ਨਿਊਯਾਰਕ- ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਨਵੇਂ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਜੋ ਹੁਣ ਸੂਬੇ ਵਿੱਚ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਅਰਧ-ਆਟੋਮੈਟਿਕ ਰਾਈਫਲਾਂ ਖਰੀਦਣ ਦੀ ਇਜਾਜ਼ਤ ਨਹੀਂ ਦੇਵੇਗਾ। ਨਿਊਯਾਰਕ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇੰਨਾ ਵੱਡਾ ਕਦਮ ਚੁੱਕਿਆ ਹੈ। ਹੋਚੁਲ ਨੇ ਜਨਤਕ ਸੁਰੱਖਿਆ-ਸਬੰਧਤ 10 ਬਿੱਲਾਂ ‘ਤੇ ਦਸਤਖਤ ਕੀਤੇ, ਜਿਨ੍ਹਾਂ ਵਿੱਚੋਂ ਇੱਕ ਦੇ ਤਹਿਤ ਨਵੇਂ ਹਥਿਆਰਾਂ ‘ਤੇ ‘ਮਾਈਕ੍ਰੋਸਟੈਂਪਿੰਗ’ ਦੀ ਲੋੜ ਹੋਵੇਗੀ।
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਬੰਦੂਕ ਅਪਰਾਧਾਂ ਵਿੱਚ ਕਮੀ ਆਵੇਗੀ। ਇੱਕ ਹੋਰ ਸੋਧੇ ਹੋਏ ਕਾਨੂੰਨ ਦੇ ਤਹਿਤ, ਅਦਾਲਤ ਨੂੰ ਅਸਥਾਈ ਤੌਰ ‘ਤੇ ਬੰਦੂਕਾਂ ਨੂੰ ਅਜਿਹੇ ਵਿਅਕਤੀਆਂ ਤੋਂ ਆਪਣੇ ਕਬਜ਼ੇ ਵਿੱਚ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ ਜੋ ਆਪਣੇ ਜਾਂ ਦੂਜਿਆਂ ਲਈ ਖ਼ਤਰਾ ਹੋ ਸਕਦੇ ਹਨ। ਹੋਚੁਲ ਨੇ ਬ੍ਰੌਂਕਸ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਨਿਊਯਾਰਕ ‘ਚ ਅਸੀਂ ਸਖ਼ਤ ਕਦਮ ਚੁੱਕ ਰਹੇ ਹਾਂ। ਅਸੀਂ ਕਾਨੂੰਨਾਂ ਨੂੰ ਸਖ਼ਤ ਕਰ ਰਹੇ ਹਾਂ ਤਾਂ ਜੋ ਬੰਦੂਕਾਂ ਨੂੰ ਖ਼ਤਰਨਾਕ ਲੋਕਾਂ ਤੋਂ ਦੂਰ ਰੱਖਿਆ ਜਾ ਸਕੇ।
ਨਿਊਯਾਰਕ ਦੀ ਵਿਧਾਨ ਸਭਾ ਨੇ ਪਿਛਲੇ ਹਫਤੇ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਸੀ। ਦੱਸ ਦੇਈਏ ਕਿ ਬਫੇਲੋ ਸੁਪਰਮਾਰਕੀਟ ਵਿੱਚ 14 ਮਈ ਨੂੰ ਇੱਕ ਨਸਲਵਾਦੀ ਹਮਲੇ ਵਿੱਚ 10 ਕਾਲੇ ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਇਸ ਘਟਨਾ ਦੇ 10 ਦਿਨ ਬਾਅਦ 24 ਮਈ ਨੂੰ ਟੈਕਸਾਸ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 19 ਬੱਚੇ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਮਰੀਕੀ ਸ਼ਹਿਰ ਫਿਲਾਡੇਲਫੀਆ ‘ਚ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਇਸ ਗੋਲੀਬਾਰੀ ਵਿੱਚ ਦੋ ਮਰਦ ਅਤੇ ਇੱਕ ਔਰਤ ਮਾਰੇ ਗਏ ਸਨ ਜਿਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ ਸਨ। ਪੀੜਤਾਂ ਅਤੇ ਜ਼ਖਮੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਗੈਰ-ਲਾਭਕਾਰੀ ਸੰਗਠਨ ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ, ਇਸ ਸਾਲ ਹੁਣ ਤੱਕ, ਯੂਐਸ ਵਿੱਚ ਘੱਟੋ ਘੱਟ 233 ਸਮੂਹਿਕ ਗੋਲੀਬਾਰੀ ਦੇਖੀ ਹੈ, ਜਿਸ ਵਿੱਚ ਬੰਦੂਕ ਹਿੰਸਾ ਕਾਰਨ 18,000 ਤੋਂ ਵੱਧ ਮੌਤਾਂ ਹੋਈਆਂ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.