ਜਗਤਾਰ ਸਿੰਘ ਸਿੱਧੂ
ਐਡੀਟਰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਬੇਸ਼ੱਕ ਕਾਂਗਰਸ ਪਾਰਟੀ ਵਿਰੋਧੀ ਧਿਰ ਤਾਂ ਬਣ ਗਈ ਹੈ ਪਰ ਪਾਰਟੀ ਦੇ ਆਗੂਆਂ ਅੰਦਰ ਘਬਰਾਹਟ ਅਤੇ ਬੇਚੈਨੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਵੱਲੋਂ ਭਾਜਪਾ ਵਿੱਚ ਜਾਣ ਬਾਅਦ ਪਾਰਟੀ ਅੰਦਰਲੀ ਮਾੜੀ ਸਥਿਤੀ ਤਾਂ ਦਿਖਾਈ ਦੇ ਹੀ ਰਹੀ ਸੀ ਪਰ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਦਰਜ਼ ਹੋਏ ਕੇਸਾਂ ਨਾਲ ਪਾਰਟੀ ਅੰਦਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਕਿਸ ਸਾਬਕਾ ਕੈਬਨਿਟ ਮੰਤਰੀ ਦੀ ਵਾਰੀ ਆ ਸਕਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੀ ਚੋਣਾਂ ਮੌਕੇ ਕੀਤੇ ਵਾਅਦਿਆਂ ਦੇ ਮੁੱਦੇ ’ਤੇ ਬੁਰੀ ਤਰ੍ਹਾਂ ਘਿਰੀ ਹੋਈ ਨਜ਼ਰ ਆ ਰਹੀ ਹੈ ਪਰ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਆਪ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਉੱਪਰ ਪੂਰੀ ਤਰ੍ਹਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਆਪ’ ਦੇ ਆਗੂਆਂ ਵੱਲੋਂ ਮੀਡੀਆ ਵਿੱਚ ਲਗਾਤਾਰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਦਾ ਨਤੀਜਾ ਇਹ ਵੀ ਸਾਹਮਣੇ ਆਇਆ ਹੈ ਕਿ ਭਾਜਪਾ ਵਿੱਚ ਜਾਣ ਵਾਲੇ ਕਈ ਸਾਬਕਾ ਕੈਬਨਿਟ ਮੰਤਰੀਆਂ ਨੂੰ ਆਪਣੀਆਂ ਫਾਈਲਾਂ ਖੁੱਲਣ ਦਾ ਪੂਰਾ ਖਦਸ਼ਾ ਹੈ। ਇਹ ਵੱਖਰੀ ਗੱਲ ਹੈ ਕਿ ਭਾਜਪਾ ਦੀ ਛਤਰੀ ਹੇਠ ਇਹਨਾਂ ਆਗੂਆਂ ਦਾ ਬਚਾ ਹੋਵੇਗਾ ਜਾਂ ਨਹੀਂ ਪਰ ਉਹਨਾਂ ਨੇ ਕੇਂਦਰ ਦੀ ਮਜ਼ਬੂਤ ਧਿਰ ਦੀ ਝੋਲੀ ਵਿੱਚ ਬੈਠ ਕੇ ਆਪਣੇ ਆਪ ਨੂੰ ਸੁਰੱਖਿਅਤ ਜ਼ਰੂਰ ਮਹਿਸੂਸ ਕੀਤਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ, ਉਸ ਦਾ ਮਕਸਦ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸਰਕਾਰੀ ਹਮਲਿਆਂ ਵਿਰੁੱਧ ਇੱਕਠਾ ਰੱਖਣਾ ਸੀ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਕਈ ਸਾਬਕਾ ਕੈਬਨਿਟ ਮੰਤਰੀਆਂ ਉੱਤੇ ਵੱਖ-ਵੱਖ ਦੋਸ਼ਾਂ ਨੂੰ ਲੈ ਕੇ ਸ਼ਿਕੰਜਾ ਕੱਸੇ ਜਾਣ ਦੀ ਚਰਚਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁੱਝ ਸਾਬਕਾ ਮੰਤਰੀਆਂ ਦੀਆਂ ਫਾਈਲਾਂ ਦੀ ਫਰੋਲਾ-ਫਰਾਲੀ ਕੀਤੀ ਜਾ ਰਹੀ ਹੈ। ਇਹ ਸਾਰਾ ਕੁੱਝ ਉਸ ਵੇਲੇ ਕੀਤਾ ਜਾ ਰਿਹਾ ਹੈ ਜਦੋਂ ਕਿ ਸੰਗਰੂਰ ਪਾਰਲੀਮੈਂਟ ਦੀ ਚੋਣ ਬਿਲਕੁਲ ਸਿਰ ’ਤੇ ਆ ਪਹੁੰਚੀ ਹੈ। ਕਿਧਰੇ ਕਾਂਗਰਸੀ ਹਲਕਿਆਂ ਵਿੱਚ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਜਿਹੀ ਸਥਿਤੀ ਵਿੱਚ ਸੰਗਰੂਰ ਦੀ ਚੋਣ ਲੜਨੀ ਬੜੀ ਵੱਡੀ ਚੁਣੌਤੀ ਬਣੀ ਹੋਈ ਹੈ। ਪਾਰਟੀ ਦੇ ਕਈ ਚੋਟੀ ਦੇ ਆਗੂਆਂ ਦਾ ਪਿਛਲੇ ਕਈ ਦਿਨਾਂ ਤੋਂ ਕਿਸੇ ਵੀ ਸਰਗਰਮੀ ਵਿੱਚ ਕੋਈ ਜ਼ਿਕਰ ਨਹੀਂ ਹੋ ਰਿਹਾ ਹੈ। ਮਿਸਾਲ ਵਜੋਂ ਇਹਨਾਂ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਂਅ ਸਭ ਤੋਂ ਵਧੇਰੇ ਚਰਚਾ ਵਿੱਚ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰਾਂ ’ਤੇ ਸ਼ਿਕੰਜਾ ਕੱਸਣ ਦੀ ਤਾਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਚੋਣਾਂ ਸਮੇਂ ਕੀਤੇ ਵਾਅਦੇ ਇਹਨਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਜੇਕਰ ਸਧਾਰਨ ਵਿਅਕਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਰੇਤਾ ਅਤੇ ਬਜਰੀ ਉਸ ਨੂੰ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਹਿੰਗੇ ਭਾਅ ਮਿਲ ਰਹੇ ਹਨ। ‘ਆਪ’ ਨੇ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਸੀ ਕਿ ਰੇਤ ਅਤੇ ਬਜਰੀ ਸਸਤੀਆਂ ਦਰਾਂ ਤੇ ਮਿਲਣ ਲੱਗਣਗੇ। ਹਾਲਤ ਇਹ ਬਣੀ ਹੋਈ ਹੈ ਇਸ ਵੇਲੇ ਦੀ ਰੇਤ ਮਾਫੀਆਂ ਦਾ ਪੂਰੀ ਤਰ੍ਹਾਂ ਦਬਦਬਾਅ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇੱਕ ਤਾਜ਼ਾ ਬਿਆਨ ਵਿੱਚ ਕਿਹਾ ਹੈ ਅਗਲੇ ਦਿਨਾਂ ਵਿੱਚ ਉਹਨਾਂ ਰਸੂਖਵਾਨ ਵਿਅਕਤੀਆਂ ਦੇ ਨਾਂਅ ਦੱਸੇ ਜਾਣਗੇ ਕਿ ਕਿਹੜੇ ਲੋਕਾਂ ਨੇ ਸਰਕਾਰੀ ਅਤੇ ਸ਼ਾਮਲਾਟ ਦੀਆਂ ਜ਼ਾਇਦਾਦਾਂ ’ਤੇ ਕਬਜ਼ਾ ਕੀਤਾ ਹੋਇਆ ਹੈ। ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਤਾਂ ਸਮਝ ਆਉਂਦੀ ਹੈ ਪਰ ਪੰਜਾਬੀ ਇਹ ਵੀ ਪੁੱਛ ਰਹੇ ਹਨ ਕਿ ਕੇਜਰੀਵਾਲ ਸਾਹਿਬ ਅਤੇ ਮਾਨ ਸਾਬ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਕਦੋਂ ਤੱਕ ਪੂਰਾ ਕੀਤਾ ਜਾਵੇਗਾ?
ਸਪੰਰਕ ਨੰਬਰ:-9814002186