Breaking News

ਕੈਪਟਨ ਦੀ ਕਲੀਨ ਚਿਟ ਵਾਲਾ ਧਰਮਸੋਤ ਮਾਨ ਦੇ ਸਿਕੰਜੇ ‘ਚ

ਜਗਤਾਰ ਸਿੰਘ ਸਿੱਧੂ

ਐਡੀਟਰ;

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਦੋ ਓਐੱਸਡੀਜ਼ ਵਿਰੁੱਧ ਵਿਜੀਲੈਂਸ ਵਲੋਂ ਜੰਗਲਾਤ ਵਿਭਾਗ ‘ਚ ਜੰਗਲਾਂ ਦੀ ਕਟਾਈ ਅਤੇ ਨਵੇਂ ਪੌਦਿਆਂ ਦੀ ਲਵਾਈ ਨੂੰ ਲੈ ਕੇ ਹੋਏ ਸਕੈਂਡਲ ਦੇ ਮੁੱਦੇ ‘ਤੇ ਕੇਸ ਦਰਜ ਕਰਕੇ ਕੀਤੀ ਜਾ ਰਹੀ ਪੁੱਛਗਿੱਛ ਨਾਲ ਕਈ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ। ਪੰਜਾਬ ‘ਚ ਬੇਸ਼ੱਕ ਕੁਝ ਦਿਨ ਪਹਿਲਾਂ ਹੀ ਆਪ ਸਰਕਾਰ ਦੇ ਹੀ ਸਾਬਕਾ ਕੈਬਨਿਟ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਕੇਸ ਦਰਜ ਹੋਇਆ ਸੀ ਅਤੇ ਉਸਨੂੰ ਵੀ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਪਰ ਧਰਮਸੋਤ ਵਿਰੁੱਧ ਕਾਰਵਾਈ ਨੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਤਿੰਨ ਮਹੀਨੇ ਕੈਬਨਿਟ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਖਿਲਾਫ ਵੀ ਜੰਗਲਾਤ ਸਕੈਂਡਲ ਦੇ ਮੁੱਦੇ ਨੂੰ ਲੈ ਕੇ ਐਫ.ਆਈ.ਆਰ ਦਰਜ ਹੋਈ ਹੈ। ਇਸ ਕਾਰਵਾਈ ਨਾਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ‘ਚ ਭਰੋਸੇਯੋਗਤਾ ਦੇ ਮਹੌਲ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ। ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਦੇ 4 ਸਾਬਕਾ ਕੈਬਨਿਟ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ‘ਚ ਸ਼ਾਮਲ ਹੋਏ ਹਨ, ਉਸ ਨਾਲ ਪਹਿਲਾਂ ਹੀ ਪੰਜਾਬ ਕਾਂਗਰਸ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਆਏ ਦਿਨ ਇਹ ਖਬਰਾਂ ਆ ਰਹੀਆਂ ਹਨ ਕਿ ਕੁਝ ਹੋਰ ਸਾਬਕਾ ਕੈਬਨਿਟ ਮੰਤਰੀ ਜਾਂ ਕਾਂਗਰਸ ਦੇ ਨੇਤਾ ਭਾਜਪਾ ‘ਚ ਜਾ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਸੋਤ ਤੋਂ ਇਲਾਵਾ ਕਈ ਹੋਰ ਸਾਬਕਾ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਕੇਸ ਵੀ ਖੁੱਲ੍ਹ ਸਕਦੇ ਹਨ। ਅਜਿਹੀ ਸਥਿਤੀ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਨੇਤਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂ ਜੋ ਕਾਂਗਰਸ ਪਾਰਟੀ ਦੀ ਲੀਡਰਸ਼ਿਪ ‘ਚ ਪਏ ਕਲੇਸ਼ ਕਾਰਨ ਅਜਿਹੇ ਆਗੂਆਂ ਨੂੰ ਕਾਂਗਰਸ ‘ਚ ਰਹਿ ਕੇ ਆਪਣੇ ਵਿਰੁੱਧ ਕੇਸਾਂ ਦਾ ਟਾਕਰਾ ਕਰਨਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਕਿਸ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੁੰਦੇ ਹਨ ਜਾਂ ਨਹੀਂ, ਪਰ ਇਹ ਗੱਲ ਸਾਫ ਹੈ ਕਿ ਭਾਜਪਾ ‘ਚ ਜਾਣ ਤੋਂ ਬਾਅਦ ਸਾਰਿਆਂ ਦੇ ਦਾਗ ਧੋਤੇ ਜਾਂਦੇ ਹਨ। ਇਹ ਵੀ ਸਹੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਤੱਕ ਕਈ ਕਾਂਗਰਸੀ ਆਗੂ ਨਤੀਜਿਆਂ ਦੀ ਉਡੀਕ ਕਰ ਰਹੇ ਸਨ। ਚੋਣਾਂ ‘ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਇਨ੍ਹਾਂ ਨੂੰ ਆਪਣਾ ਰਾਜਸੀ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆਉਂਦਾ।

ਜੇਕਰ ਗੱਲ ਸਾਬਕਾ ਮੰਤਰੀ ਧਰਮਸੋਤ ਦੀ ਕੀਤੀ ਜਾਵੇ ਤਾਂ  ਵਿਜੀਲੈਂਸ ਨੇ ਜਿਹੜੇ ਮੂਹਰਲੇ ਤੱਥ ਮੀਡੀਆ ਲਈ ਜਾਰੀ ਕੀਤੇ ਹਨ, ਹੈਰਾਨੀਜਨਕ ਹਨ। ਸਾਬਕਾ ਮੰਤਰੀ ‘ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਕੀਮਤੀ ਖੈਰ ਦੀ ਲਕੜ ਦੇ ਦਰੱਖਤ ਗੈਰਕਾਨੂੰਨੀ ਤੌਰ ‘ਤੇ ਠੇਕੇਦਾਰਾਂ ਦੀ ਭਾਈਵਾਲੀ ਨਾਲ ਕਟਵਾ ਦਿੱਤੇ। ਕਿਹਾ ਜਾਂਦਾ ਹੈ ਕਿ ਇੱਕ ਦਰੱਖਤ ਬਦਲੇ ਮੰਤਰੀ ਨੂੰ 500 ਰੁਪਏ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਵੱਡੀ ਪੱਧਰ ‘ਤੇ  ਸਕੈਂਡਲ ਵਾਪਰ ਗਿਆ। ਕੇਵਲ ਐਨਾ ਹੀ ਨਹੀਂ ਸਗੋਂ ਨਵੇਂ ਪੌਦੇ ਲਗਾਉਣ ਲਈ ਵੀ ਮੰਤਰੀ ਨੂੰ ਹਿੱਸਾਪੱਤੀ ਮਿਲਦੀ ਸੀ। ਸਾਬਕਾ ਮੰਤਰੀ ਦੇ ਜਿਹੜੇ ਦੋ ਓਐਸਡੀਜ਼ ਵਿਰੁੱਧ ਕਾਰਵਾਈ ਕੀਤੀ ਗਈ ਹੈ, ਕਿਹਾ ਜਾਂਦਾ ਹੈ ਕਿ ਹਿੱਸਾਪੱਤੀ ਦਾ ਲੈਣਦੇਣ ਉਨ੍ਹਾਂ ਵਲੋਂ ਕੀਤਾ ਜਾਂਦਾ ਸੀ। ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਧਰਮਸੋਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਸਨ। ਕੈਪਟਨ ਵਲੋਂ ਲੱਗੇ ਦੋਸ਼ਾਂ ਦੀ ਜਾਂਚ ਕਰਕੇ ਧਰਮਸੋਤ ਨੂੰ ਕਲੀਨ ਚਿਟ ਕਿਵੇਂ ਦੇ ਦਿੱਤੀ ਗਈ? ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸ ਨੈਤਿਕ ਆਧਾਰ ‘ਤੇ ਆਏ ਦਿਨ ਆਖ ਰਹੇ ਹਨ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਮੰਤਰੀਆਂ ਦੀ ਫਾਈਲ ਉਨ੍ਹਾਂ ਕੋਲ ਹੈ? ਜੇ ਐਨੀ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਕੈਬਨਿਟ ‘ਚ ਫੈਲ ਚੁੱਕਿਆ ਸੀ ਤਾਂ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਵੀ ਲਾਜ਼ਮੀ ਤੌਰ ‘ਤੇ ਪੰਜਾਬ ਅੱਗੇ ਜਵਾਬਦੇਹ ਹਨ। ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਮਾਨ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਬਦਲੇ ਦੀ ਭਾਵਨਾ ਨਾਲ ਕਾਰਵਾਈ ਤਾਂ ਨਹੀਂ ਹੋਣੀ ਚਾਹੀਦੀ ਪਰ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਜੇਕਰ ਤੱਥਾਂ ਦੇ ਆਧਾਰ ‘ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ ਮਾਮਲੇ ‘ਚ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬੀਆਂ ਨਾਲ ਵਾਅਦਾ ਕਰ ਕੇ ਆਏ ਹਨ ਤਾਂ ਇਸ ਮੁੱਦੇ ‘ਤੇ ਨਿਸ਼ਚਿਤ ਤੌਰ ’ਤੇ ਉਹ ਪੰਜਾਬੀਆਂ ਅੱਗੇ ਵੀ ਜਵਾਬਦੇਹ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

“ਅਗਨੀਪਥ” ਨੂੰ “ਪਾਇਲਟ ਪ੍ਰੋਜੈਕਟ” ਦੇ ਤਹਿਤ ਪਹਿਲੋਂ ਪਰਖਿਆ ਜਾਵੇ

– ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ  ਅੱਜ ਮੈਂ ਇੱਕ ਮਹੱਤਵਪੂਰਣ ਰਾਸ਼ਟਰੀ ਹਿੱਤ ਦੇ ਮਸਲੇ ਉੱਤੇ ਗੱਲ …

Leave a Reply

Your email address will not be published.

Also plac e the google analytics code first