ ਭਾਰਤੀ ਮੂਲ ਦੇ ਅਮਰੀਕੀ ਰਜਿੰਦਰ ਪਾਲ ਸਿੰਘ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਤਸਕਰਾਂ ਵੱਲੋਂ ਹਜ਼ਾਰਾਂ ਡਾਲਰ ਲੈ ਕੇ ਪਰਵਾਸੀਆਂ ਨੂੰ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਨਜਾਇਜ਼ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਣ ’ਚ ਮਦਦ ਕੀਤੀ ਜਾ ਰਹੀ ਹੈ।
ਅਮਰੀਕਾ ਦੀ ਪੁਲਿਸ ਵਲੋਂ ਇਸ ਤਸਕਰੀ ਨੂੰ ਉਬਰ ਸਮਗਲਿੰਗ ਰਿੰਗ ਦਾ ਨਾਮ ਦਿੱਤਾ ਗਿਆ ਹੈ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਫੈਡਰਲ ਜਾਂਚਕਰਤਾਵਾਂ ਨੂੰ ਸਿਰਫ਼ ਇੱਕ ਖਾਤੇ ਤੋਂ ਹੀ 90 ਤੋਂ ਵੱਧ ਉਬਰ ਟ੍ਰਿਪਸ ਦੇ ਸਬੂਤ ਮਿਲੇ ਹਨ ਤੇ ਇਸ ਦੇ ਤਾਰ ਕੈਲੀਫੋਰਨੀਆ ਦੇ ਵਾਸੀ ਰਜਿੰਦਰਪਾਲ ਸਿੰਘ ਨਾਲ ਜੁੜੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਾਂਚਕਰਤਾਵਾਂ ਵਲੋਂ ਕੁੱਲ 17 ਅਕਾਊਂਟ ਟਰੇਸ ਕੀਤੇ ਗਏ।
ਦੱਸ ਦਈਏ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪਰਵਾਸੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹੀ ਸ਼ਾਮਲ ਹਨ। ਬੀਤੇ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਏਜੰਟਾਂ ਅਤੇ ਅਧਿਕਾਰੀਆਂ ਨੇ ਅਮਰੀਕਾ ਦੀ ਉਤਰੀ ਸਰਹੱਦ ‘ਤੇ ਨਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ 1197 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਏਜੰਟ ਡੇਵਿਡ ਏ ਸਪਿਟਜ਼ਰ ਨੇ ਰਜਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਦਾ ਸਮਰਥਨ ਕਰਦਿਆਂ ਅਦਾਲਤ ਵਿੱਚ ਇੱਕ ਹਫ਼ਲਨਾਮਾ ਦਾਇਰ ਕੀਤਾ, ਜਿਸ ਵਿੱਚ ਉਸ ਨੇ ਕਿਹਾ ਕਿ ਕੈਨੇਡਾ ਸਰਹੱਦ ਰਾਹੀਂ ਨਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਚਾਹਵਾਨ ਪਰਵਾਸੀ ਮਨੁੱਖੀ ਤਸਕਰਾਂ ਨੂੰ 30,000 ਤੋਂ 70,000 ਹਜ਼ਾਰ ਡਾਲਰ ਤੱਕ ਦਾ ਭੁਗਤਾਨ ਕਰ ਰਹੇ ਹਨ।
ਇਸ ਤੋਂ ਇਲਾਵਾ ਸਪਿਟਜ਼ਰ ਨੇ ਕਿਹਾ ਕਿ ਜਸਪਾਲ ਗਿੱਲ ਵਜੋਂ ਵੀ ਜਾਣੇ ਜਾਂਦੇ 48 ਸਾਲਾ ਰਜਿੰਦਰਪਾਲ ਸਿੰਘ ਵੱਲੋਂ 2018 ਤੋਂ ਰਾਈਡ-ਹੇਲਿੰਗ ਕੰਪਨੀ ਰਾਹੀਂ 17 ਅਕਾਊਂਟਸ ਚਲਾਏ ਜਾ ਰਹੇ ਸਨ। ਉਹ ਸਰਹੱਦ ਤੋਂ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਲਿਆਉਣ ਲਈ ਉਬਰ ਡਰਾਈਵਰਾਂ ਦਾ ਪ੍ਰਬੰਧ ਕਰਦਾ ਸੀ ਅਤੇ ਫਿਰ ਉਹ ਉਬਰ ਡਰਾਈਵਰ ਇਨ੍ਹਾਂ ਪਰਵਾਸੀਆਂ ਨੂੰ ਸੀਐਟਲ-ਟਕੋਮਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜ੍ਹੇ ਦੇ ਖੇਤਰ ਵਿੱਚ ਛੱਡ ਕੇ ਆਉਂਦੇ ਸਨ, ਜਿੱਥੋਂ ਇਹ ਪਰਵਾਸੀ ਹੋਰ ਉਬਰ ਦੀ ਵਰਤੋਂ ਕਰਦੇ ਸਨ।